Share on Facebook Share on Twitter Share on Google+ Share on Pinterest Share on Linkedin ਸੰਗਤਾਂ ਦੀ ਸ਼ਰਧਾ ਦਾ ਕੇਂਦਰ ਹੈ: ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ: ਐਸ.ਏ.ਐਸ. ਨਗਰ (ਮੁਹਾਲੀ): ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਖਾਲਸਾ ਫੌਜ ’ਚੋਂ ਬੁੱਢਾ ਦਲ ਦੇ 7ਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੇ ਜ਼ਾਲਮਾਂ ਤੇ ਜ਼ੁਲਮਾਂ ਦਾ ਨਾਸ਼ ਕਰਕੇ ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਸੋਹਾਣਾ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਿੱਥੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਥਾਪਿਤ ਹੈ ਅਤੇ ਇੱਥੇ ਦੇਸ਼ਾਂ ਤੇ ਵਿਦੇਸ਼ਾਂ ’ਚੋਂ ਸਾਰੇ ਧਰਮਾਂ ਦੇ ਲੋਕ ਨਤਮਸਤਕ ਹੋਣ ਆਉਂਦੇ ਹਨ। ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਸਿੱਖਾਂ ਦੀ ਸਰਬ ਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਕੌਮ ਦੀ ਸੇਵਾ ਕਰਨ ਦਾ ਮਾਣ ਵੀ ਹਾਸਲ ਹੈ। ਆਪ ਜੀ ਦਾ ਜਨਮ ਪਿਤਾ ਗਰਜਾ ਸਿੰਘ ਜੀ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ 18 ਮੱਘਰ 1755 ਨੂੰ ਨਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਆਪ ਜੀ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਕੌਮ ਦੀ ਸੇਵਾ ਕੀਤੀ ਗਈ ਹੈ, 1845 ਈ: ਨੂੰ ਜਿਸ ਵਕਤ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰ ਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ। ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇ ਇੱਕ ਚਿੱਠੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ (ਬੁੱਢਾ ਦਲ) ਦੇ ਨਾਮ ਲਿਖ ਕੇ ਪੰਥ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ) ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੀ, ਜਿਸ ਵਿੱਚ ਸਿੱਖ ਰਾਜ ਦੇ ਵਿਰੁੱਧ ਗਦਾਰਾਂ ਦੀ ਸਾਜਿਸ਼ ਪਰਦਾਫਾਸ਼ ਕੀਤਾ ਗਿਆ ਸੀ ਅਤੇ ਸਿੱਖ ਰਾਜ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਮੱਦਦ ਲਈ ਬੇਨਤੀ ਕੀਤੀ ਗਈ ਸੀ, ਬਾਬਾ ਜੀ ਨੇ ਗੁਰੂ ਕੀ ਅਕਾਲੀ ਫੌਜ ਸਮੇਤ ਜੰਗ ਦੇ ਮੈਦਾਨ ਮੁਦਕੀ ਫੇਰੂ ਸ਼ਹਿਰ ਨੂੰ ਜਾਣ ਵਾਸਤੇ ਨਗਾਰੇ ’ਤੇ ਜੰਗੀ ਚੋਬ੍ਹਾਂ ਲਵਾ ਦਿੱਤੀਆਂ ਅਤੇ ਫੌਜ ਨੂੰ ਕੂਚ ਕਰਨ ਦਾ ਹੁਕਮ ਕਰ ਦਿੱਤਾ। ਬਾਬਾ ਜੀ ਨੇ ਉਸੇ ਵੇਲੇ 32,000 ਸਿੰਘਾਂ ਸਮੇਤ ਮੈਦਾਨੇ ਜੰਗ ਲਈ ਚਾਲੇ ਪਾ ਦਿੱਤੇ। ਅੰਗਰੇਜ ਫੌਜ ਨਾਲ ਪਹਿਲੀ ਟੱਕਰ ਲੈਣ ਵਾਲੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਉਸ ਸਮੇਂ ਮੁਦਕੀ ਅਤੇ ਫੇਰੂ ਸ਼ਹਿਰ ਵਿੱਚ ਅੰਗਰੇਜ਼ਾਂ ਖਿਲਾਫ ਘਮਾਸਾਨ ਯੁੱਧ ਵਿੱਚ ਦਸ ਹਜ਼ਾਰ ਤੋਂ ਵਧੇਰੇ ਵੈਰੀ ਫੌਜ ਨੂੰ ਮੌਤ ਦੇ ਘਾਟ ਉਤਾਰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਮੈਦਾਨੇ ਜੰਗ ’ਚੋਂ ਭਾਜੜਾਂ ਪੁਆ ਦਿੱਤੀਆਂ । ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ ’ਤੇ ਪਹੁੰਚ ਗਿਆ, ਅੰਗਰੇਜ਼ਾਂ ਦਾ ਇਕ ਝੋਲੀ ਚੁੱਕ ਕਰਮ ਸਿੰਘ (ਭਾਵ ਸਿੱਖੀ ਕਿਰਦਾਰ ਤੋਂ ਡਿੱਗ ਚੁੱਕਿਆ ਸੀ) ਅੰਗਰੇਜ਼ਾਂ ਨਾਲ ਰਲ ਗਿਆ। ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੰਘਾਂ ’ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਵਿੱਚ 15 ਕੁ ਹਜ਼ਾਰ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਗੀਠਾ ਸਾਹਿਬ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੋਹੜ ਦੇ ਹੇਠਾਂ ਜੋਤ ਵਾਲੀ ਥਾਂ ’ਤੇ ਹੈ ਜੀ। ਅਖੀਰ ਸਿੰਘਾਂ ਨੇ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਅਗਵਾਈ ਵਿਚ ਲੜਦਿਆਂ ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਬਾਬਾ ਜੀ ਤੋਪਾਂ ਦਾ ਗੋਲਾ ਲੱਗਣ ਕਾਰਨ ਸਖ਼ਤ ਜ਼ਖ਼ਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਰਾਜਪੁਰਾ ਤੋਂ ਹੁੰਦੇ ਹੋਏ ਮੁਹਾਲੀ ਨੇੜਲੇ ਪਿੰਡ ਸੋਹਾਣਾ ਸਥਿਤ ਇਸ ਅਸਥਾਨ ’ਤੇ ਅੰਤ 500 ਤੋਂ ਵੱਧ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿੱਚ ਸ਼ਹੀਦੀ ਜਾਮ ਪੀ ਗਏ। ਇੱਥੇ ਬਾਬਾ ਜੀ ਦੀ ਯਾਦ ਨੂੰ ਸਦੀਵੀ ਰੱਖਣ ਲਈ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤ ਵੱਲੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਬੇਨਤੀ ਕੀਤੀ ਗਈ ਅਤੇ ਬਾਬਾ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਲਈ ਪ੍ਰਵਾਨਗੀ ਦੇ ਦਿੱਤੀ, ਇਸ ਤੋਂ ਬਾਅਦ 18 ਫਰਵਰੀ 2005 ਨੂੰ ਬਾਬਾ ਜੀ ਵੱਲੋਂ ਨਵੀਂ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਜਿੱਥੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਜੰਗੀ ਪੱਧਰ ’ਤੇ ਕਾਰ ਸੇਵਾ ਚੱਲ ਰਹੀ ਹੈ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਦਿਨ ਰਾਤ ਕਾਰ ਸੇਵਾ ਵਿੱਚ ਜੁਟੀਆਂ ਹੋਈਆ ਹਨ। ਕੁਸ਼ਤੀ ਦੰਗਲ: ਇਸ ਅਸਥਾਨ ’ਤੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਧੰਨ-ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ ਕੁਸ਼ਤੀ ਦੰਗਲ ਕਰਵਾਏ ਜਾਂਦੇ ਹਨ। ਜਿਸ ਵਿੱਚ ਦੇਸ਼ ਵਿਦੇਸ਼ ਦੇ ਨਾਮੀ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦੇ ਹਨ। ਗੁਪਤ ਦਾਨੀਆਂ ਦੀਆਂ ਸੇਵਾਵਾਂ: ਬਾਬਾ ਜੀ ਦੇ ਸਤਿਕਾਰ ਵਿੱਚ ਦਾਨੀ ਸੱਜਣਾਂ ਵੱਲੋਂ 2 ਮਾਰੂਤੀ ਈਕੋ, ਮਾਰੂਤੀ ਵਰਸਾ, ਟਾਟਾ 207, ਟਾਟਾ 709, ਮਹਿੰਦਰਾ ਪਿਕਅੱਪ, ਮਹਿੰਦਰਾ ਜਾਇਲੋ, ਮਹਿੰਦਰਾ ਯੂਟੀਲਿਟੀ, ਮਹਿੰਦਰਾ ਬਲੈਰੋ, ਕਵਾਲਿਸ, ਸਕਾਰਪੀਓ, ਆਲੀਸ਼ਾਲ ਏਅਰ ਕੰਡੀਸ਼ਨਡ ਬੱਸ, ਟਾਟਾ ਐੱਲ ਪੀ ਟਰੱਕ, ਅਸ਼ੋਕਾ ਲੇਲੈਂਡ ਟਰੱਕ, 2 ਟਰੈਕਟਰ ਮਹਿੰਦਰਾ ਅਰਜਨ, 2 ਟਰੈਕਟਰ ਸਵਰਾਜ 724, ਮੋਟਰਸਾਈਕਲ, ਬੇਅੰਤ ਮਾਇਆ, ਸੋਨਾ ਆਦਿ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਇਸ ਅਸਥਾਨ ’ਤੇ ਭੇਟਾ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਅਰੰਭ ਹੋਣ ਵਾਲੀਆਂ ਸੇਵਾਵਾਂ: ਗੁਰਮਤਿ ਵਿਦਿਆਲਿਆ ਅਤੇ ਲਾਇਬੇ੍ਰਰੀ, ਬਹੁ ਮੰਜ਼ਲੀ ਅਤਿ ਆਧੁਨਿਕ ਪਾਰਕਿੰਗ, ਪਵਿੱਤਰ ਸਰੋਵਰ ਦਾ ਨਵੀਨੀ-ਕਰਨ, ਸਿੱਖ ਅਜਾਇਬ ਘਰ, ਅਤਿ ਆਧੁਨਿਕ ਵਾਤਾ-ਨੁਕੂਲਿਤ ਯਾਤਰੂ ਨਿਵਾਸ ਦੀਆਂ ਸੇਵਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਅਧੀਨ ਹਨ। ਇਸ ਅਸਥਾਨ ’ਤੇ ਮਿਤੀ 3 ਦਸੰਬਰ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ ਜੀ । ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ