ਮੁੱਖ ਮੰਤਰੀ ਵੱਲੋਂ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀਆਂ ਦੀ ਮੇਜ਼ਬਾਨੀ

ਵਿਸ਼ਵ ਯੁੱਧ ’ਚ ਸਾਬਕਾ ਫੌਜੀਆਂ ਦੇ ਪੁਰਖਿਆਂ ਦੇ ਯੋਗਦਾਨ ਨੂੰ ਕੀਤਾ ਯਾਦ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਨਵੰਬਰ:
ਸਾਲ 1914-1919 ਦੇ ਵਿਸ਼ਵ ਯੁੱਧ ਦੀ ਯਾਦ ਵਿੱਚ ਬੀਤੀ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਮਾਣਨ ਲਈ ਜਦੋਂ ਲਗਪਗ ਦੋ ਦਰਜਨ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀ ਜੁੜ ਬੈਠੇ ਤਾਂ ਉਹ ਅਤੀਤ ਦੀਆਂ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ। ਇਹ ਪਹਿਲੀ ਵਾਰ ਸੀ ਜਦੋਂ ਇਹ ਅਧਿਕਾਰੀ ਜੋ ਪਹਿਲੀ ਵਿਸ਼ਵ ਜੰਗ ਵਿੱਚ ਜਲੰਧਰ ਬ੍ਰਿਗੇਡ ਵਜੋਂ ਹਿੱਸਾ ਲੈਣ ਵਾਲੇ ਸੈਨਿਕਾਂ ਦੇ ਵੰਸ਼ ’ਚੋਂ ਹਨ, ਇਸ ਇਤਿਹਾਸਕ ਘੜੀ ਵਿੱਚ ਪੂਰੇ ਮਾਣ-ਸਤਿਕਾਰ ਨਾਲ ਸ਼ਾਮਲ ਹੋਏ। ਜਲੰਧਰ ਬ੍ਰਿਗੇਡ ਦਾ ਗਠਨ 2 ਸਿੱਖਜ਼ (ਪਹਿਲਾਂ 15 ਰਾਇਲ ਲੁਧਿਆਣਾ ਸਿੱਖਜ਼) ਅਤੇ 47 ਸਿੱਖਜ਼ (ਹੁਣ 5 ਸਿੱਖਜ਼) ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਅਧਿਕਾਰੀਆਂ ਦੇ ਮੁੜ ਮਿਲਣ ਦੇ ਪਲ ਬਹੁਤ ਭਾਵੁਕ ਸਨ ਕਿਉਂਕਿ ਇਨ੍ਹਾਂ ਨੇ ਜੰਗ ਅਤੇ ਸ਼ਾਂਤੀ ਵਿੱਚ ਸਾਂਝੇ ਤੌਰ ’ਤੇ ਬਿਤਾਏ ਸਮਿਆਂ ਦੀ ਯਾਦਾਂ ਸਾਂਝੀਆਂ ਕੀਤੀਆਂ।
ਮੁੱਖ ਮੰਤਰੀ ਨੇ ਇਨ੍ਹਾਂ ਅਧਿਕਾਰੀਆਂ ਦਾ ਆਪਣੀ ਰਿਹਾਇਸ਼ ਉੱਤੇ ਆਉਣ ’ਤੇ ਸਵਾਗਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਲਈ ਰਾਤਰੀ ਭੋਜਨ ਦੀ ਮੇਜ਼ਬਾਨੀ ਕਰਕੇ ਅਤੇ ਕੁਝ ਵਿਸ਼ੇਸ਼ ਪਲ ਤੇ ਯਾਦਾਂ ਸਾਂਝੀਆਂ ਕਰਨ ਦਾ ਮਾਣ ਮਹਿਸੂਸ ਹੋਇਆ ਹੈ। ਮੁੱਖ ਮੰਤਰੀ ਜੋ ਖੁਦ ਇਕ ਸਾਬਕਾ ਫੌਜੀ ਅਤੇ ਉੱਘੇ ਫੌਜੀ ਇਤਿਹਾਸਕਾਰ ਹਨ, ਨੇ ਉਨ੍ਹਾਂ ਦੇ ਪੁਰਖਿਆਂ ਜੋ ਜਲੰਧਰ ਬ੍ਰਿਗੇਡ ਦੇ ਸੈਨਿਕ ਸਨ, ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਜੋ ਬਰਤਾਨੀਆ ਦੀ ਸੈਨਾ ਵਿੱਚ ਇਕ ਬ੍ਰਿਗੇਡ ਵਜੋਂ ਭਰਤੀ ਹੋਣ ਵਾਲੇ ਸੈਨਿਕਾਂ ਦਾ ਪਹਿਲਾ ਦਲ ਸੀ। ਮੁੱਖ ਮੰਤਰੀ ਨੇ ਦੱਸਿਆ ਜਲੰਧਰ ਬ੍ਰਿਗੇਡ ਦੇ ਬਹੁਤ ਸਾਰੇ ਸੈਨਿਕ ਠੰਢ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਕਿਉਂਕਿ ਉਨ੍ਹਾਂ ਨੇ ਖਰਾਬ ਮੌਸਮ ਤੋਂ ਆਪਣਾ ਬਚਾਅ ਕਰਨ ਲਈ ਨਿੱਘੇ ਕੱਪੜਿਆਂ ਤੋਂ ਬਿਨਾਂ ਹੀ ਆਪਣੀਆਂ ਸਹਿਯੋਗੀ ਫੌਜਾਂ ਦੀ ਖਾਤਰ ਯੂਰਪ ਦੀ ਭਿਆਨਕ ਠੰਢ ਵਿੱਚ ਜੰਗ ਲੜੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੇ ਬਾਵਜੂਦ ਇਨ੍ਹਾਂ ਬਹਾਦਰ ਸੈਨਿਕਾਂ ਨੇ ਆਪਣੀਆਂ ਪੋਸਟਾਂ ਨਹੀਂ ਛੱਡੀਆਂ ਜਿਨ੍ਹਾਂ ਦੀ ਸੂਰਬੀਰਤਾ ਅੱਜ ਤੱਕ ਵੀ ਫੌਜੀਆਂ ਨੂੰ ਪ੍ਰੇਰਿਤ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਵਿਸ਼ਵ ਯੁੱਧ ਵਿੱਚ ਭਾਰਤੀ ਫੌਜ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਜੰਗ ਦੌਰਾਨ ਆਪਣੀਆਂ ਰੈਜੀਮੈਂਟਾਂ ਅਤੇ ਮੁਲਕ ਦਾ ਸਨਮਾਨ ਬਰਕਰਾਰ ਰੱਖਣ ਲਈ 74000 ਸੈਨਿਕਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਅਤੇ ਹੋਰ 67000 ਸੈਨਿਕ ਜ਼ਖਮੀ ਹੋਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ ਵੀ ਬਹੁਤ ਸਾਰੇ ਸੈਨਿਕ ਦਮ ਤੋੜ ਗਏ ਜਿਸ ਨਾਲ ਇਹ ਗਿਣਤੀ ਕਿਤੇ ਵੱਧ ਹੈ। ਜਲੰਧਰ ਬ੍ਰਿਗੇਡ ਐਸੋਸੀਏਸ਼ਨ ਵੱਲੋਂ ਉਸ ਦੇ ਪ੍ਰਧਾਨ ਮੇਜਰ ਜਨਰਲ ਪੀਟਰ ਰੋਨਾਲਡ ਡੇਵਿਸ ਨੇ ਕਿਹਾ ਕਿ ਇਤਿਹਾਸ ਨੂੰ ਦੁਹਰਾਉਣ ਤੋਂ ਬਿਨਾਂ ਉਹ ਸਿਰਫ ਇਹ ਕਹਿਣਾ ਚਾਹੁੰਦੇ ਹਨ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਸਿਰਜੀ ਗਈ ਕਹਾਣੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਫੌਜੀ ਅਤੀਤ ਵੱਲ ਦੇਖਦੇ ਹਨ ਕਿ ਉਨ੍ਹਾਂ ਕੋਲ ਇਹ ਆਮ ਕਹਾਣੀ ਕਿਉਂ ਹੈ ਤਾਂ ਉਹ ਉਸੇ ਸਮੇਂ ਹੀ ਇਸ ਕਹਾਣੀ ਨੂੰ ਭਾਰਤ ਨਾਲ ਸਾਂਝੀ ਕਰਨ ਲਈ ਅੱਗੇ ਵੱਲ ਦੇਖਦੇ ਹਨ।
ਮੇਜਰ ਜਨਰਲ ਡੇਵਿਸ ਨੇ ਆਖਿਆ ਕਿ ਅਤੀਤ ਵਿੱਚ ਬਣੀ ਸਾਂਝ ਹੁਣ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਇਸ ਕੀਮਤੀ ਇਤਿਹਾਸ ਬਾਰੇ ਦੱਸਿਆ ਗਿਆ ਹੈ, ਨਹੀਂ ਤਾਂ ਉਹ ਭੁੱਲ ਜਾਣਗੇ। ਉਨ੍ਹਾਂ ਨੇ ਅੱਜ ਦੇ ਇਸ ਵਿਲੱਖਣ ਉਪਰਾਲੇ ਅਤੇ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਮਿੱਟੀ ’ਤੇ ਇਕੱਤਰ ਹੋਣ ਲਈ ਦਿੱਤੇ ਮੌਕੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਬਹਾਦਰੀ ਵਜੋਂ ਜਾਣਿਆ ਜਾਂਦਾ ਹੈ। ਇਸ ਗਰੁੱਪ ਵਿੱਚ ਥਾਮਸ ਇਆਨ ਮੈਕਡੋਨਲਡ ਵਾਗ, ਰਿਚਰਡ ਜੌਹਨ ਹੋਲਟ, ਸੁਟਨ-ਸਮਿੱਥ ਚਾਰਲਸ ਨੋਇਲ ਹਿਊਗ, ਵਿਲੀਅਮ ਮੋਰਟਨ ਜੇਰੇਮੀ ਮੌਸ ਚਾਰਲਸ ਰੌਬਰਟ ਸਮੈਥੁਰਸਟ, ਜੌਹਨ ਰਿਚਰਡ ਕੋਟਨ ਵਾਈਟ, ਰੋਨਾਲਡ ਮੈਕਰੂਮ, ਟਿਮੋਥੀ ਜੌਰਜ ਪਲੰਟਰ, ਆਈਏਨ ਐਡਵਰਡ ਕੈਮਰੌਨ ਸਮਿੱਥ, ਨਿਗੇਲ ਹਿਊਗ ਮੈਕੇ ਅਤੇ ਡਗਲਸ ਰੌਬਰਟ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕਈਆਂ ਦੀ ਭਾਰਤ ਦੀ ਪਹਿਲੀ ਫੇਰੀ ਸੀ ਜਿਸ ਨਾਲ ਉਨ੍ਹਾਂ ਦੇ ਪੁਰਖਿਆਂ ਦਾ ਗੂੜਾ ਰਿਸ਼ਤਾ ਸੀ।
ਇਸ ਤੋਂ ਇਲਾਵਾ ਬਰਾਨੀਆ ਦੇ ਡਿਪਟੀ ਹਾਈ ਕਮਿਸ਼ਨਰ (ਚੰਡੀਗੜ੍ਹ) ਐਂਡਰਿਊ ਆਈਰੇ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਤਨੀ ਨਾਲ ਅਤੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਤੋਂ ਇਲਾਵਾ ਮਹਿਮਾਨ ਸੂਚੀ ਵਿੱਚ ਲੈਫਟੀਨੈਂਟ ਐਮ.ਐਸ. ਭੁੱਲਰ, ਲੈਫਟੀਨੈਂਟ ਜੇ.ਐਲ. ਮਲਹੋਤਰਾ, ਲੈਫਟੀਨੈਂਟ ਜਨਰਲ ਸੁਜਲਾਨਾ, ਲੈਫਟੀਨੈਂਟ ਜਨਰਲ ਡਵਾਰ, ਮੇਜਰ ਜਨਰਲ ਸੀ.ਐਸ. ਪਨਾਗ, ਬ੍ਰਿਗੇਡੀਅਰ ਆਈ.ਐਸ. ਗਾਖਲ, ਕਰਨਲ ਕੇ.ਐਸ. ਗਰਾਂਗ, ਕਰਨਲ ਟੀ.ਪੀ.ਐਸ. ਗਿੱਲ, ਕਰਨਲ ਜੀ.ਐਸ. ਬਰਾੜ, ਕਰਨਲ ਏ.ਐਸ. ਢਿੱਲੋਂ, ਕਰਨਲ ਅਨਿਲ ਬਾਲੀ, ਕਰਨਲ ਸੁਖਵਿੰਦਰ, ਕਰਨਲ ਕੇ.ਕੇ. ਵਰਮਾ, ਕਰਨਲ ਐਸ.ਐਸ. ਸਿੱਧੂ, ਸ੍ਰੀਮਤੀ ਮੇਜਰ ਏ.ਐਸ. ਸੇਖੋਂ, ਮੇਜਰ ਏ.ਐਸ. ਭਿੰਜਰ ਅਤੇ ਮੇਜਰ ਬੁਛਾਰ ਸ਼ਾਮਲ ਹਨ। ਇਸ ਮੌਕੇ ਅਧਿਕਾਰੀ ਵੀ ਆਪਣੇ ਪਰਿਵਾਰਾਂ ਨਾਲ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…