nabaz-e-punjab.com

ਪੰਜਾਬ ਕੈਬਨਿਟ ਵੱਲੋਂ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਨੂੰ ਹਰੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਨਵੰਬਰ:
ਸੂਬੇ ਵਿੱਚ ਵਿੱਤੀ ਸੰਕਟ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਗੰਨਾ ਉਤਪਾਦਕਾਂ ਦੇ ਹਿੱਤ ਵਿੱਚ ਗੰਨੇ ਦੇ ਸਟੇਟ ਐਗਰਿਡ ਪ੍ਰਾਈਸ (ਐਸ.ਏ.ਪੀ.) ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾਏ ਜਾਣ ਲਈ ਸਖਤ ਸਟੈਂਡ ਅਪਣਾਏ ਜਾਣ ਤੋਂ ਬਾਅਦ ਮੰਤਰੀ ਮੰਡਲ ਨੇ ਸਾਲ 2017-18 ਦੇ ਪਿੜਾਈ ਸੀਜ਼ਨ ਲਈ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਗੰਨੇ ਦੇ ਭਾਅ ਵਿੱਚ ਵਾਧਾ ਕਰਨ ਦੇ ਮੁੱਖ ਮੰਤਰੀ ਦੇ ਵਿਚਾਰ ਨਾਲ ਸਮੁੱਚੇ ਮੰਤਰੀ ਮੰਡਲ ਨੇ ਸਹਿਮਤੀ ਜਿਤਾਈ ਅਤੇ ਵਾਧਾ ਕਰਨ ਦਾ ਫੈਸਲਾ ਕੀਤਾ। ਮੰਤਰੀ ਮੰਡਲ ਨੇ ਗੰਨੇ ਦੀ ਅਗੇਤੀ ਕਿਸਮ ਲਈ ਐਸ.ਏ.ਪੀ. 300 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 310 ਰੁਪਏ ਪ੍ਰਤੀ ਕੁਇੰਟਲ, ਦਰਮਿਆਨੀ ਕਿਸਮ ਲਈ 290 ਰੁਪਏ ਤੋਂ ਵਧਾ ਕੇ 300 ਰੁਪਏ ਅਤੇ ਪਛੇਤੀ ਕਿਸਮ ਲਈ ਇਹ ਭਾਅ 285 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 295 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ। ਇਹ ਵਾਧਾ ਉੱਤਰ ਪ੍ਰਦੇਸ਼ ਤੇ ਹਰਿਅਣਾ ਦੀ ਤਰਜ਼ ’ਤੇ ਕੀਤਾ ਗਿਆ ਹੈ ਜਿਸ ਦੇ ਨਾਲ ਸਰਕਾਰੀ ਖਜ਼ਾਨੇ ’ਤੇ ਅਨੁਮਾਨਿਤ 20 ਕਰੋੜ ਰੁਪਏ ਦਾ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ। ਬੁਲਾਰੇ ਦੇ ਅਨੁਸਾਰ ਪਿੜਾਈ ਦੇ ਮੌਜੂਦਾ ਸੀਜ਼ਨ ਦੌਰਾਨ 9 ਸਹਿਕਾਰੀ ਤੇ 7 ਨਿੱਜੀ ਸੈਕਟਰ ਦੀਆਂ ਖੰਡ ਮਿੱਲਾਂ ਸਣੇ ਕੁੱਲ 16 ਮਿੱਲਾਂ ਵਿੱਚ 675 ਲੱਖ ਕੁਇੰਟਲ ਗੰਨਾ ਪਹੁੰਚਣ ਦੀ ਸੰਭਵਨਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਅਤੇ ਸੂਬੇ ਭਰ ਦੀਆਂ ਵੱਖ-ਵੱਖ ਗੰਨਾ ਉਤਪਾਦਨ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਵਿੱਚ ਲੰਮੀ ਚੌੜੀ ਗੱਲਬਾਤ ਤੋਂ ਬਾਅਦ ਮੰਤਰੀ ਮੰਡਲ ਨੇ ਫੈਸਲਾ ਲਿਆ ਹੈ। ਇਹ ਐਸੋਸੀਏਸ਼ਨਾਂ ਅੱਜ ਸਵੇਰੇ ਕਿਸਾਨ ਭਵਨ ਵਿਖੇ ਕਮੇਟੀ ਨੂੰ ਮਿਲੀਆਂ ਸਨ। ਕੈਬਨਿਟ ਸਬ ਕਮੇਟੀ ਦੇ ਹੋਰਾਂ ਮੈਂਬਰਾਂ ਵਿੱਚ ਵਿਧਾਇਕ ਪਰਗਟ ਸਿੰਘ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਸਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਖੇਤੀਬਾੜੀ ਵਿਕਾਸ ਗਰਗ, ਗੰਨਾ ਕਮਿਸ਼ਨਰ ਜਸਵੰਤ ਸਿੰਘ, ਸਹਾਇਕ ਗੰਨਾ ਕਮਿਸ਼ਨਰ ਵਿਜੈ ਮਹਿਤਾ ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਗੁਰਪਾਲ ਸਿੰਘ ਵੀ ਸ਼ਾਮਲ ਸਨ। ਵੱਖ-ਵੱਖ ਗੰਨਾ ਉਤਪਾਦਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿੱਚ ਕੁਲਵੰਤ ਸਿੰਘ ਸੰਧੂ ਰੁੜਕਾ ਕਲਾਂ, ਸਤਨਾਮ ਸਿੰਘ ਸਾਹਨੀ ਫਗਵਾੜਾ, ਜਸਵੰਤ ਸਿੰਘ ਪਠਾਨਕੋਟ, ਬਲਵੰਤ ਸਿੰਘ ਜਲੰਧਰ, ਸਤਨਾਮ ਸਿੰਘ ਅਜਨਾਲਾ ਵੀ ਹਾਜ਼ਰ ਸਨ। ਫਿਲੌਰ ਤੋਂ ਬਲਕਾਰ ਸਿੰਘ ਦੀ ਅਗਵਾਈ ਵਾਲਾ 16 ਗੰਨਾ ਉਤਪਾਦਕਾਂ ਦਾ ਵਫ਼ਦ ਵੀ ਸ਼ਾਮਲ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…