31 ਦਸੰਬਰ ਤੱਕ ਪੰਜਾਬ ਨੂੰ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਤੋਂ ਮੁਕਤ ਕਰ ਲਿਆ ਜਾਵੇਗਾ: ਤ੍ਰਿਪਤ ਬਾਜਵਾ

ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ 63079 ਪਖਾਨੇ ਇਸੇ ਮਹੀਨੇ ਬਣਾ ਲਏ ਜਾਣਗੇ, ਪਿੰਡ ਦਾਬਾਂਵਾਲ ਤੋਂ ਕੀਤੀ ਸ਼ੁਰੂਆਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਬਟਾਲਾ, 6 ਨਵੰਬਰ:
ਖੁੱਲੇ ਵਿੱਚ ਜੰਗਲ-ਪਾਣੀ ਜਾਣ ਦੀ ਲਾਹਨਤ ਨੂੰ ਖਤਮ ਕਰਨ ਦੇ ਮਕਸਦ ਨੂੰ ਲੈ ਕੇ ਸੂਬੇ ਦੇ ਹਰ ਘਰ ਵਿੱਚ ਪਖਾਨਾ ਬਣਾਉਣ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਦਾਬਾਂਵਾਲ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ‘ਮਾਸ ਕਨਸਟਰੰਕਸ਼ਨ ਕੰਪੇਨ’ ਤਹਿਤ ਪਖਾਨੇ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ, ਜਨਾਬ ਮੁਹੰਮਦ ਇਸ਼ਫਾਕ ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਨਿਗਰਾਨ ਇੰਜੀਨੀਅਰ ਸ੍ਰੀ ਜੇ.ਐਸ. ਸੈਣੀ ਅਤੇ ਮਹਿਕਮੇ ਦੇ ਹੋਰ ਅਧਿਕਾਰੀ ਸਾਹਿਬਾਨ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਭ ਤੋਂ ਪਹਿਲਾਂ ਪਿੰਡ ਦਾਬਾਂਵਾਲੀ ਦੇ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਰਤਨ ਸਿੰਘ ਦੇ ਘਰ ਵਿੱਚ ਨਵੇਂ ਬਣਨ ਵਾਲੇ ਪਖਾਨੇ ਦੀ ਕਹੀ ਨਾਲ ਟੱਕ ਲਗਾ ਕੇ ਸ਼ੁਰੂਆਤ ਕੀਤੀ। ਉਪਰੰਤ ਸ. ਬਾਜਵਾ ਵੱਲੋਂ 90 ਵੱਖ-ਵੱਖ ਪ੍ਰਚਾਰ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਖੁੱਲੇ ‘ਚ ਜੰਗਲ-ਪਾਣੀ ਜਾਣ ਤੋਂ ਰੋਕਣ ਲਈ ਜਾਗਰੂਕ ਕਰਨਗੀਆਂ। ਇਸ ਮੌਕੇ ਪਿੰਡ ਦਾਬਾਂਵਾਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਸੰਭਾਲਦਿਆਂ ਹੀ ਪੰਜਾਬ ਨੂੰ ਮੁਲਕ ਦਾ ਸਭ ਤੋਂ ਸਾਫ-ਸੁਥਰਾ ਤੇ ਸਿਹਤਮੰਦ ਸੂਬਾ ਬਣਾਉਣ ਦਾ ਸੁਪਨਾ ਲਿਆ ਸੀ ਅਤੇ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ ਵੱਲੋਂ ਆਪਣੇ ਅਧੀਨ ਆਉਂਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 11 ਜ਼ਿਲ੍ਹਿਆਂ ਨੇ ਇਸ ਲਾਹਨਤ ਤੋਂ ਪੂਰੀ ਤਰਾਂ ਮੁਕਤੀ ਪਾ ਲਈ ਹੈ ਅਤੇ 5 ਹੋਰ ਜ਼ਿਲ੍ਹਿਆਂ ਦੇ ਅੱਧੇ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਵੀ ਖੁਲ੍ਹੇਆਮ ਹਾਜਤ ਜਾਤ ਤੋਂ ਤੋਬਾ ਕਰ ਲਈ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਖੁੱਲ੍ਹੇ ’ਚ ਜੰਗਲ ਪਾਣੀ ਜਾਣ ਦੀ ਲਾਹਨਤ ਤੋਂ ਮੁਕਤ ਕਰ ਲਿਆ ਜਾਵੇਗਾ। ਕੈਬਨਿਟ ਵਜ਼ੀਰ ਸ. ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਉਸ ਘਰ ਵਿੱਚ ਪਖਾਨਾ ਬਣਾ ਕੇ ਦਿੱਤਾ ਜਾ ਰਿਹਾ ਹੈ ਜਿਸ ਘਰ ’ਚ ਪਹਿਲਾਂ ਪਖਾਨਾ ਨਹੀਂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਖਾਨਾ ਬਣਾਉਣ ਲਈ ਸਰਕਾਰ ਵੱਲੋਂ ਘਰ ਦੇ ਮਾਲਕ ਨੂੰ 3 ਕਿਸ਼ਤਾਂ ‘ਚ 15 ਹਜ਼ਾਰ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਦੇ 1213 ’ਚ 63079 ਪਖਾਨੇ ਬਣਾਏ ਜਾਣਗੇ, ਜਿਨ੍ਹਾਂ ਲਈ ਸੂਬਾ ਸਰਕਾਰ ਵੱਲੋਂ 100 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਨਵੰਬਰ ਦੇ ਆਖਰ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਹਰ ਘਰ ਵਿੱਚ ਪਖਾਨੇ ਦੀ ਸਹੂਲਤ ਮਹੁੱਈਆ ਕਰਾ ਦਿੱਤੀ ਜਾਵੇਗੀ।
ਸ੍ਰੀ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਯਤਨਾ ‘ਚ ਆਪਣਾ ਸਾਥ ਦਿੰਦਿਆਂ ਸੂਬੇ ਨੂੰ ਖੁੱਲੇ ‘ਚ ਜੰਗਲ-ਪਾਣੀ ਮੁਕਤ ਕਰਨ ਦੀ ਮੁਹਿੰਮ ’ਚ ਸਾਥ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਨੂੰ ਸਾਫ-ਸੁਥਰਾ ਤੇ ਸਿਹਤਮੰਦ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਿਥੇ ਸਮੇਂ ‘ਚ ਪਖਾਨੇ ਬਣਾੁੳਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ 10000 ਪਖਾਨੇ ਬਣਾਉਣ ਦੀ ਸ਼ੁਰੂਆਤ ਹੋ ਗਈ ਹੈ ਅਤੇ ਨਵੰਬਰ ਤੱਕ ਨਿਰਧਾਰਤ ਟੀਚਾ ਪੂਰਾ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵੀ ਲੋਕਾਂ ਨੂੰ ਸਵੱਛਤਾ ਮੁਹਿੰਮ ‘ਚ ਸਾਥ ਦੇਣ ਦੀ ਅਪੀਲ ਕੀਤੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਜਨਾਬ ਮੁਹੰਮਦ ਇਸ਼ਫਾਕ ਨੇ ਸੂਬਾ ਸਰਕਾਰ ਦੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਐਕਸੀਅਨ ਵਿਜੇ, ਮਹੇਸ਼, ਡਾ. ਗੁਰਵਿੰਦਰ ਸਿੰਘ, ਐਸ.ਡੀ.ਓ. ਕੇ.ਜੇ ਰਤੜਾ, ਐਸ.ਡੀ.ਓ. ਫੁੱਲਵਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਨੰਬਰਦਾਰ ਸੇਵਾ ਸਿੰਘ, ਵੀਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਗੁਰਬਖਸ਼ ਸਿੰਘ, ਰਛਪਾਲ ਸਿੰਘ, ਚਰਨਜੀਤ ਸਿੰਘ, ਜਸਬੀਰ ਸਿੰਘ, ਜਸਵੰਤ ਸਿੰਘ, ਸੁਖਬੀਰ ਸਿੰਘ ਸ਼ਾਹ, ਕੁੰਨਣ ਸਿੰਘ, ਬਖਤਾਵਰ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…