ਐਸਟੀਐਫ਼ ਵੱਲੋਂ 2 ਨਾਇਜੀਰੀਅਨ 800 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ

ਫੁੱਟਬਾਲ ਦਾ ਸਾਬਕਾ ਖਿਡਾਰੀ ਹੈ ਇੱਕ ਨਾਇਜੀਰੀਅਨ, ਵਿਦਿਆਰਥੀ ਵੀਜੇ ’ਤੇ ਆਏ ਸੀ ਭਾਰਤ, ਨਸ਼ਾ ਵੇਚਣ ਦੇ ਰਾਹ ਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਿਤ ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਦੋ ਨਾਇਜੀਰੀਅਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 800 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਅਤੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਨਾਇਜੀਰੀਅਨ ਕੋਲੋਂ ਬਰਾਮਦ ਹੈਰੋਇਨ ਦੀ ਕੀਮਤ ਇੰਟਰ ਨੈਸ਼ਨਲ ਮਾਰਕੀਟ ਵਿੱਚ ਕਰੀਬ ਇੱਕ ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨਾਇਜੀਰੀਅਨ ਚੰਡੀਗੜ੍ਹ ਦੇ ਰਸਤੇ ਰਾਹੀਂ ਮੁਹਾਲੀ ਵਿੱਚ ਹੈਰੋਇਨ ਦੀ ਸਪਲਾਈ ਦੇਣ ਆਉਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਮੁਖਬਰ ਖਾਸ ਦੀ ਸੂਚਨਾ ’ਤੇ ਏਐਸਆਈ ਅਵਤਾਰ ਸਿੰਘ ਸੋਹੀ ਦੀ ਅਗਵਾਈ ਹੇਠ ਐਸਟੀਐਫ਼ ਦੀ ਵਿਸ਼ੇਸ਼ ਟੀਮ ਵੱਲੋਂ ਇੱਥੋਂ ਦੇ ਫੇਜ਼-8 ਵਿੱਚ ਸਥਿਤ ਵਾਈਪੀਐਸ ਚੌਕ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਨਾਇਜੀਰੀਅਨਾਂ ਨੂੰ 800 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਚੀਬੁਆਏ ਅਤੇ ਮੋਰੇ ਬੰਬਮ ਵਾਸੀ ਨਾਇਜੀਰੀਆ ਹਾਲ ਵਾਸੀ ਵਿਕਾਸ ਪੁਰੀ ਨਵੀਂ ਦਿੱਲੀ ਵਜੋਂ ਹੋਈ ਹੈ।
ਐਸਪੀ ਸੋਹਲ ਨੇ ਦੱਸਿਆ ਕਿ ਐਸਟੀਐਫ਼ ਵੱਲੋਂ ਹੁਣ ਤੱਕ ਨਸ਼ਾ ਤਸਕਰੀ ਦੇ 43 ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚ 15 ਨਾਇਜੀਰੀਅਨਾਂ ਨੂੰ ਗ੍ਰਿਫ਼ਤਾਰ ਕਰਕੇ ਹਵਾਲਾਤ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 22 ਦਸੰਬਰ ਨੂੰ ਵੀ ਐਸਟੀਐਫ ਦੀ ਟੀਮ ਨੇ ਇੱਕ ਨਾਇਜੀਨੀਅਨ ਨੂੰ 200 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਹਰਭਜਨ ਸਿੰਘ ਨੇ ਪੁਲੀਸ ਕਰਮਚਾਰੀਆਂ ਨਾਲ ਇੱਥੋਂ ਦੇ ਸਨਅਤੀ ਏਰੀਆ ਫੇਜ਼-3 ਵਿੱਚ ਸਥਿਤ ਮੈਗੋ ਪਾਰਕ ਨੇੜੇ ਗਸ਼ਤ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨਾਇਜੀਰੀਅਨ ਨਸ਼ਾ ਸਪਲਾਈ ਕਰਨ ਲਈ ਗਾਹਕਾਂ ਦੀ ਤਲਾਸ਼ ਵਿੱਚ ਹੈ। ਪੁਲੀਸ ਨੇ ਪਾਰਕ ਵਿੱਚ ਛਾਪੇਮਾਰੀ ਕਰਕੇ ਨਾਇਜੀਰੀਅਨ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਦੌਰਾਨ 200 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 50 ਹਜ਼ਾਰ ਰੁਪਏ ਡਰੱਗੀ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਦਿਆਰਥੀ ਵੀਜ਼ਾ ’ਤੇ ਭਾਰਤ ਆਏ ਸੀ ਲੇਕਿਨ ਇੱਥੇ ਪੜ੍ਹਾਈ ਕਰਨ ਦੀ ਥਾਂ ਨਸ਼ਿਆਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ। ਮੁਲਜ਼ਮ ਚੀਬੁਆਏ ਫੁੱਟਬਾਲ ਦਾ ਖਿਡਾਰੀ ਰਹਿ ਚੁੱਕਾ ਹੈ ਅਤੇ ਹੁਣ ਉਸ ਨੇ ਆਪਣਾ ਵੀਜਾ ਅਤੇ ਪਾਸਪੋਰਟ ਵੀ ਗੁਆ ਦਿੱਤਾ ਹੈ। ਮੁਲਜ਼ਮ ਮੋਰੇ ਬੰਬਮ ਅਨੁਸਾਰ ਉਸ ਦਾ ਪਾਸਪੋਰਟ ਅਤੇ ਵੀਜਾ ਵੀ ਕਿਤੇ ਗੁੰਮ ਹੋ ਗਿਆ ਹੈ। ਐਸਪੀ ਨੇ ਦੱਸਿਆ ਕਿ ਨਸ਼ਾ ਤਸਕਰੀ ਦਾ ਮੱਕੜ ਜਾਲ ਤੋੜਨ ਲਈ ਐਸਟੀਐਫ਼ ਵੱਲੋਂ ਮੁਲਜ਼ਮਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਇਜੀਰੀਅਨਾਂ ਤੋਂ ਪੁੱਛਗਿੱਛ ਦੌਰਾਨ ਨਸ਼ਿਆਂ ਦੇ ਕਾਰੋਬਾਰ ਸਬੰਧੀ ਪੁਲੀਸ ਨੂੰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਇਸ ਗੋਰਖਧੰਦੇ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਬਾਰੇ ਸੁਰਾਗ ਲਾਇਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…