ਮੁਹਾਲੀ ਵਿੱਚ ਡੇਂਗੂ ਦਾ ਕਹਿਰ ਜਾਰੀ: ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀ ਮਨਰਾਜ ਸਿੰਘ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਮੁਹਾਲੀ ਸ਼ਹਿਰ ਸਮੇਤ ਹਰੇਕ ਪਿੰਡ ਅਤੇ ਛੋਟੇ ਕਸਬਿਆਂ ਵਿੱਚ ਸੈਂਕੜੇ ਲੋਕ ਡੇਂਗੂ ਤੋਂ ਪੀੜਤ ਹਨ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 1750 ਤੋਂ ਵੀ ਟੱਪ ਗਈ ਹੈ। ਜਿਨ੍ਹਾਂ ਇਕੱਲੇ ਮੁਹਾਲੀ ਸ਼ਹਿਰ ਦੇ ਮਰੀਜ਼ਾਂ ਦੀ ਗਿਣਤੀ 750 ਤੋਂ ਵੱਧ ਹਨ। ਪਿਛਲੇ 5 ਦਿਨਾਂ ਵਿੱਚ 269 ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਹਨ।
ਉਧਰ, ਇੱਥੋਂ ਦੇ ਫੇਜ਼-6 ਵਿੱਚ ਸਥਿਤ ਮੈਕਸ ਹਸਪਤਾਲ ਵਿੱਚ ਡੇਂਗੂ ਦੇ ਇੱਕ ਸ਼ੱਕੀ ਮਰੀਜ਼ ਦੀ ਮੌਤ ਗਈ। ਮ੍ਰਿਤਕ ਦੀ ਪਛਾਣ ਮਨਰਾਜ ਸਿੰਘ (13) ਪੁੱਤਰ ਦੀਦਾਰ ਸਿੰਘ ਉਰਫ਼ ਦਾਰਾ ਪਹਿਲਵਾਨ ਵਾਸੀ ਪਿੰਡ ਕੁੰਭੜਾ ਵਜੋਂ ਹੋਈ ਹੈ। ਉਹ ਸਥਾਨਕ ਦੂਨ ਇੰਟਰਨੈਸ਼ਨਲ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਵਿਦਿਆਰਥੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਮੁੱਚੇ ਪਿੰਡ ਵਿੱਚ ਅਤੇ ਸਕੂਲ ਵਿੱਚ ਸੋਗ ਫੈਲ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਤੇਜ਼ ਬੁਖ਼ਾਰ ਅਤੇ ਪੇਟ ਦਰਦ ਤੋਂ ਪੀੜਤ ਸੀ। ਮ੍ਰਿਤਕ ਵਿਦਿਆਰਥੀ ਦੇ ਚਾਚਾ ਅਤੇ ਅਕਾਲੀ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਪਹਿਲਵਾਨ ਨੇ ਦੱਸਿਆ ਕਿ ਬੀਤੀ 27 ਅਕਤੂਬਰ ਨੂੰ ਮਨਰਾਜ ਨੂੰ ਤੇਜ ਬੁਖ਼ਾਰ ਹੋਣ ਕਾਰਨ ਸੈਕਟਰ-16, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਇਲਾਜ ਕਰਵਾਇਆ ਸੀ। ਡਾਕਟਰ ਨੇ ਦਵਾਈ ਦੇਣ ਤੋਂ ਬਾਅਦ ਵਿਦਿਆਰਥੀ ਨੂੰ ਘਰ ਭੇਜ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਰਤਦਿਆਂ ਬੱਚੇ ਦੇ ਰੋਜ਼ਾਨਾ ਪਲੇਟਲੈਟ ਚੈੱਕ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ।
ਕੌਂਸਲਰ ਬਿੰਦਰਾ ਨੇ ਦੱਸਿਆ ਕਿ ਦੂਜੇ ਦਿਨ 28 ਅਕਤੂਬਰ ਨੂੰ ਉਸ ਦੇ ਭਤੀਜੇ ਦੇ ਪਲੇਟਲੈਟ ਘੱਟ ਗਏ ਅਤੇ 29 ਅਕਤੂਬਰ ਨੂੰ ਅਚਾਨਕ ਪੇਟ ਵਿੱਚ ਦਰਦ ਹੋਣ ਕਾਰਨ ਉਲਟੀਆਂ ਲੱਗ ਗਈਆਂ। ਜਿਸ ਕਾਰਨ ਪਰਿਵਾਰ ਵਾਲੇ ਕਾਫੀ ਘਬਰਾ ਗਏ ਅਤੇ ਮਨਰਾਜ ਨੂੰ ਤੁਰੰਤ ਇੱਥੋਂ ਦੇ ਫੇਜ਼-8 ਸਥਿਤ ਫੋਰਟਿਸ ਹਸਪਤਾਲ ਵਿੱਚ ਲਿਜਾਇਆ ਗਿਆ। ਫੋਰਟਿਸ ਦੇ ਡਾਕਟਰਾਂ ਨੇ ਦੋ ਘੰਟੇ ਆਪਣੀ ਨਿਗਰਾਨੀ ਵਿੱਚ ਰੱਖਣ ਤੋਂ ਬਾਅਦ ਮਨਰਾਜ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ। ਲੇਕਿਨ ਬੀਤੇ ਦਿਨੀਂ ਅਚਾਨਕ ਵਿਦਿਆਰਥੀ ਦੀ ਹਾਲਤ ਵਿਗੜ ਗਈ ਅਤੇ ਉਹ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਕਰੀਬ ਡੇਢ ਘੰਟੇ ਬਾਅਦ ਦੱਸਿਆ ਕਿ ਵਿਦਿਆਰਥੀ ਦਾ ਬੀਪੀ ਕਾਫੀ ਡਾਊਨ ਹੈ ਅਤੇ ਇੰਨਫੈਕਸ਼ਨ ਵੀ ਕਾਫੀ ਹੈ। ਕੌਂਸਲਰ ਬਿੰਦਰਾ ਦੇ ਦੱਸਣ ਅਨੁਸਾਰ ਫੋਰਟਿਸ ਹਸਪਤਾਲ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਐਮਰਜੈਂਸੀ ਵਾਰਡ ਵਿੱਚ ਕੋਈ ਬੈੱਡ ਵਿਹਲਾ ਨਹੀਂ ਹੈ ਅਤੇ ਉਨ੍ਹਾਂ ਨੇ ਮਨਰਾਜ ਨੂੰ ਮੈਕਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ।
ਕੌਂਸਲਰ ਸ੍ਰੀ ਬਿੰਦਰਾ ਨੇ ਦੱਸਿਆ ਕਿ ਰਸ਼ਤੇ ਵਿੱਚ ਮਨਰਾਜ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ। ਜਦੋਂ ਉਹ ਮੈਕਸ ਹਸਪਤਾਲ ਵਿੱਚ ਪੁੱਜੇ ਤਾਂ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਕਾਫੀ ਗੰਭੀਰ ਹੈ ਪਰ ਉਹ ਆਪਣੀ ਪੂਰੀ ਵਾਹ ਲਾਉਣਗੇ। ਸ੍ਰੀ ਬਿੰਦਰਾ ਨੇ ਦੱਸਿਆ ਕਿ ਮਨਰਾਜ ਦੇ ਪਹਿਲਾਂ ਹੀ ਪਲੇਟਲੈਟ ਕਾਫੀ ਘੱਟ ਸੀ ਅਤੇ ਇਸ ਦੌਰਾਨ ਉਸ ਦੇ ਪੇਟ ਵਿੱਚ ਅਪੈਂਡਿਸ ਦੀ ਨਾੜੀ ਫੜ ਗਈ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਉਸ ਦੀ ਮੌਤ ਹੋ ਗਈ। ਉਧਰ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਮਨਰਾਜ ਸਿੰਘ ਦੀ ਮੌਤ ਸ਼ੱਕੀ ਡੇਂਗੂ ਦੇ ਮਰੀਜ਼ ਨਾਲ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਹੀ ਸਿਹਤ ਵਿਭਾਗ ਨੂੰ ਕੋਈ ਰਿਪੇਰਟ ਭੇਜੀ ਗਈ ਹੈ। ਲੇਕਿਨ ਹੁਣ ਉਹ ਇਸ ਗੱਲ ਦਾ ਪਤਾ ਲਗਾਉਣਗੇ ਕਿ ਬੱਚੇ ਦੀ ਮੌਤ ਕਿਵੇਂ ਹੋਈ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …