ਮੁੱਖ ਮੰਤਰੀ ਵੱਲੋਂ ਪਟਿਆਲਾ ਲਈ ਜਲ ਸਪਲਾਈ ਸਕੀਮ ਸਣੇ 1000 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ

ਪੰਜਾਬ ਵਿੱਚ ਨਿਵੇਸ਼ ਦੇ ਖੇਤਰਾਂ ਦੀ ਸ਼ਨਾਖ਼ਤ ਕਰਨ ਲਈ ਮੁਕੇਸ਼ ਅੰਬਾਨੀ ਵੱਲੋਂ ਕਮੇਟੀ ਦਾ ਗਠਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 3 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਹਿਰ ਅਧਾਰਿਤ ਪੀਣ ਵਾਲੇ ਪਾਣੀ ਦੀ 782 ਕਰੋੜ ਰੁਪਏ ਦੀ ਸਪਲਾਈ ਸਕੀਮ ਸਣੇ ਪਟਿਆਲਾ ਦੇ ਵਿਕਾਸ ਲਈ 1000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਨ ਤੋਂ ਇਲਾਵਾ ਜ਼ਿਲ੍ਹੇ ਵਿੱਚ ਮਨਰੇਗਾ ਦੇ ਹੇਠ 84000 ਨਵੇਂ ਜੋਬ ਕਾਰਡ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਇਕ ਜਨਤਕ ਰੈਲੀ ਵਿੱਚ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਵੇਂ ਜੋਬ ਕਾਰਡਾਂ ਦੇ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਮਨਰੇਗਾ ਦੇ ਹੇਠ ਕਾਰਡਾਂ ਦੀ ਗਿਣਤੀ 1,82,000 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜੇ ਸ਼ੁਰੂਆਤ ਹੀ ਕੀਤੀ ਹੈ ਅਤੇ ਅਗਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਦਾ ਵੱਡੀ ਪੱਧਰ ’ਤੇ ਸਨਅਤੀ ਅਤੇ ਆਰਥਿਕ ਵਿਕਾਸ ਯਕੀਨੀ ਬਣਾਇਆ ਜਾਵੇਗਾ ਭਾਵੇਂ ਕਿ ਉਨ੍ਹਾਂ ਦੀ ਸਰਕਾਰ ਨੂੰ ਪਿਛਲੀ ਸਰਕਾਰ ਤੋਂ ਵਿਰਸੇ ਵਿੱਚ ਵੱਡਾ ਵਿੱਤੀ ਅਤੇ ਮਾਲੀ ਘਾਟਾ ਪ੍ਰਾਪਤ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਨਅਤੀ ਵਿਕਾਸ ’ਤੇ ਪੂਰੀ ਤਰ੍ਹਾਂ ਟੇਕ ਰੱਖੀ ਹੋਈ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਕੁਝ ਉੱਘੇ ਉਦਯੋਗਪਤੀਆਂ ਨੇ ਸੂਬੇ ਵਿੱਚ ਨਿਵੇਸ਼ ਲਈ ਵੱਡੀ ਦਿਲਚਸਪੀ ਦਿਖਾਈ ਹੈ ਜਿਸ ਦੇ ਨਾਲ ਸੂਬੇ ਦੀ ਆਰਥਿਕ ਸੁਰਜੀਤੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁਕੇਸ਼ ਅੰਬਾਨੀ ਅਤੇ ਹਿੰਦੂਜਾ ਵਰਗੇ ਉੱਘੇ ਉਦਯੋਗਪਤੀਆਂ ਨੇ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਪੰਜਾਬ ਵਿੱਚ ਨਿਵੇਸ਼ ਅਤੇ ਸਨਅਤੀ ਵਿਕਾਸ ਦੇ ਖੇਤਰਾਂ ਦੀ ਸ਼ਨਾਖਤ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਬੁੱਧਵਾਰ ਹੀ ਮੁੰਬਈ ਵਿੱਚ ਉੱਘੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਮੁੱਖ ਮੰਤਰੀ ਨੇ ਬਠਿੰਡਾ ਰਿਫਾਇਨਰੀ ਡਾਉਨਸਟਰੀਮ ਕਲੱਸਟਰ ਦੇ ਵਿਕਾਸ ਬਾਰੇ ਵੀ ਯੋਜਨਾ ਤੋਂ ਪਰਦਾ ਉਠਾਇਆ ਅਤੇ ਜਾਪਾਨ ਵੱਲੋਂ ਰਾਜਪੁਰਾ ਵਿੱਖੇ ਟਾਉਨਸ਼ਿੱਪ ਸਥਾਪਿਤ ਕਰਨ ਲਈ ਵਿਖਾਈ ਦਿਲਚਸਪੀ ਦਾ ਵੀ ਜ਼ਿਕਰ ਕੀਤਾ। ਪਿਛਲੇ ਦੋ ਦਿਨਾਂ ਦੌਰਾਨ ਮੁੰਬਈ ਵਿਖੇ ਵੱਖ-ਵੱਖ ਉੱਘੇ ਉਦਯੋਗਪਤੀਆਂ ਨਾਲ ਹੋਈਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੇ ਸਮੁੱਚੇ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਲਈ ਉਦਯੋਗ ਨੂੰ ਬੜ੍ਹਾਵਾ ਦੇਣ ਸਬੰਧੀ ਚੁੱਕੇ ਗਏ ਕਦਮਾਂ ਦਾ ਵੀ ਉਲੇਖ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਪਹਿਲਾਂ ਹੀ ਸਿੱਖਿਆ ਦਾ ਧੁਰਾ ਹੈ ਅਤੇ ਇੱਥੇ ਉੱਘੀਆਂ ਯੂਨੀਵਰਸਿਟੀਆਂ ਹਨ ਜਾਂ ਇਨ੍ਹਾਂ ਦੀ ਸਥਾਪਨਾ ਦਾ ਪ੍ਰਸਤਾਵ ਹੈ ਪਰ ਸਨਅਤੀ ਵਿਕਾਸ ਨਾਲ ਇਸ ਨੂੰ ਹੋਰ ਵੀ ਵੱਡਾ ਲਾਭ ਹੋਵੇਗਾ। ਪਟਿਆਲਾ ਦੇ ਸਮੁੱਚੇ ਵਿਕਾਸ ਸਬੰਧੀ ਪ੍ਰੋਜੈਕਟਾਂ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਬੀ.ਜੇ.ਪੀ. ਸਰਕਾਰ ਨੇ ਵਿਕਾਸ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਨੁਕਰੇ ਲਾਈ ਰੱਖਿਆ। ਪਿਛਲੀ ਸਰਕਾਰ ਨੇ ਪਟਿਆਲਾ ਨਾਲ ਬਦਲੇਖੋਰੀ ਵਾਲਾ ਵਤੀਰਾ ਅਪਣਾਇਆ ਅਤੇ ਪਟਿਆਲਾ ਨੂੰ ਪੂਰੀ ਤਰ੍ਹਾਂ ਅਣਗੌਲੀ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਇਸ ਪਹੁੰਚ ਦੇ ਉਲਟ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਸਾਰੇ ਖੇਤਰਾਂ ਦਾ ਇਕਸਾਰ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਪੀਣ ਵਾਲੇ ਧਰਤੀ ਉਪਰਲੇ ਪਾਣੀ ਸਬੰਧੀ ਪਟਿਆਲਾ ਲਈ ਸਕੀਮ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਬਨੂੜ ਨਹਿਰ ਨੂੰ ਗੈਰ-ਬਾਰਾਂਮਾਸੀ ਤੋਂ ਬਾਰਾਂਮਾਸੀ ਵਿੱਚ ਤਬਦੀਲ ਕਰਨ ਦੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ 38 ਕਰੋੜ ਰੁਪਏ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰੀ ਅਵਾਸ ਯੋਜਨਾ ਦੇ ਹੇਠ ਪੰਜ ਲੱਖ ਰੁਪਏ ਦੀ ਕੀਮਤ ਵਾਲੇ ਬੇਘਰੇ ਲੋਕਾਂ ਵਾਸਤੇ 250 ਘਰਾਂ ਦਾ ਨਿਰਮਾਣ ਕਰਨ ਲਈ 12.50 ਕਰੋੜ ਰੁਪਏ ਦਾ ਵੀ ਐਲਾਨ ਕੀਤਾ।
ਇਹ ਘਰ ਸੂਬਾ ਸਰਕਾਰ ਬੇਘਰੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾ ਰਹੀ ਹੈ ਜਦਕਿ ਆਰਥਿਕ ਤੌਰ ਤੇ ਪਿਛਲੇ ਵਰਗਾਂ ਨੂੰ ਸਬਸਿਡੀ ਵਾਲੇ ਘਰ ਮੁਹੱਈਆ ਕਰਵਾਏ ਜਾ ਰਹੇ ਹਨ। ਐਰੋਨੌਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਨੂੰ ਮੁਕੰਮਲ ਕਰਨ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀ.ਆਈ.ਡੀ.ਬੀ. ਹੇਠ ਚੱਲ ਰਹੇ ਅਤੇ ਲੰਬਿਤ ਪਏ ਵੱਖ-ਵੱਖ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 9.41 ਕਰੋੜ ਰੁਪਏ ਰੱਖੇ ਹੋਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਅਮ੍ਰਿਤ ਸਕੀਮ ਹੇਠ ਜਲ ਸਪਲਾਈ ਸਕੀਮ ਨੂੰ ਮਜ਼ਬੂਤ ਬਣਾਉਣ ਲਈ 24 ਕਰੋੜ ਰੁਪਏ ਅਤੇ ਸੀਵਰੇਜ ਲਈ 35 ਕਰੋੜ ਰੁਪਏ ਦਾ ਵੀ ਐਲਾਨ ਕੀਤਾ ਜਦਕਿ ਪਟਿਆਲਾ ਦੇ ਵਿਕਾਸ ਲਈ ਪੀ.ਆਈ.ਡੀ.ਬੀ. ਵੱਲੋਂ ਚਲਾਏ ਜਾਣ ਵਾਲੇ ਨਵੇਂ ਕੰਮਾਂ ਲਈ 100 ਕਰੋੜ ਰੁਪਏ ਖਰਚੇ ਜਾਣਗੇ।
ਮੁੱਖ ਮੰਤਰੀ ਨੇ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਅਤੇ ਪਾਰਕਾਂ ਲਈ ਵੀ ਕਈ ਪ੍ਰੋਜੈਕਟਾਂ ਦਾ ਐਲਾਨ ਕੀਤਾ। ਸ਼ਹਿਰ ਵਿੱਚ ਭੂਮੀਗੱਤ ਕੁੜਾ-ਕਰਕਟ ਸੰਭਾਲਣ, ਐਲ.ਈ.ਡੀ. ਲਾਈਟਾਂ, ਜਨਤਕ ਪਖਾਣਿਆਂ, ਨਵੇਂ ਟਿਊਬਵੈਲਾਂ, ਪਾਰਕਿੰਗ ਥਾਵਾਂ ਅਤੇ ਧਰਮਸ਼ਾਲਾਵਾਂ ਆਦਿ ਦਾ ਵਿਕਾਸ ਪੀ.ਆਈ.ਡੀ.ਬੀ. ਵੱਲੋਂ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਪੱਧਰ ਵੀ ਇਸ ਵੱਲੋਂ ਹੀ ਉੱਚਾ ਕੀਤਾ ਜਾਵੇਗਾ। ਬੱਚਦੇ ਫੰਡ ਫੋਕਲ ਪੁਆਇੰਟ, ਮੁੱਖ ਸੀਵਰੇਜ ਲਾਈਨਾਂ ’ਚੋਂ ਗਾਰ ਕੱਢਣ, ਸਾਫ-ਸਫਾਈ ਦੀ ਮਸ਼ੀਨਰੀ, ਛੋਟੀ ਨਦੀ ਦੇ ਸੁੰਦਰੀਕਰਨ ਅਤੇ ਇਸ ਦੇ ਕਿਨਾਰੇ ਮਜ਼ਬੂਤਕਰਨ ਅਤੇ ਹੋਰਨਾਂ ਕਾਰਜਾਂ ਵਾਸਤੇ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਟਿਆਲਾ ਵਿਖੇ ਵੱਖ-ਵੱਖ ਹੋਰ ਵਿਕਾਸ ਲਈ ਵੱਖ-ਵੱਖ ਪਹਿਲਕਦਮੀਆਂ ਪਹਿਲਾਂ ਹੀ ਸ਼ੁਰੂ ਕੀਤੀਆਂ ਗਈਆਂ ਹਨ ਜੋ ਕਿ ਸੂਬੇ ਲਈ ਐਲਾਨੇ ਹੋਏ ਪੈਕੇਜ ਦਾ ਹਿੱਸਾ ਹਨ। ਇਨ੍ਹਾਂ ਵਿੱਚ ਜਾਇਦਾਦ ਦੀ ਯਕਮੁਸ਼ਤ ਨਿਪਟਾਰਾ/ਹਾਉਸ ਟੈਕਸ, ਪਾਣੀ ਅਤੇ ਸੀਵਰੇਜ ਦੇ ਪੁਰਾਣੇ ਬਕਾਏ ਦੀ ਯਕਮੁਸ਼ਤ ਨਿਪਟਾਰਾ ਸਕੀਮ ਬਾਰੇ ਪਹਿਲਕਦਮੀਆਂ ਸ਼ਾਮਲ ਹਨ।
ਇਸ ਸਬੰਧ ਵਿੱਚ ਸਿਰਫ ਮੂਲ ਰਾਸ਼ੀ ਦਾ ਹੀ ਭੁਗਤਾਨ ਕਰਨਾ ਹੋਵੇਗਾ ਅਤੇ 16 ਜਨਵਰੀ 2018 ਤੋਂ ਭੁਗਤਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ 10 ਫੀਸਦੀ ਛੋਟ ਦਿੱਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ਪਹਿਲਕਦਮੀਆਂ ਵਿੱਚ ਸ਼ਹਿਰੀ ਨਾਗਰਿਕ ਸੇਵਾਵਾਂ ਨੂੰ ਈ-ਗਵਰਨੈਂਸ ਨਾਲ ਪ੍ਰਦਾਨ ਕਰਨਾ, ਸੂਬਾ ਪੱਧਰ ’ਤੇ ਅੱਗ-ਬੁਝਾਊ ਸੇਵਾਵਾਂ ਲਈ ਡਾਇਰੈਕਟੋਰੇਟ ਸਥਾਪਿਤ ਕਰਨਾ, ਯੂ.ਐਲ.ਬੀਜ਼. ਵਿੱਚ ਅੌਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕਰਨਾ ਅਤੇ ਮਿਉਂਸੀਪਲ ਸੰਸਥਾਵਾਂ ਵਿੱਚ ਰਿਹਾਇਸ਼ੀ ਅਤੇ ਵਪਾਰਿਕ ਜਾਇਦਾਦਾਂ ’ਤੇ ਪੁਰਾਣੇ ਕਿਰਾਏਦਾਰਾਂ ਦੇ ਜਾਇਦਾਦ ਅਧਿਕਾਰ ਦੀ ਸਪੁਰਦਗੀ ਸ਼ਾਮਲ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਟਿਆਲਾ ਨਾਲ ਪਿਛਲੇ 10 ਸਾਲਾਂ ਦੌਰਾਨ ਬਾਦਲਾਂ ਵੱਲੋਂ ਵਿਤਕਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਸਾਰੇ ਫੰਡ ਬਠਿੰਡਾ ਵੱਲ ਧੱਕ ਦਿੱਤੇ ਅਤੇ ਇਸ ਖੇਤਰ ਨੂੰ ਤਬਾਹ ਕਰ ਦਿੱਤਾ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਸੂਬਾ ਸਰਕਾਰ ਵੱਲੋਂ ਪਟਿਆਲਾ ਲਈ ਸ਼ੁਰੂ ਕੀਤੀ ਪਹਿਲਕਦਮੀਆਂ ਨੂੰ ਇਕ ਸ਼ੁਰੂਆਤ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਖਿੱਤੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਨੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦਿੱਤਾ ਹੈ।
ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਨੂੰ ਆਪਣੀ ਜਨਮ ਭੂਮੀ ਦੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਹੀ ਪਟਿਆਲੇ ਦੇ ਵਿਕਾਸ ਦੀ ਚਿੰਤਾ ਰਹੀ ਹੈ ਅਤੇ ਜੀਜਾ-ਸਾਲਾ (ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ) ਦੀ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਇਸ ਖਿੱਤੇ ਦਾ ਅਣਕਿਆਸਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਨਹਿਰੀ ਪਾਣੀ ਇਕ ਵੱਡੀ ਪ੍ਰਾਪਤੀ ਹੋਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਜੋ 50 ਸਾਲਾਂ ਵਿੱਚ ਨਹੀਂ ਹੋਇਆ ਉਹ ਹੁਣ ਕੇਵਲ ਪੰਜ ਸਾਲਾਂ ਵਿੱਚ ਹੋਵੇਗਾ। ਉਨ੍ਹਾਂ ਨੇ ਸ਼ਹਿਰੀ ਸਥਾਨਿਕ ਸੰਸਥਾਵਾਂ ਵਿੱਚ ਮਹਿਲਾਵਾਂ ਲਈ 50 ਫੀਸਦੀ ਰਾਖਵੇਂਕਰਨ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਪਟਿਆਲਾ ਵਿਖੇ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਐਰੋਨੌਟਿਕਲ ਇੰਜੀਨੀਅਰਿੰਗ ਕਾਲਜ ਵਿੱਖੇ ਗਏ ਜਿੱਥੇ ਉਨ੍ਹਾਂ ਨੇ ਨਿਰਮਾਣ ਅਤੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਟਿਆਲਾ ਸ਼ਹਿਰੀ ਹਵਾਬਾਜ਼ੀ ਕਲੱਬ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਆਪਣੇ ਖੁਦ ਦੇ ਉਡਾਨ ਭਰਨ ਦੇ ਦਿਨਾਂ ਨੂੰ ਵੀ ਯਾਦ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਜਿੰਦਰ ਸਿੰਘ, ਨਿਰਮਲ ਸਿੰਘ ਸ਼ਤਰਾਣਾ, ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ. ਸ਼ਰਮਾ ਅਤੇ ਹਰਿੰਦਰ ਪਾਲ ਸਿੰਘ ਹੈਰੀ ਮਾਨ ਸ਼ਾਮਲ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…