ਪੁਲੀਸ ਕੇਸ: ਮੁੱਖ ਮੰਤਰੀ ਦੇ ਵਕੀਲ ਨਾਲ ਨਿੱਜੀ ਸਕੂਲ ਪ੍ਰਬੰਧਕਾਂ ਨੇ ਕੀਤੀ ਏਡੀਸੀ ਨਾਲ ਮੁਲਾਕਾਤ

ਸਕੂਲ ਪ੍ਰਬੰਧਕਾਂ ਨੇ ਸਿੱਖਿਆ ਵਿਭਾਗ ’ਤੇ ਲਾਇਆ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਸਮੇਂ ਸਿਰ ਜਾਣਕਾਰੀ ਨਾ ਦੇਣ ਦਾ ਦੋਸ਼

ਧੁੰਦ ਦੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਬਦਲਿਆਂ ਸੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜ਼ਿਆਦਾਤਰ ਪ੍ਰਾਈਵੇਟ ਸਿੱਖਿਆ ਅਦਾਰੇ ਸਰਕਾਰੀ ਹਦਾਇਤਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੇ ਹਨ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੈਟ ਵੱਲੋਂ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਧੁੰਦ ਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਜ਼ਰੂਰੀ ਸਮਝਦੇ ਹੋਏ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਦੀ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਥਿਤ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ (ਪ੍ਰਾਇਮਰੀ/ਸੈਕੰਡਰੀ) ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕੀਤਾ ਗਿਆ ਸੀ ਲੇਕਿਨ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਇਨ੍ਹਾਂ ਆਦੇਸ਼ਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਦਿਨਾਂ ਵਾਂਗ ਆਪਣੇ ਸਕੂਲ ਖੋਲ੍ਹੇ ਗਏ। ਜਿਨ੍ਹਾਂ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਪੁਲੀਸ ਕੇਸ ਦਰਜ ਕੀਤੇ ਗਏ।
ਉਧਰ, ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਅੱਜ ਮੁੱਖ ਮੰਤਰੀ ਦੇ ਵਕੀਲ ਰਮਦੀਪ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖਿਆ ਅਤੇ ਇੱਕ ਲੰਮਾ ਚੌੜਾ ਸਾਂਝਾ ਮੰਗ ਪੱਤਰ ਸੌਂਪਿਆ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਨੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਆਪਣੇ ਨਾਲ ਵਕੀਲ ਨੂੰ ਕਿਉਂ ਲੈ ਕੇ ਆਏ ਹਨ ਪਰ ਜਦੋਂ ਅਧਿਕਾਰੀ ਨੂੰ ਇਹ ਪਤਾ ਲੱਗਾ ਕਿ ਪ੍ਰਬੰਧਕਾਂ ਨਾਲ ਆਇਆ ਵਕੀਲ ਮੁੱਖ ਮੰਤਰੀ ਦਾ ਵਕੀਲ ਹੈ ਤਾਂ ਇਸ ਤੋਂ ਬਾਅਦ ਉਹ ਕੁੱਝ ਨਹੀਂ ਬੋਲੇ। ਪ੍ਰਬੰਧਕਾਂ ਨੇ ਏਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਧੁੰਦ ਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬੀਤੀ 13 ਨਵੰਬਰ ਨੂੰ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੀਤਾ ਗਿਆ ਸੀ ਲੇਕਿਨ ਸਿੱਖਿਆ ਵਿਭਾਗ ਨੇ ਇਹ ਜਾਣਕਾਰੀ ਸਕੂਲਾਂ ਨੂੰ ਸਮੇਂ ਸਿਰ ਨਹੀਂ ਦਿੱਤੀ ਗਈ। ਜਿਸ ਕਾਰਨ ਉਨ੍ਹਾਂ ਵੱਲੋਂ 14 ਨਵੰਬਰ ਨੂੰ ਅਣਜਾਣੇ ਵਿੱਚ ਆਮ ਦਿਨਾਂ ਵਾਂਗ ਆਪਣੇ ਸਕੂਲ ਖੁੱਲ੍ਹੇ ਗਏ ਪ੍ਰੰਤੂ 15 ਨਵੰਬਰ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ।
ਉਧਰ, ਵਕੀਲ ਰਮਦੀਪ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਦੇ ਖ਼ਿਲਾਫ਼ ਕਾਨੂੰਨ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਸਮੁੱਚੇ ਜ਼ਿਲ੍ਹੇ ਵਿੱਚ ਕੁਝ ਹੋਰ ਪ੍ਰਾਈਵੇਟ ਸਕੂਲ ਖੁੱਲ੍ਹੇ ਹੋਣ ਬਾਰੇ ਵੀ ਪਤਾ ਲੱਗਾ ਸੀ ਲੇਕਿਨ ਮੁਹਾਲੀ ਪ੍ਰਸ਼ਾਸਨ ਵੱਲੋਂ ਸਿਰਫ਼ ਸ਼ਹਿਰ ਦੇ ਛੇ ਨਾਮੀ ਸਕੂਲਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਕੂਲਾਂ ਵਿਰੁੱਧ ਦਰਜ ਕਰਵਾਏ ਪੁਲੀਸ ਕੇਸ ਤੁਰੰਤ ਰੱਦ ਨਹੀਂ ਕੀਤੇ ਗਏ ਤਾਂ ਡੀਸੀ ਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਨੂੰ 1 ਕਰੋੜ ਦੀ ਮਾਣਹਾਨੀ ਸਬੰਧੀ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।
ਉਧਰ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਅੱਜ ਏਡੀਸੀ ਚਰਨਦੇਵ ਸਿੰਘ ਮਾਨ ਨੇ ਨਿੱਜੀ ਸਕੂਲਾਂ ਦਾ ਪੱਖ ਸੁਣਿਆ ਹੈ ਅਤੇ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਲਿਖਤੀ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੀ ਜਵਾਬਤਲਬੀ ਕੀਤੀ ਜਾਵੇਗੀ ਅਤੇ ਕਾਨੂੰਨੀ ਰਾਇ ਲਈ ਜਾਵੇਗੀ। ਇਸ ਤੋਂ ਬਾਅਦ ਜੋ ਵੀ ਕਾਨੂੰਨੀ ਤੌਰ ’ਤੇ ਸਹੀ ਹੋਇਆ ਉਹ ਕਾਰਵਾਈ ਕੀਤੀ ਜਾਵੇਗੀ। ਉਧਰ, ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਦੋਵਾਂ ਅਧਿਕਾਰੀਆਂ ਨੇ ਫੋਨ ਨਹੀਂ ਚੁੱਕੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…