ਕੇਬਲ ਤਾਰਾਂ ਪਾਉਣ ਦਾ ਮਾਮਲਾ: ਵਿਧਾਇਕ ਸਿੱਧੂ ਤੇ ਨਿਗਮ ਅਧਿਕਾਰੀਆਂ ਲਿਆ ਮੌਕੇ ਦਾ ਜਾਇਜ਼ਾ

ਡੇਂਗੂ ਕਾਰਨ ਹੋਈਆਂ ਮੌਤਾਂ ਬਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਸਫਾਈ ਠੇਕਾ ਰੱਦ ਕਰਨ ਦੀ ਵੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਸਥਾਨਕ ਸ਼ਹਿਰ ਵਿੱਚ ਜਿਉ ਕੰਪਨੀ ਦੀਆਂ ਤਾਰਾਂ ਪਾਉਣ ਦੀ ਕਾਰਵਾਈ ਦਾ ਕੰਮ ਅੱਜ ਕੱਲ੍ਹ ਪੂਰੀ ਤੇਜੀ ਤੇ ਹੈ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਇਹ ਕੰਮ ਕਰਦੇ ਵੇਖੇ ਜਾ ਸਕਦੇ ਹਨ। ਜਮੀਨ ਦੇ ਅੰਦਰ ਤਾਰਾਂ ਪਾਉਣ ਲਈ ਇਸ ਕੰਪਨੀ ਵੱਲੋਂ ਪਹਿਲਾਂ ਸੜਕ ਦੇ ਕਿਨਾਰੇ ਖੱਡਾ ਮਾਰਿਆ ਜਾਂਦਾ ਹੈ ਅਤੇ ਫਿਰ ਉੱਥੇ ਮਸ਼ੀਨ ਨਾਲ ਜਮੀਨ ਦੇ ਹੇਠਾਂ (ਸੜਕ ਦੇ ਕਿਨਾਰੇ) ਬੋਰ ਕਰਕੇ ਇੱਥੇ ਕੇਬਲ ਪਾਉਣ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਅੱਜ ਹਲਕਾ ਵਿਧਾਇਕ ਵੱਲੋੱ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਬੇਨਿਯਮੀਆਂ ਅਤੇ ਕੰਪਨੀ ਦੇ ਕੰਮ ਦੌਰਾਨ ਹੋ ਰਹੇ ਜਨਤਕ ਜਾਇਦਾਦ ਦੇ ਨੁਕਸਾਨ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨਿਗਮ ਅਧਿਕਾਰੀਆਂ ਨੂੰ ਪੁੱਛਿਆ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਇਸ ਕੰਪਨੀ ਨੂੰ ਤਾਰਾਂ ਪਾਉਣ ਦੇ ਕੰਮ ਦੀ ਪਰਮੀਸ਼ਨ ਕਿਸ ਹਿਸਾਬ ਨਾਲ ਦਿੱਤੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਕੀਤੇ ਗਏ ਨੁਕਸਾਨ ਬਦਲੇ ਨਿਗਮ ਵੱਲੋਂ ਕੰਪਨੀ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੰਪਨੀ ਵਾਲੇ ਤਾਰਾਂ ਪਾਉਣ ਦੌਰਾਨ ਪਾਣੀ ਸਪਲਾਈ ਦੀਆਂ ਲਾਈਨਾਂ ਅਤੇ ਸੀਵਰੇਜ ਲਾਈਨਾਂ ਦਾ ਨੁਕਸਾਨ ਕਰ ਰਹੇ ਹਨ ਅਤੇ ਇਹਨਾਂ ਵੱਲੋਂ ਬੀਤੇ ਕੱਲ ਫੇਜ਼-7 ਵਿੱਚ ਜਮੀਨ ਹੇਠਾਂ ਪਈਆਂ ਬੀਐਸਐਨਐਲ ਦੀ ਕੇਬਲ ਵੀ ਵੱਢ ਦਿੱਤੀ ਗਈ ਹੈ। ਜਿਸ ਕਾਰਨ ਬੀਐਸਐਨਐਲ ਦੇ ਫੋਨ ਬੰਦ ਹੋ ਗਏ ਹਨ। ਉਹਨਾਂ ਕਿਹਾ ਕਿ ਕੰਪਨੀ ਵੱਲੋਂ ਤਾਰਾਂ ਪਾਉਣ ਦੌਰਾਨ ਪਾਣੀ ਦੀ ਪਾਈਪ ਨੁਕਸਾਨੀ ਜਾਣ ਤੇ ਜਿੱਥੇ ਲੋਕਾਂ ਦੇ ਘਰਾਂ ਸਾਹਮਣੇ ਪਾਣੀ ਖੜ੍ਹਾ ਹੋ ਜਾਂਦਾ ਹੈ। ਉੱਥੇ ਘਰਾਂ ਅੰਦਰ ਗੰਦਾ ਪਾਣੀ ਸਪਲਾਈ ਹੁੰਦਾ ਹੈ। ਉਹਨਾਂ ਅਧਿਕਾਰੀਆਂ ਨੂੰ ਇੱਥੋੱ ਤਕ ਕਹਿ ਦਿੱਤਾ ਕਿ ਇਸ ਕੰਪਨੀ ਦਾ ਕੰਮ ਬੰਦ ਕਰਵਾਇਆ ਜਾਵੇ ਅਤੇ ਇਸਦੇ ਖਿਲਾਫ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਬਦਲੇ ਐਫ ਆਈ ਆਰ ਦਰਜ ਕਰਵਾਈ ਜਾਵੇ। ਉਧਰ, ਬੀਐਸਐਨਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫੇਜ਼-7 ਵਿੱਚ ਉਨ੍ਹਾਂ ਦੀ ਕੰਪਨੀ ਦਾ ਕੋਈ ਫੋਨ ਡੈੱਡ ਨਹੀਂ ਹੋਇਆ ਹੈ।
ਸ੍ਰੀ ਸਿੱਧੂ ਨੇ ਇਸ ਮੌਕੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਬੁਰਾ ਹਾਲ ਹੈ ਅਤੇ ਨਗਰ ਨਿਗਮ ਸ਼ਹਿਰ ਵਿੱਚ ਮੱਛਰਾਂ ਦੀ ਸਮੱਸਿਆ ’ਤੇ ਕਾਬੂ ਕਰਨ ਵਿੱਚ ਨਾਕਾਮ ਰਿਹਾ ਹੈ। ਸ਼ਹਿਰ ਵਿੱਚ ਡੇਂਗੂ ਦੇ ਮਰੀਜ ਦੀ ਗਿਣਤੀ ਸੂਬੇ ਵਿੱਚ ਸਭ ਤੋੱ ਵੱਧ ਹੈ ਅਤੇ ਥਾਂ ਥਾਂ ’ਤੇ ਖੜ੍ਹੀ ਬੂਟੀ ਦੀ ਸਫਾਈ ਨਾ ਹੋਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਨਗਰ ਨਿਗਮ ਵੱਲੋਂ ਮਸ਼ੀਨੀ ਸਫਾਈ ਦੇ ਨਾਮ ਤੇ ਇੱਕ ਨਿੱਜੀ ਕੰਪਨੀ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਇਹ ਠੇਕਾ ਤੁਰੰਤ ਰੱਦ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਫਾਈ ਦਾ ਠੇਕਾ ਰੱਦ ਹੋਣ ਕਰਕੇ ਨਵੇੱ ਟੈਂਡਰ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਸੇ ਚੰਗੀ ਕੰਪਨੀ ਨੂੰ ਇਹ ਕੰਮ ਸੌਂਪਿਆ ਜਾਣਿਆ ਚਾਹੀਦਾ ਹੈ। ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਕਾਰਨ ਅੱਧਾ ਦਰਜਨ ਮੌਤਾਂ ਹੋ ਚੁੱਕੀਆਂ ਹਨ। ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ ਅਤੇ ਇਸ ਸਬੰਧੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਉਧਰ, ਸੰਪਰਕ ਕਰਨ ’ਤੇ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਫੇਜ਼-7 ਵਿੱਚ ਪਾਣੀ ਸਪਲਾਈ ਦੀ ਇੱਕ ਪਾਈਪ ਟੁੱਟ ਜਾਣ ਤੇ ਹਲਕਾ ਵਿਧਾਇਕ ਵੱਲੋਂ ਅਧਿਕਾਰੀਆਂ ਨੂੰ ਸੱਦ ਕੇ ਮੌਕਾ ਵਿਖਾਇਆ ਗਿਆ ਸੀ। ਉਹਨਾਂ ਦੱਸਿਆ ਕਿ ਕੰਪਨੀ ਨੂੰ ਦਿੱਤੀ ਗਈ ਪਰਮੀਸ਼ਨ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੈ ਅਤੇ ਇਸ ਵਿੱਚ ਕੰਪਨੀ ਵੱਲੋਂ ਤਾਰ ਪਾਏ ਜਾਣ ਵਾਲੇ ਖੇਤਰ ਦਾ ਪੂਰਾ ਵੇਰਵਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿੱਥੋੱ ਤੱਕ ਪਾਈਪ ਦੇ ਨੁਕਸਾਨੇ ਜਾਣ ਦਾ ਸਵਾਲ ਹੈ ਤਾਂ ਉਹ ਪਾਈਪ ਜਨਸਿਹਤ ਵਿਭਾਗ ਦੀ ਹੋਣ ਕਾਰਨ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਜਨਸਿਹਤ ਵਿਭਾਗ ਵੱਲੋਂ ਕੀਤੀ ਜਾਣੀ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਕੇਬਲ ਪਾਉਣ ਵਾਲੀ ਕੰਪਨੀ ਪੰਜਾਬ ਇੰਸਟਾਲਰ ਦੇ ਨਸੀਬ ਸਿੰਘ ਸੰਧੂ ਨੇ ਕਿਹਾ ਕਿ ਕੰਪਨੀ ਵੱਲੋਂ ਬਾਕਾਇਦਾ ਪਰਮੀਸ਼ਨ ਲੈ ਕੇ ਅਤੇ ਕੰਪਨੀ ਨੂੰ ਮਿਲੀ ਡਰਾਇੰਗ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਿਤੇ ਕੋਈ ਨੁਕਸਾਨ ਹੁੰਦਾ ਹੈ ਤਾਂ ਕੰਪਨੀ ਵੱਲੋਂ ਤੁਰੰਤ ਉਸਦੀ ਭਰਪਾਈ ਕੀਤੀ ਜਾਂਦੀ ਹੈ ਅਤੇ ਟੁੱਟ ਫੁੱਟ ਨੂੰ ਠੀਕ ਕਰਵਾਇਆ ਜਾਂਦਾ ਹੈ। ਫੇਜ਼-7 ਵਿੱਚ ਪਾਣੀ ਦੀ ਪਾਈਪ ਟੁੱਟਣ ਬਾਰੇ ਉਹਨਾਂ ਕਿਹਾ ਕਿ 2 ਦਿਨ ਪਹਿਲਾਂ ਫੇਜ਼-7 ਵਿੱਚ ਪਾਣੀ ਦੀ ਇੱਕ ਪਾਈਪ ਨੁਕਸਾਨੀ ਗਈ ਸੀ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਸਬੰਧਤ ਖੇਤਰ ਵਿੱਚ ਕੋਈ ਦਿੱਕਤ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕੰਮ ਕੇਂਦਰ ਸਰਕਾਰ ਦੀ ਮਨਜ਼ੂਰੀ ਅਤੇ ਪੰਜਾਬ ਸਰਕਾਰ ਦੀ ਆਗਿਆ ਨਾਲ ਹੀ ਹੋ ਰਿਹਾ ਹੈ ਅਤੇ ਕੰਪਨੀ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਕੰਮ ਦੇ ਦੌਰਾਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਏਰੀਆ ਵਿੱਚ ਕੋਈ ਦਿੱਕਤ ਹੈ ਵੀ ਤਾਂ ਉਸ ਨੂੰ ਫੌਰੀ ਠੀਕ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…