nabaz-e-punjab.com

ਪੰਥਕ ਫ਼ਰੰਟ ਨੇ ਲਿਫ਼ਾਫ਼ਾ ਕਲਚਰ ਵਿਰੁਧ ਜਿੱਤੀ ਪਹਿਲੀ ਜੰਗ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 30 ਨਵੰਬਰ:
ਪੰਥਕ ਫਰੰਟ ਦੇ ਆਗੂ ਸੁਖਦੇਵ ਸਿੰਘ ਭੌਰ ਨੇ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਲਿਫਾਫਾ ਕਲਚਰ ਦੇ ਖਾਤਮੇ ਲਈ ਪਹਿਲੀ ਜੰਗ ਜਿੱਤ ਲਈ ਹੈ, ਜੋ ਅੱਜ ਉਨ੍ਹਾਂ ਸਖਤ ਸਟੈਡ ਲੈ ਕੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਨੂੰ ਵੋਟਾਂ ਰਾਹੀ ਉਮੀਦਵਾਰ ਚੁਣਨ ਲਈ ਮਜਬੂਰ ਕਰ ਦਿੱਤਾ ਭਾਂਵੇ ਉਨ੍ਹਾਂ ਦੇ ਕੁਝ ਮੈਂਬਰ ਸੱਤਾਧਾਰੀਆਂ ਤੋੜ ਵੀ ਲਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧੂਰੀ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਲੜਨ ਵਾਸਤੇ ਸੌਦਾ ਸਾਧ ਦੇ ਡੇਰੇ ਜਾਣ ਵਾਲਿਆਂ ਵਿਚੋਂ ਸਨ। ਜੱਥੇਦਾਰ ਅਕਾਲ ਤਖਤ ਨੇ ਉਨ੍ਹਾਂ ਨੂੰ ਸਜ਼ਾ ਲਾਈ ਸੀ, ਇਹ ਉਨ੍ਹਾਂ 44 ਅਕਾਲੀ ਆਗੂਆਂ ਵਿਚ ਸਨ ਜੋ ਡੇਰਾ ਸੌਦਾ ਸਾਧ ਤੋ ਵੋਟਾਂ ਲੈਣ ਗਏ ਸਨ। ਇਹੋ ਹੀ ਸਥਿਤੀ ਨਵਤੇਜ ਸਿੰਘ ਕਾਉਣੀ ਦੀ ਹੈ ਜੋ ਅੰਤ੍ਰਿਗ ਕਮੇਟੀ ਦੇ ਮੈਂਬਰ ਬਣੇ ਹਨ ਤੇ ਸੌਦਾ ਸਾਧ ਦੇ ਸਮਾਗਮਾਂ ‘ਚ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੱਥੇਦਾਰ ਨੇ ਤਲਬ ਕਰਕੇ ਸੇਵਾ ਵੀ ਲਾਈ ਸੀ। ਇਹ ਬੜਾ ਗੰਭੀਰ ਮੱਸਲਾ ਹੈ ਕਿ ਉਹ ਸਿੱਖਾਂ ਦੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਅਹਿਮ ਅਹੁੱਦਿਆਂ ਤੇ ਆ ਗਈਆਂ ਹਨ ਜਿੰਨ੍ਹਾਂ ਦਾ ਅਤੀਤ ਸਿੱਧਾ-ਅਸਿੱਧਾ ਡੇਰੇ ਸੌਦਾ ਸਾਧ ਨਾਲ ਜੁੜਿਆ ਹੋਇਆ ਹੈ। ਦੂਸਰੇ ਪੰਥਕ ਸੰਗਠਨ ਦੇ ਮੁੱਖੀ ਸੁਖਦੇਵ ਸਿੰਘ ਭੌਰ ਨੇ ਅੱਜ ਬਾਦਲਾਂ ਦੇ ਏਕਾਧਿਕਾਰ ਦੇ ਖਾਤਮੇ ਦੀ ਨੀਂਹ ਰੱਖ ਦਿੱਤੀ ਹੈ ਕਿ ਪਰਿਵਾਰਵਾਦ ਖਿਲਾਫ ਜੰਗ ਉਹ ਸਿੱਖ ਭਾਈਚਾਰੇ ਅਤੇ ਪੰਥਕ ਸੰਗਠਨਾਂ ‘ਚ ਲੈ ਕੇ ਜਾਣਗੇ ਤਾਂ ਜੋ ਇਕ ਮੰਚ ਤਿਆਰ ਕਰਕੇ ਸ਼ਖ਼ਸੀਅਤ ਪ੍ਰਣਾਲੀ ਨੂੰ ਇਕ ਪਾਸੇ ਕੀਤਾ ਜਾ ਸਕੇ, ਜਿਸ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਖਤਮ ਕਰ ਦਿੱਤਾ ਹੈ ਜੋ ਇਹ ਮਹਾਨ ਸੰਸਥਾਵਾਂ ਸਿੱਖ ਕੌਮ ਦੀਆਂ ਹਨ ਪਰ ਹੁਣ ਇਹ ਪਰਿਵਾਰਵਾਦ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ ਤੇ ਭਵਿੱਖ ਵਿਚ ਵੀ ਕੋਈ ਆਸ ਦੀ ਕਿਰਨ ਸਾਹਮਣੇ ਨਜ਼ਰ ਨਹੀ ਆ ਰਹੀ ਕਿ ਸਿੱਖੀ ਸਿਧਾਂਤ ਸਿੱਖ ਮਰਯਾਦਾ ਤੇ ਇਸ ਦਾ ਕੁਰਬਾਨੀਆਂ ਭਰਿਆ, ਸਿੱਖ ਕੌਮ ਦੀ ਭਲਾਈ ਲਈ ਕੁਝ ਕੀਤਾ ਜਾ ਸਕੇ। ਸੂਤਰ ਦਸਦੇ ਹਨ ਕਿ ਪੰਥਕ ਫਰੰਟ ਵੱਲੋ ਇਕੋ ਇਕ ਏਜੰਡਾ ਲਿਆਂਦਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਪਰਿਵਾਰ ਦਾ ਖਾਤਮਾ ਕੀਤਾ ਜਾ ਸਕੇ ਜੋ ਆਪਣੀ ਵੰਸ਼ ਨੂੰ ਅਹਿਮ ਅਸਾਮੀਆਂ ਮੁਹੱਈਆ ਕਰ ਚੁੱਕੇ ਹਨ ਪਰ ਗਰੀਬ ਸਿੱਖ ਲਈ ਨੌਕਰੀਆਂ ਬੰਦ ਹਨ ਜਿਸ ਦੀ ਤਾਜ਼ਾ ਮਿਸਾਲ ਗੁਰਦੁਆਰਾ ਗੁਰੂਸਰ ਬਰਾੜ, ਅੰਮ੍ਰਿਤਸਰ ਦੀ ਜਿੱਥੇ 15 ਮੁਲਾਜਮ ਕੱਢਣ ਕਾਰਨ ਗੁਰਬਤ ਦੇ ਝੰਬੇ ਸਿੱਖ ਮੁਲਾਜ਼ਮਾਂ ਧਰਮ ਪਰਿਵਰਤਣ ਕਰਨ ਦਾ ਐਲਾਨ ਕਰ ਦਿੱਤਾ। ਭਾਂਵੇ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਪਰ ਇਹ ਇਕ ਚਿੰਤਾ ਦਾ ਵਿਸ਼ਾ ਹੈ। ਸਿੱਖ ਹਲਕਿਆਂ ਮੁਤਾਬਕ ਅਹਿਮ ਥਾਵਾਂ ਤੇ ਬਿਰਾਜਮਾਨ ਸਿੱਖ ਧਾਰਮਿਕ ਸਖ਼ਸੀਅਤਾਂ ਹੁਣ ਟੱਬਰ ਭਰਤੀ ਕਰਕੇ ਕੁਨਬਾਪਰਵਰੀ ਦੇ ਰਾਹ ਤੁਰ ਪਏ ਹਨ ਜਦ ਕਿ ਸਿੱਖ ਸੰਸਥਾਵਾਂ ਸਿੱਖ ਕੌਮ ਦੀਆਂ ਹਨ ਪਰ ਮਹੰਤ ਪ੍ਰਣਾਲੀ ਦੀ ਪਕੜ ਮਜ਼ਬੂਤ ਹੋ ਰਹੀ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧ ਸਖ਼ਸੀਅਤਾਂ ਦੀ ਥਾਂ ਸਿੱਖ ਸੰਗਤੀ ਹੱਥਾਂ ਵਿਚ ਹੋਣਾ ਚਾਹੀਦਾ ਹੈ। ਪਰ ਅਫਸੋਸ ਹੈ ਕਿ ਪਰਿਵਾਰਵਾਦ ਦਾ ਬੋਲਬਾਲਾ ਸਿੱਖਰਾਂ ਤੇ ਧਾਰਮਿਕ ਅਦਾਰਿਆਂ ਵਿਚ ਪੁੱਜ ਗਿਆ ਹੈ। ਪੰਥਕ ਫਰੰਟ ਮੁਤਾਬਕ ਸਾਬਕਾ ਜੱਥੇਦਾਰ ਗੁਰਮੁੱਖ ਸਿੰਘ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਖਿਲਾਫ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਲੈ ਕੇ ਗਏ ਸਨ ਤਾਂ ਜੋ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਮਾਫੀ ਦਿੱਤੀ ਜਾਵੇ। ਇਸ ਗੰਭੀਰ ਮੱਸਲੇ ਤੇ ਜੱਥੇਦਾਰ, ਸ਼੍ਰੋਮਣੀ ਕਮੇਟੀ ਸਮੇਤ, ਬਾਦਲ ਪਰਿਵਾਰ ਨੇ ਕੁਝ ਨਹੀਂ ਕੀਤਾ। ਪੰਥਕ ਸੰਗਠਨ ਇਸ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ ਕਿ ਸੱਚ ਨੂੰ ਸਾਹਮਣੇ ਆਉਣ ਕਿਉਂ ਨਹੀਂ ਦਿੱਤਾ ਜਾ ਰਿਹਾ। ਸੂਤਰਾਂ ਮੁਤਾਬਕ ਆਮ ਸਿੱਖ ਦੀ ਥਾਂ ਵੱਡੀ ਗਿਣਤੀ ‘ਚ ਪਰਿਵਾਰਵਾਦ ਦੀ ਭਰਤੀ ਸ਼੍ਰੋਮਣੀ ਕਮੇਟੀ ਵਿਚ ਹੋ ਚੁੱਕੀ ਹੈ। ਪੰਥਕ ਫਰੰਟ ਅਨੁਸਾਰ ਸਿਆਸੀ ਦਖਲਅੰਦਾਜੀ ਧਾਰਮਿਕ ਅਦਾਰਿਆਂ ਵਿਚੋ ਖਤਮ ਕਰਨ ਲਈ ਯਤਨਸ਼ੀਲ ਹਨ ਪਰ ਇਸ ਸਭ ਲਈ ਆਪਸੀ ਇਤਫਾਕ ਦੀ ਲੋੜ ਹੈ। ਸਿੱਖ ਹਲਕਿਆਂ ‘ਚ ਗਿਲਾ ਹੈ ਕਿ ਜੱਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਬਰਗਾਂੜੀ ਕਾਂਡ ਤੇ ਸਿੱਖ ਨੌਜਵਾਨਾਂ ਦੀ ਪੁਲਿਸ ਗੋਲੀ ਨਾਲ ਹਲਾਕ ਹੋਣ ਉਪਰੰਤ ਉਨ੍ਹਾਂ ਨੇ ਕੋਈ ਉਸਾਰੂ ਭੂਮਿਕਾ ਨਹੀਂ ਨਿਭਾਈ। ਅਕਾਲੀ ਸਰਕਾਰ ਨੇ ਦੋਸ਼ੀਆਂ ਖਿਲਾਫ ਕੁਝ ਨਹੀਂ ਕੀਤਾ। ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਵੇ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅੰਤ੍ਰਿਗ ਕਮੇਟੀ ਮੇਂਬਰ ਦਾ ਸਿੱਧਾ-ਅਸਿੱਧਾ ਦਾ ਅਤੀਤ ਡੇਰਾ ਸੌਦਾ ਸਾਧ ਨਾਲ ਜੁੜਿਆ ਹੈ। ਸਿੱਖ ਹਲਕੇ ਮਹਿਸੂਸ ਕਰਦੇ ਹਨ ਕਿ ਉਹ ਪੰਥ ਲਈ ਕੁਝ ਕਰ ਸਕਣਗੇ ਇਸ ਦੀ ਆਸ ਕਿਵੇਂ ਕੀਤੀ ਜਾਂਦੀ ਹੈ?

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…