ਮੁੱਖ ਮੰਤਰੀ ਵੱਲੋਂ ਕਪੂਰਥਲਾ ਵਿੱਚ ਆਈਟੀਸੀ ਕੰਪਨੀ ਦੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ

ਪ੍ਰਾਜੈਕਟ ਨਾਲ ਰੁਜ਼ਗਾਰ ਦੇ ਮੌਕੇ ਤੇ ਆਮਦਨ ਵਿੱਚ ਹੋਵੇਗਾ ਵਾਧਾ, ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਵੀ ਮਿਲੇਗਾ ਵੱਡਾ ਹੁਲਾਰਾ

ਕੰਪਨੀ ਵੱਲੋਂ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਪਲਾਂਟ, ਹੋਰ ਵੀ ਨਿਵੇਸ਼ ਕਰਨ ਦਾ ਵਾਅਦਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਕਪੂਰਥਲਾ, 14 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ.ਟੀ.ਸੀ. ਕੰਪਨੀ ਦੇ ਆਲ੍ਹਾ ਦਰਜੇ ਦੇ ਇੰਟੇਗ੍ਰੇਟਿਡ ਮੈਨੂਫੈਕਚਰਿੰਗ ਐਂਡ ਲੌਜਿਸਟਿਕ ਫੈਸਿਲਟੀ ਦਾ ਉਦਘਾਟਨ ਕੀਤਾ ਜਿਸ ਨਾਲ ਸੂਬੇ ਦੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ-ਨਾਲ ਸੰਕਟ ’ਚੋਂ ਗੁਜ਼ਰ ਰਹੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ। ਵਿਸ਼ਵ ਪੱਧਰ ਦਾ ਇਹ ਪ੍ਰਾਜੈਕਟ ਲਗਪਗ 72 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਸ਼ੁਰੂਆਤ ਵਿੱਚ ਲਗਪਗ 1500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਯੂਨਟਿ ਵਿੱਚ ਆਈ.ਟੀ.ਸੀ. ਵੱਲੋਂ ‘ਅਸ਼ੀਰਵਾਦ’, ‘ਬਿੰਗੋ’, ‘ਸਨਫੀਸਟ’, ‘ਯਿਪੀ’ ਅਤੇ ‘ਬੀ-ਨੈਚੁਰਲ’ ਵਰਗੀਆਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕੀਤੀ ਜਾਇਆ ਕਰਨਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਜਿੱਥੇ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ, ਉਥੇ ਹੀ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਕਣਕ-ਝੋਨੇ ਦੀ ਪੈਦਾਵਾਰ ਵਿੱਚ ਕੌਮੀ ਪੱਧਰ ’ਤੇ ਸੂਬੇ ਦੇ ਰਿਕਾਰਡ ਯੋਗਦਾਨ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵੰਨ-ਸੁਵੰਨਤਾ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਲਈ ਆਈ.ਟੀ.ਸੀ. ਬਹੁਤ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਇਸ ਪ੍ਰਾਜੈਕਟ ਦੇ ਚਾਲੂ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਕਣਕ-ਝੋਨੇ ਦੀਆਂ ਰਵਾਇਤੀ ਫਸਲਾਂ ਤੋਂ ਵੱਧ ਮੁਨਾਫ਼ੇ ਵਾਲੀਆਂ ਫਸਲਾਂ ਵੱਲ ਮੋੜਣ ਵਿੱਚ ਸਹਾਇਤਾ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਨਾ ਸਿਰਫ ਸੂਬੇ ਦੀ ਉਪਜਾਊ ਜ਼ਮੀਨ ਅਤੇ ਜਲ ਵਸੀਲਿਆਂ ਨੂੰ ਬਚਾਉਣ ਵਿੱਚ ਸਹਾਈ ਹੋਣਗੇ ਸਗੋਂ ਖੇਤੀ ਆਮਦਨ ਨੂੰ ਵੀ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਆਲੂ ਉਤਪਾਦਕ ਕਿਸਾਨਾਂ ਦੀ ਬਦਤਰ ਸਥਿਤੀ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਆਪਣੀ ਫਸਲ ਦੀ ਸਹੀ ਕੀਮਤ ਨਾ ਮਿਲਣ ਕਰਕੇ ਆਲੂ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਪ੍ਰਾਜੈਕਟਾਂ ਰਾਹੀਂ ਇਸ ਸੰਕਟ ’ਤੇ ਕਾਬੂ ਪਾ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਈ.ਟੀ.ਸੀ. ਪ੍ਰਾਜੈਕਟ ਨਵੇਂ ਬੀਜ ਅਤੇ ਤਕਨੀਕਾਂ ਲਿਆਏਗਾ ਜਿਸ ਨਾਲ ਕਿਸਾਨਾਂ ਨੂੰ ਮੰਡੀ ਦੀ ਮੰਗ ਮੁਤਾਬਕ ਆਲੂਆਂ ਦੀ ਪੈਦਾਵਾਰ ਕਰਨ ਦੇ ਸਮਰੱਥ ਬਣਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਲਈ ਖਿੱਤੇ ਵਿੱਚੋਂ ਹੀ ਕਣਕ, ਆਲੂ ਅਤੇ ਹੋਰ ਫਸਲਾਂ ਖਰੀਦੀਆਂ ਜਾਇਆ ਕਰਨਗੀਆਂ ਜਿਸ ਨਾਲ ਸੂਬੇ ਨੂੰ ਅਤਿ ਲੋੜੀਂਦਾ ਮਾਲੀਆ ਵੀ ਹਾਸਲ ਹੋਵੇਗਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਈ.ਟੀ.ਸੀ. ਗਰੁੱਪ ਵੱਲੋਂ ਪੰਜਾਬ ਵਿੱਚ ਹੋਟਲ ਕਾਰੋਬਾਰ ਦਾ ਵੀ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਦਿਆਂ ਆਈਟੀਸੀ ਦੇ ਸੀ.ਈ.ਓ. ਸੰਜੀਵ ਪੁਰੀ ਨੇ ਕਿਹਾ ਕਿ ਕੰਪਨੀ ਨੂੰ ਛੇਤੀ-ਛੇਤੀ ਪ੍ਰਵਾਨਗੀਆਂ ਮਿਲਣ ਸਦਕਾ ਹੀ ਇਹ ਪਲਾਂਟ ਰਿਕਾਰਡ ਸਮੇਂ ਵਿੱਚ ਮੁਕੰਮਲ ਹੋਇਆ।
ਖੇਤੀਬਾੜੀ, ਮੈਨੂਫੈਕਚਰਿੰਗ ਅਤੇ ਸੇਵਾਵਾਂ ਦੇ ਖੇਤਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਈਟੀਸੀ ਵੱਲੋਂ ਪਸਾਰੇ ਪੈਰ ਬਾਰੇ ਸੀਈਓ ਨੇ ਕਿਹਾ ਕਿ ਕੰਪਨੀ ਨਵੀਂ ਸਨਅਤੀ ਨੀਤੀ ਦੀਆਂ ਲਾਭਦਾਇਕ ਵਿਵਸਥਾਵਾਂ ਦੇ ਮੁਤਾਬਕ ਪੰਜਾਬ ਵਿੱਚ ਕਾਰੋਬਾਰ ਦਾ ਵਿਸਥਾਰ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਇੱਥੇ ਵਪਾਰ ਕਰਨਾ ਸੁਖਾਲਾ ਹੋਣਾ ਪ੍ਰਤੱਖ ਨਜ਼ਰ ਆ ਰਿਹਾ ਹੈ ਅਤੇ ਨਵੀਂ ਸਨਅਤੀ ਨੀਤੀ ਪੰਜਾਬ ਨੂੰ ਲਾਜ਼ਮੀ ਤੌਰ ’ਤੇ ਸਨਅਤੀ ਧੁਰੇ ਵਜੋਂ ਉਭਾਰੇਗੀ। ਸ੍ਰੀ ਪੁਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸੂਬਾ ਭਰ ਵਿੱਚ ਖੇਤੀ ’ਤੇ ਨਿਰਭਰ ਲੋਕਾਂ ਲਈ ਲਾਭਦਾਇਕ ਹੋਵੇਗਾ ਅਤੇ ਇਸ ਨਾਲ ਖੇਤੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਇਜਾਫ਼ਾ ਹੋਣ ਦੇ ਨਾਲ-ਨਾਲ ਕਈ ਪੱਖਾਂ ਤੋਂ ਸੂਬੇ ਦੀ ਆਰਥਿਕਤਾ ਨੂੰ ਵੀ ਫਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿੱਚ ਮੰਡੀ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ ਜਿੱਥੇ ਫਸਲ ਦੀ ਅਦਾਇਗੀ ਮੌਕੇ ’ਤੇ ਕੀਤੀ ਜਾਇਆ ਕਰੇਗਾ ਅਤੇ ਇਸ ਤੋਂ ਇਲਾਵਾ ਦੁੱਧ ਅਤੇ ਹੋਰ ਉਤਪਾਦਾਂ ਦੇ ਸਰੋਤਾਂ ਵਿੱਚ ਵਾਧਾ ਕੀਤਾ ਜਾਵੇਗਾ।
ਇਸ ਮੌਕੇ ਬਿਜਲੀ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਖ਼ਤ ਜਦੋ-ਜਹਿਦ ਕਰ ਰਹੀ ਹੈ ਅਤੇ ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਪੂਰਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਮੰਡੀ ’ਚ ਆਈ.ਟੀ.ਸੀ. ਦੀ ਸੁਵਿਧਾ ਨਾਲ ਅਨਾਜ ਦੀਆਂ ਮਸ਼ੀਨਾਂ ਨਾਲ ਸਫਾਈ ਯਕੀਨੀ ਬਣਾਈ ਜਾ ਸਕੇਗੀ ਅਤੇ ਇਹ ਅਨਾਜ ਸਾਇਲੋਜ਼ ਵਿੱਚ ਸਟੋਰ ਕੀਤਾ ਜਾਵੇਗਾ। ਆਈ.ਟੀ.ਸੀ. ਦੇ ਪੰਜ ਪਲਾਂਟਾਂ ਵਿੱਚੋਂ ਇਹ ਤੀਜਾ ਯੂਨਿਟ ਹੈ ਜੋ ਇਸ ਕੰਪਲੈਕਸ ਵਿੱਚ ਸਥਾਪਤ ਕੀਤਾ ਗਿਆ ਹੈ। ਬਾਕੀ ਦੋ ਅਗਲੇ ਸਾਲ ਮਾਰਚ ਤੱਕ ਚਾਲੂ ਹੋਣ ਦੀ ਉਮੀਦ ਹੈ।
ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਸ ਸਮੁੱਚੀ ਸੁਵਿਧਾ ਦਾ 1.5 ਮਿਲੀਅਨ ਵਰਗ ਫੁੱਟ ਖੇਤਰ ਵਿੱਚ ਪਸਾਰ ਹੋ ਜਾਵੇਗਾ ਅਤੇ ਇਹ ਦੇਸ਼ ਵਿੱਚ ਸਭ ਤੋਂ ਵੱਡੀ ਸੁਵਿਧਾ ਬਣ ਜਾਵੇਗੀ। ਨਵੀਂ ਸਨਅਤੀ ਅਤੇ ਬਿਜ਼ਨਸ ਵਿਕਾਸ ਨੀਤੀ-2017 ਦੀ ਤਰਜ਼ ’ਤੇ ਸੂਬਾ ਸਰਕਾਰ ਆਈ.ਟੀ.ਸੀ. ਦੇ ਐਂਕਰ ਯੂਨਿਟਾਂ ਲਈ ਸਾਰੀਆਂ ਵਿੱਤੀ ਰਿਆਇਤਾਂ ਉਪਲਬਧ ਕਰਾਏਗੀ ਜਿਸ ਵਿੱਚ 15 ਸਾਲ ਲਈ ਕੁੱਲ ਐਸ.ਜੀ.ਐਸ.ਟੀ. ਦਾ 100 ਫੀਸਦੀ ਮੁੜ ਭੁਗਤਾਨ ਵੀ ਸ਼ਾਮਲ ਹੈ। ਗੌਰਤਲਬ ਹੈ ਕਿ ਨਵੀਂ ਸਨਅਤੀ ਅਤੇ ਬਿਜ਼ਨਸ ਵਿਕਾਸ ਨੀਤੀ-2017 ਵਿੱਚ ਫੂਡ ਪ੍ਰੋਸੈਸਿੰਗ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਅਤੇ ਇਸ ਸੈਕਟਰ ਵਾਸਤੇ ਵੱਖ-ਵੱਖ ਵਿੱਤੀ ਅਤੇ ਗੈਰ-ਵਿੱਤੀ ਲਾਭ ਨਿਵੇਸ਼ਕਾਂ ਨੂੰ ਮੁਹੱਈਆ ਕਰਵਾਏ ਗਏ ਹਨ ਜਿਸ ਵਿੱਚ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉਣ ਤੋਂ ਇਲਾਵਾ ਕੁੱਲ ਐਸ.ਜੀ.ਐਸ.ਟੀ. ਦਾ 100 ਫੀਸਦੀ ਮੁੜ ਭੁਗਤਾਨ, ਬਿਜਲੀ ਕਰ, ਸਟੈਂਪ ਡਿਊਟੀ, ਸੀ.ਐਲ.ਯੂ/ਈ.ਡੀ.ਸੀ. ’ਤੇ 100 ਫੀਸਦੀ ਛੋਟ, 10 ਸਾਲ ਲਈ ਕੱਚੇ ਮਾਲ ’ਤੇ ਸਾਰੇ ਟੈਕਸਾਂ ਅਤੇ ਫੀਸ ਦੀ 100 ਫੀਸਦੀ ਛੋਟ ਅਤੇ ਪੀ.ਏ.ਪੀ.ਆਰ.ਏ. ਤੋਂ ਛੋਟ ਸ਼ਾਮਲ ਹਨ।
ਆਈ.ਟੀ.ਸੀ. ਆਪਣੇ ਵਪਾਰ ਵਿੱਚ ਵਿਭਿੰਨਤਾ ਲਿਆਉਂਦੀ ਹੈ ਅਤੇ ਇਹ ਪੰਜਾਬ ਵਿੱਚ ਆਪਣੀ ਹੋਂਦ ਨੂੰ ਵਧਾ ਰਹੀ ਹੈ। ਇਸ ਦੀਆਂ ਕਈ ਸਹਿ-ਉਤਪਾਦਨ ਇਕਾਈਆਂ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਵਿਸ਼ਵ ਪੱਧਰੀ ਖੁਰਾਕ ਉਤਪਾਦ ਤਿਆਰ ਕਰ ਰਹੀਆਂ ਹਨ। ਆਈ.ਟੀ.ਸੀ. ਦੀ ਸਹਾਇਕ ਇਕਾਈ ਟੈਕਨੀਕੋ ਭਾਰਤ ਵਿੱਚ ਛੇਤੀ ਤਿਆਰ ਹੋਣ ਵਾਲੇ ਆਲੂਆਂ ਦੇ ਬੀਜ ਪੈਦਾ ਕਰਨ ਵਾਲੀ ਸਭ ਤੋਂ ਵੱਡੀ ਉਤਪਾਦਕ ਹੈ ਅਤੇ ਇਹ ਸੂਬੇ ਵਿੱਚ ਖੇਤੀ ਵਿਕਾਸ ਪ੍ਰੋਗਰਾਮ ’ਚ ਪੂਰੀ ਸਰਗਰਮੀ ਨਾਲ ਲੱਗੀ ਹੋਈ ਹੈ। ਇਸ ਤੋਂ ਇਲਾਵਾ ਆਈ.ਟੀ.ਸੀ. ਸੂਬੇ ਦੇ ਸੈਰ-ਸਪਾਟਾ ਸੈਕਟਰ ਵਿੱਚ ਅਸਰਦਾਇਕ ਯੋਗਦਾਨ ਦੇ ਰਹੀ ਹੈ। ਇਸ ਦੀ ‘ਵੈਲਕਮ ਹੈਰੀਟੇਜ ਬਰਾਂਡ’ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਖੋਲਿਂਆ ਗਿਆ ਹੈ। ਆਈ.ਟੀ.ਸੀ. ਦੇ ਦੋ ਹੋਰ ਪ੍ਰਮੁੱਖ ਹੋਟਲ ‘ਵੈਲਕਮ ਹੋਟਲ’ ਅਤੇ ‘ਫਾਰਚੂਨ ਬਰਾਂਡ’ ਵੀ ਛੇਤੀਂ ਖੁੱਲ੍ਹਂ ਰਹੇ ਹਨ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਨਵਤੇਜ ਸਿੰਘ ਚੀਮਾ, ਰਮਨਜੀਤ ਸਿੰਘ ਸਿੱਕੀ ਅਤੇ ਅਮਰਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਅਤੇ ਰਾਜਬੰਸ ਕੌਰ ਰਾਣਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਕੱਤਰ ਉਦਯੋਗ ਰਾਕੇਸ਼ ਵਰਮਾ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ, ਆਈ.ਜੀ.ਪੀ. ਅਰਪਿਤ ਸ਼ੁਕਲਾ, ਡੀ.ਆਈ.ਜੀ. ਜਸਕਰਨ ਸਿੰਘ, ਐਸ.ਐਸ.ਪੀ. ਸਨਦੀਪ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸ਼ਾਮਲ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…