nabaz-e-punjab.com

ਸਿੱਖਿਆ ਬੋਰਡ ਆਫ਼ ਡਾਇਰੈਕਟਰਜ਼ ਦੇ ਜਾਅਲੀ ਦਸਖ਼ਤ ਕਰਨ ਦੇ ਮਾਮਲੇ ਜਾਂਚ ਸਾਬਕਾ ਸੈਸ਼ਨ ਜੱਜ ਦੇ ਹਵਾਲੇ ਕੀਤੀ

ਫੇਜ਼-8 ਥਾਣੇ ਵਿੱਚ ਨਵੰਬਰ 2013 ਨੂੰ ਕੀਤਾ ਦਰਜ ਕੀਤਾ ਗਿਆ ਸੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ, ਪੁਲੀਸ ਦੀ ਜਾਂਚ ਵੀ ਢਿੱਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਜਿਨ੍ਹਾਂ ਕੋਲ ਸਕੱਤਰ ਦੇ ਅਹੁਦੇ ਦਾ ਵੀ ਵਾਧੂ ਚਾਰਜ ਹੈ ਦੀਆਂ ਮੁਸ਼ਕਲਾਂ ਵਿੱਚ ਵਧ ਗਈਆਂ ਹਨ। ਸਿੱਖਿਆ ਬੋਰਡ ਦੇ ਚੇਅਰਮੈਨ ਕਮ ਸਿੱਖਿਆ ਵਿਭਾਗ ਸਕੱਤਰ ਦੇ ਹੁਕਮਾਂ ਅਨੁਸਾਰ ਬੋਰਡ ਆਫ਼ ਡਾਇਰੈਕਟਰਜ਼ ਦੇ ਮੀਟਿੰਗਾਂ ਵਿੱਚ ਗ਼ੈਰ ਹਾਜ਼ਰ ਮੈਂਬਰਾਂ ਦੇ ਜਾਅਲੀ ਦਸਖ਼ਤ ਕਰਕੇ ਸਰਕਾਰੀ ਅਸਾਮੀ ਦਾ ਲਾਭ ਲੈਣ ਦੇ ਮਾਮਲੇ ਨੂੰ ਗੰਭੀਰਤਾ ਲੈਂਦਿਆਂ ਬੋਰਡ ਨੇ ਸਾਬਕਾ ਅਡੀਸ਼ਨਲ ਸੈਸ਼ਨ ਜੱਜ ਸ੍ਰੀ ਬੀ.ਸੀ. ਗੁਪਤਾ ਨੂੰ ਮਾਮਲੇ ਦੀ ਪੜਤਾਲ ਸੌਂਪੀ ਗਈ ਹੈ।
ਸਿੱਖਿਆ ਬੋਰਡ ਦੇ ਅਮਲਾ ਸ਼ਾਖਾ ਵੱਲੋਂ ਮਾਮਲੇ ਦੀ ਪੜਤਾਲ ਸਬੰਧੀ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਜਨਕ ਰਾਜ ਮਹਿਰੋਕ ਦੀ ਸਕੂਲ ਬੋਰਡ ਵਿੱਚ ਸਾਲ 2008 ਵਿੱਚ ਬਤੌਰ ਉਪ-ਸਕੱਤਰ ਹੋਈ ਭਰਤੀ ਸਮੇਂ ਨਿਯੁਕਤੀ ਦੀ ਯੋਗਤਾ ਨਰਮ ਕਰਨ, ਸਕਰੀਨਿੰਗ ਕਮੇਟੀ ਅਤੇ ਅਸਟੈਬਲਿਸਮੈਂਟ ਕਮੇਟੀ ਦੇ ਰੋਲ ਤੋਂ ਇਲਾਵਾ ਬੋਰਡ ਮੈਂਬਰਾਂ ਦੇ ਮੀਟਿੰਗਜ਼ ਵਿੱਚ ਆਉਣ ਸਮੇਂ ਲਗਵਾਈ ਜਾਂਦੀ ਹਾਜ਼ਰੀ ਨਾਲ ਸਬੰਧਤ ਮੀਟਿੰਗ ਸੈਕਸ਼ਨ ਦੇ ਰਜਿਸਟਰ ਵਿੱਚ ਛੇੜ-ਛਾੜ ਕਰਨ ਸਬੰਧੀ ਮਾਮਲੇ ਸਮੂਹ ਪੱਖਾਂ ਤੋਂ ਪੜਤਾਲ ਕਰਵਾਉਣ ਲਈ ਸ੍ਰੀ ਬੀ.ਸੀ.ਗੁਪਤਾ, ਅਡੈਸੀਨਲ ਡਿਸਟ੍ਰਿਕਟ ਐਂਡ ਸ਼ੈਸਨ ਜੱਜ (ਸੇਵਾ ਨਿਵਰਤ) ਨੂੰ ਨਿਯੁਕਤ ਕੀਤਾ ਜਾਂਦਾ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ੍ਰੀ ਆਈ.ਪੀ.ਸੀ ਮਲਹੋਤਰਾ, ਓਐਸਡੀ ਟੂ ਡੀਜੀਐਸਈ ਇਸ ਕੇਸ ਵਿੱਚ ਪੇਸ਼ੀ ਅਫਸਰ ਹੋਣਗੇ। ਜਿਨ੍ਹਾਂ ਨੂੰ ਦਫ਼ਤਰ ਵੱਲੋਂ ਇਸ ਮਾਮਲੇ ਨਾਲ ਸਬੰਧਤ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਸਿੱਖਿਆ ਬੋਰਡ ਦੇ ਸੇਵਾਮੁਕਤ ਉਪ ਸਕੱਤਰ ਓਮ ਪ੍ਰਕਾਸ਼ ਸੋੋਨੀ ਵੱਲੋਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੋਰਡ ਦੀ ਵਿਨਿਯਮ ਕਮੇਟੀ ਦੀ ਮੀਟਿੰਗ ਮਿਤੀ 3-ਦਸੰਬਰ 2007, 20 ਮਾਰਚ 2008, 13-ਮਈ-2008 ਅਤੇ 6-ਅਗਸਤ -2008 ਦੀ ਮੀਟਿੰਗਾਂ ਵਿੱਚ ਜੋ ਮੈਂਬਰ ਗ਼ੈਰ ਹਾਜ਼ਰ ਸਨ ਉਨ੍ਹਾਂ ਦਾ ਜਾਅਲੀ ਹਸ਼ਤਾਖਸਰ ਕਰਕੇ ਕੋਰਮ ਪੁਰਾ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਦਫ਼ਤਰ ਵੱਲੋਂ ਉਪ ਸਕੱਤਰ ਦੀ ਅਸਾਮੀ ਲਈ ਅਪਣੇ ਕਿਸੇ ਖਾਸ ਚਹੇਤੇ ਵਿਆਕਤੀ ਨੂੰ ਯੋਗ ਬਣਾਉਣ ਲਈ ਨਿਯਮਾਂ ਵਿੱਚ ਸੋਧ ਕੀਤੀ ਗਈ ਸੀ। ਬਾਅਦ ਵਿੱਚ ਇਸ ਮੀਟਿੰਗ ਦੀ ਕਾਰਵਾਈ ਨੂੰ ਸਹੀ ਬਣਾਉਣ ਲਈ ਬੋਰਡ ਆਫ਼ ਡਾਇਰੈਕਟਰ ਦੇ ਜਾਅਲੀ ਹਸਤਸਖਾਰ ਕਰਵਾਏ ਗਏ ਸਨ। ਸ੍ਰੀ ਸੋਨੀ ਦੀ ਸ਼ਿਕਾਇਤ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ, ਆਈ.ਏ.ਐਸ. ਵਲੋਂ ਇਸ ਦੀ ਪੜਤਾਲ ਕੀਤੀ ਗਈ।
ਪੜਤਾਲ ਦੌਰਾਨ ਇਹ ਗੱਲ ਸਾਬਤ ਹੋਈ ਕਿ ਸ੍ਰੀ ਮਹਿਰੋਕ ਨੇ ਆਪਣੀ ਨਿਯੁਕਤੀ ਤੋ’ਂ ਬਾਅਦ ਆਪਣੀ ਆਸਾਮੀ ਵਿੱਚ ਕੀਤੀਆਂ ਗਈਆਂ ਵਿਦਿਅਕ ਯੋਗਤਾਵਾਂ/ਤਜਰਬੇ ਨੂੰ ਬੋਰਡ ਤੋ’ਂ ਪ੍ਰਵਾਨਗੀ ਨੂੰ ਸਹੀ ਤੇ ਕਾਨੂੰਨੀ ਬਣਾਉਣ ਦੇ ਮਨਸ਼ੇ ਨਾਲ ਵਿਨਿਯਮ ਕਮੇਟੀ ਅਤੇ ਬੋਰਡ ਦੇ ਮੈਂਬਰਾਂ ਦੇ ਜਾਅਲੀ ਹਸਤਾਖਰ ਕਰਕੇ ਕਮੇਟੀ ਦਾ ਕੋਰਮ ਪੁਰਾ ਕੀਤਾ ਹੈ। ਕਿਉਂਕਿ ਕਾਫੀ ਸਮੇਂ ਤੱਕ ਹਾਜ਼ਰੀ ਰਜਿਸਟਰਡ ਉਕਤ ਅਧਿਕਾਰੀ ਦੇ ਕਬਜ਼ੇ ਵਿੱਚ ਹੀ ਰਿਹਾ ਹੈ। ਇਸ ਲਈ ਇਸ ਜੁਰਮ ਦੇ ਤਹਿਤ ਇਸ ਵਿਰੁੱਧ ਕਾਰਵਾਈ ਕਰਨ ਲਈ ਸਿੱਖਿਆ ਵਿਭਾਗ ਨੇ ਬੋਰਡ ਨੂੰ ਪੱਤਰ ਲਿਖ ਕੇ ਕੇਸ ਦਰਜ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਸਿੱਖਿਆ ਬੋਰਡ ਵੱਲੋਂ ਆਪਣੀ ਪੱਧਰ ’ਤੇ ਕੀਤੀ ਗਈ ਪੜਤਾਲ ਅਨੁਸਾਰ ਇਹ ਸਾਬਤ ਨਹੀਂ ਸੀ ਹੋ ਸਕਿਆ ਕਿ ਇਸ ਵਿੱਚ ਜਨਕ ਰਾਜ ਮਹਿਰੋਕ ਦੀ ਸ਼ਮੂਲੀਅਤ ਸਿੱਧ ਹੁੰਦੀ ਹੈ। ਇਸ ਲਈ ਸਿੱਖਿਆ ਬੋਰਡ ਵੱਲੋਂ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਦੀ ਪੜਤਾਲ ਹਾਲੇ ਵੀ ਪੁਲੀਸ ਵਿਭਾਗ ਵਿੱਚ ਲਮਕ ਵਿੱਚ ਪਈ ਹੈ।
(ਬਾਕਸ ਆਈਟਮ)
ਉਧਰ, ਬੋਰਡ ਅਧਿਕਾਰੀ ਜਨਕ ਰਾਜ ਮਹਿਰੋਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਬਿਲਕੁਲ ਸਹੀ ਅਤੇ ਨਿਯਮਾਂ ਮੁਤਾਬਕ ਹੋਈ ਹੈ। ਸਾਲ 2008 ਵਿੱਚ 5 ਅਸਾਮੀਆਂ ਸਹਾਇਕ ਸਕੱਤਰ ਅਤੇ 2 ਡਿਪਟੀ ਸੈਕਟਰੀ ਦੀਆਂ ਅਸਾਮੀਆਂ ਭਰੀਆਂ ਗਈਆਂ ਸਨ। ਸਕਰੀਨਿੰਗ ਕਮੇਟੀ ਤੇ ਐਸਟੈਬਲਿਸ਼ਮੈਂਟ ਕਮੇਟੀ ਨੇ ਹੀ ਬਾਕੀ ਅਸਾਮੀਆਂ ਦੀ ਚੋਣ ਕੀਤੀ ਸੀ। ਉਨ੍ਹਾਂ ਦੀ ਚੋਣ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ ਪ੍ਰੰਤੂ ਸਾਰੀਆਂ ਪਟੀਸ਼ਨਾਂ ਰੱਦ ਹੋ ਗਈਆਂ ਸਨ। ਇਹੀ ਨਹੀਂ ਸਾਬਕਾ ਡੀਜੀਐਸਈ ਕਾਹਨ ਸਿੰਘ ਪੰਨੂ ਨੇ ਵੀ ਮਾਮਲੇ ਦੀ ਜਾਂਚ ਕੀਤੀ ਸੀ। ਜਿਨ੍ਹਾਂ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਰਿਪੋਰਟ ਦਿੱਤੀ ਸੀ। ਉਂਜ ਉਨ੍ਹਾਂ ਕਿਹਾ ਕਿ ਚੇਅਰਮੈਨ ਵੱਲੋਂ ਹੁਣ ਨਵੇਂ ਸਿਰਿਓਂ ਜਾਂਚ ਦੇ ਹੁਕਮ ਜਾਰੀ ਕਰਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
(ਬਾਕਸ ਆਈਟਮ)
ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਂਜ ਪੁਲੀਸ ਨੂੰ ਦੱਸਿਆ ਗਿਆ ਹੈ ਕਿ ਇੱਕ ਅਧਿਕਾਰੀ ਨੇ ਆਪਣੀ ਤਰੱਕੀ ਲਈ ਮੀਟਿੰਗਾਂ ਵਿੱਚ ਗ਼ੈਰ ਹਾਜ਼ਰ ਬੋਰਡ ਮੈਂਬਰਾਂ ਦੇ ਜਾਅਲੀ ਦਸਖਤ ਕਰਕੇ ਕੋਰਮ ਪੁਰਾ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…