ਮੁਹਾਲੀ ਜ਼ਿਲ੍ਹੇ ਵਿੱਚ ਧੜੱਲੇ ਨਾਲ ਰਿਹਾ ਹੈ ਸ਼ਰ੍ਹੇਆਮ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ: ਕੰਵਰ ਸੰਧੂ

ਡੀਸੀ ਮੁਹਾਲੀ ਨੂੰ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਦਿੱਤੀ ਲਿਖਤੀ ਸ਼ਿਕਾਇਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਮੁਹਾਲੀ ਜ਼ਿਲੇ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ। ਡੀਸੀ ਨੂੰ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਅਤੇ ਸ੍ਰ. ਧਾਲੀਵਾਲ ਨੇ ਕਿਹਾ ਕਿ ਖਰੜ ਅਤੇ ਡੇਰਾਬਸੀ ਹਲਕੇ ਦੇ ਕਈ ਪਿੰਡਾਂ ਵਿੱਚ ਰੇਤਾ, ਬਜਰੀ ਅਤੇ ਮਿੱਟੀ ਦੀ ਗੈਰਕਾਨੂੰਨੀ ਨਿਕਾਸੀ ਹੋ ਰਹੀ ਹੈ। ਇਸ ਨਾਲ ਸਬੰਧਤ ਮਾਫ਼ੀਆ ਦੀ ਜੇ ਕੋਈ ਵਿਅਕਤੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਪੁਲੀਸ ਅਤੇ ਪ੍ਰਸ਼ਾਸਨ ਰਾਹੀਂ ਡਰਾਇਆ ਧਮਕਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਖਿਜਰਾਬਾਦ ਤੇ ਮਾਜਰੀ ਦੇ ਇਲਾਕੇ ਵਿੱਚ ਸਰਕਾਰੀ ਜਮੀਨਾਂ ਵਿਚੋੱ ਗੈਰਕਾਨੂੰਨੀ ਤੌਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਜਿਹੜੀ ਕਿ ਹੁਣ ਖੇਤੀਯੋਗ ਨਹੀਂ ਰਹਿ ਗਈ। ਜਿਸ ਕਾਰਨ ਉੱਥੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਰਹਿਣ ਲਈ ਵੀ ਭਾਰੀ ਪ੍ਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ। ਇਸੇ ਤਰ੍ਹਾਂ ਦੇ ਹਾਲਾਤ ਬਲਾਕ ਮਾਜਰੀ ਦੇ ਪਿੰਡ ਤਿਉੜ, ਸਲੇਮਪੁਰ ਤੇ ਸੈਣੀ ਮਾਜਰਾ ਵਿਖੇ ਹਨ। ਉਹਨਾਂ ਕਿਹਾ ਕਿ 4 ਮਹੀਨੇ ਪਹਿਲਾਂ ਡੀ ਸੀ ਨੇ ਖਿਜਰਾਬਾਦ ਦਾ ਦੌਰਾ ਕੀਤਾ ਸੀ ਤਾਂ ਉਥੇ ਉਸ ਸਮੇੱ ਨਜਾਇਜ ਮਾਈਨਿੰਗ ਬੰਦ ਹੋ ਗਈ ਸੀ ਪਰ ਹੁਣ ਇਹ ਗੈਰਕਾਨੂੰਨੀ ਮਾਈਨਿੰਗ ਮੁੜ ਸ਼ੁਰੂ ਹੋ ਗਈ ਹੈ।
ਉਹਨਾਂ ਕਿਹਾ ਕਿ ਡੇਰਾਬੱਸੀ ਹਲਕੇ ਅਧੀਨ ਆਉੱਦੇ ਪਿੰਡ ਜੜੌਤ ਵਿਖੇ ਦੌਰਾ ਕਰਕੇ ਵੇਖਿਆ ਕਿ ਗੋਲਡਨ ਫਾਰੈਸਟ ਕੰਪਨੀ ਦੀ 177 ਏਕੜ ਜ਼ਮੀਨ , ਜੋ ਹੁਣ ਪੰਜਾਬ ਸਰਕਾਰ ਦੇ ਅਧੀਨ ਹੈ, ਉਪਰ ਦਰਜਨਾਂ ਹੀ ਟਿੱਪਰ ਅਤੇ ਜੇ ਸੀ ਬੀ ਮਸ਼ੀਨਾਂ ਰਾਹੀਂ ਬਹੁਤ ਹੀ ਉਤਮ ਦਰਜੇ ਦੀ ਖੇਤੀਬਾੜੀ ਜ਼ਮੀਨ ਵਿਚੋੱ ਜਬਰਦਸਤੀ ਮਿੱਟੀ ਚੁੱਕੀ ਜਾ ਰਹੀ ਹੈ। ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਦਿਨ ਹੀ 40-45 ਟਰੱਕ ਅਤੇ ਟਿੱਪਰ ਇਥੋੱ ਜਬਰਦਸਤੀ ਮਿੱਟੀ ਚੁੱਕ ਕੇ ਲੈ ਜਾਂਦੇ ਹਨ ਅਤੇ ਕੁਝ ਦਿਨਾਂ ਵਿੱਚ ਹੀ ਇਸ ਜਮੀਨ ਨੂੰ 20 ਫੁੱਟ ਤੱਕ ਪੁੱਟ ਲਿਆ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋੱ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਜੇ ਇਸ ਕੰਮ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਮਾਫੀਆ ਇਸ ਜ਼ਮੀਨ ’ਚੋਂ ਕਰੋੜਾਂ ਰੁਪਏ ਦੀ ਮਿੱਟੀ ਵੇਚ ਦੇਵੇਗਾ ਅਤੇ ਇਹ ਜਮੀਨ ਫਿਰ ਬੇਕਾਰ ਚਲੀ ਜਾਵੇਗੀ।
ਉਹਨਾਂ ਕਿਹਾ ਕਿ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਨਾਲ ਭਾਰੀ ਬਰਸਾਤਾਂ ਵੇਲੇ ਸਾਰਾ ਜਿਲ੍ਹਾ ਹੀ ਹੜ ਦੀ ਮਾਰ ਹੇਠ ਆ ਜਾਵੇਗਾ। ਉਹਨਾਂ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਸਿਰਫ਼ 7 ਖੱਡਾਂ ਹੀ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਹਨ ਪਰ ਇੱਥੇ 220 ਸਟੋਨ ਕਰੈਸ਼ਰ ਚਲਦੇ ਹਨ ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਕਰੈਸ਼ਰਾਂ ਵਿੱਚ ਕੱਚਾ ਮਾਲ ਕਿਥੋੱ ਆਉੱਦਾ ਹੈ। ਉਹਨਾਂ ਕਿਹਾ ਕਿ ਮੁਹਾਲੀ ਜਿਲ੍ਹੇ ਦੇ ਪਿੰਡ ਰਜੋਮਾਜਰਾ, ਝੱਜੋਂ, ਨੱਗਲ, ਸਲੇਮਪੁਰ, ਬੁੱਢਣਪੁਰ, ਬਾਕਰਪੁਰ ਵਿੱਚ ਵੀ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ, ਗੈਰਕਾਨੂੰਨੀ ਮਾਈਨਿੰਗ ਦੀ ਤੁਰੰਤ ਨਿਸ਼ਾਨਦੇਹੀ ਕੀਤੀ ਜਾਵੇ, ਗੋਲਡਨ ਫਾਰੈਸਟ ਦੀ ਜਮੀਨ ਦੇ ਆਲੇ ਦੁਆਲੇ ਤਾਰ ਲਗਾਈ ਜਾਵੇ, ਨੋਟਿਸ ਬੋਰਡ ਲਗਾਏ ਜਾਣ, ਮਾਈਨਿੰਗ ਖੱਡਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…