ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਹੇਠ ਐਨਡੀਏ ਬੈਚ ਦੀ 58 ਸਾਲ ਬਾਅਦ ਹੋਈ ਮਿਲਣੀ ਮੌਕੇ ਯਾਦਾਂ ਦਾ ਵਹਿਣ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੇ ਆਪਣੇ ਬੈਚ ਸਾਥੀਆਂ ਦੀ ਮੇਜ਼ਬਾਨੀ ਕਰਕੇ ਉਨ੍ਹਾਂ ਨੂੰ ਰਾਤ ਦਾ ਖਾਣਾ ਦਿੱਤਾ ਅਤੇ ਇਸ ਮਿਲਨੀ ਦੌਰਾਨ ਤਕਰੀਬਨ 58 ਸਾਲ ਪੁਰਾਣੇ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ। ਆਪਣੇ 57ਵੇਂ ਬੈਚ ਸਾਥੀਆਂ ਨਾਲ ਸਬੰਧਾਂ ਵਿਚਲੇ ਲੰਮੇ ਸਮੇਂ ਦੇ ਪਾੜੇ ਨੂੰ ਦਰਕਿਨਾਰ ਕਰਦੇ ਹੋਏ ਮੁੱਖ ਮੰਤਰੀ ਨੇ ਐਨਡੀਏ ਖੜਕਵਸਲਾ ਦੇ ਆਪਣੇ ਸਾਥੀਆਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਤਜ਼ਰਬਿਆਂ ਨੂੰ ਯਾਦ ਕੀਤਾ ਅਤੇ ਅਨੇਕਾਂ ਸਾਲ ਪਹਿਲਾਂ ਰੱਖਿਆ ਸਵੇਵਾਂ ਦੀ ਸਿਖਲਾਈ ਦੌਰਾਨ ਦੇ ਦਿਨਾਂ ਦੀ ਯਾਦਾਂ ਸਾਂਝੀਆਂ ਕੀਤੀਆਂ। ਇਨ੍ਹਾਂ ਪੁਰਾਣੇ ਸਾਥੀਆਂ ਦੀ ਆਪਸੀ ਜ਼ਿੰਦਗੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਸ ਮਿਲਣੀ ਨੇ ਇੱਕ ਵਿਸ਼ੇਸ਼ ਮੌਕਾ ਮੁਹੱਈਆ ਕਰਾਇਆ ਕਿਉਂਕਿ ਇਹ ਫੌਜੀ ਇਸ ਲੰਮੇ ਸਮੇਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਤਾਇਨਾਤ ਸਨ ਜੋ ਇਸ ਸਮੇਂ ਦੌਰਾਨ ਇਕ ਦੂਜੇ ਨੂੰ ਭਾਲਦੇ ਵੀ ਰਹੇ ਪਰ ਹੁਣ ਜਾ ਕੇ ਮਿਲੇ।
ਇਹ ਫੌਜੀ ਅਫਸਰ ਟ੍ਰੇਨਿੰਗ ਤੋਂ ਬਾਅਦ ਭਾਰਤੀ ਫੌਜ ਦੇ ਵੱਖ-ਵੱਖ ਵਿੰਗਾਂ ਵਿੱਚ ਚਲੇ ਗਏ ਸਨ। ਇਹ ਨੌਜਵਾਨ ਮੁੰਡੇ ਉਸ ਸਮੇਂ ਆਪਣੀ ਮਾਤਰ-ਭੂਮੀ ਦੀ ਸੇਵਾ ਲਈ ਵਚਨਬੱਧ ਸਨ। ਰੱਖਿਆਂ ਸੇਵਾਵਾਂ ਅਤੇ ਆਪਣੇ ਦੇਸ਼ ਲਈ ਉਨ੍ਹਾਂ ਦਾ ਪਿਆਰ ਠਾਠਾਂ ਮਾਰਦਾ ਸੀ। ਪਿਛਲੀ ਰਾਤ ਹੋਈ ਇਸ ਕੁਝ ਘੰਟਿਆ ਦੀ ਮੀਟਿੰਗ ਦੌਰਾਨ ਵੀ ਇਹ ਯਾਦਾਂ ਖੁੱਲ੍ਹ ਕੇ ਸਾਹਮਣੇ ਆਈਆਂ ਅਤੇ ਉਨ੍ਹਾਂ ਦਾ ਜੋਸ਼ ਅਜੇ ਵੀ ਠਾਠਾਂ ਮਾਰਦਾ ਸੀ। ਆਪਣੇ ਬਚਪਨ ਤੋਂ ਹੀ ਹਥਿਆਰਾਂ ਵੱਲ ਆਕਰਸ਼ਿਤ ਅਤੇ ਆਪਣੇ ਆਪ ਨੂੰ ਫੌਜ ਦੀ ਵਰਦੀ ਵਿੱਚ ਦੇਖਣ ਦਾ ਸੁਪਨਾ ਲੈਣ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦਾ ਹੀ ਸਿਰਫ ਉਨ੍ਹਾਂ ਨੇ ਸੁਪਨਾ ਲਿਆ ਸੀ ਅਤੇ ਇਸ ਦੇ ਬਾਰੇ ਹੀ ਆਪਣੇ ਜੀਵਨ ਦੀ ਤਸਵੀਰ ਸਿਰਜੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਇਸ ਬੈਚ ਦਾ ਹਰੇਕ ਸਾਥੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਅਤੇ ਇਹ ਭਾਵਨਾਵਾਂ ਉਨ੍ਹਾਂ ਦੇ ਫੌਜੀ ਜੀਵਨ ਦੀਆਂ ਯਾਦਾਂ ’ਤੇ ਉਕਰੀਆਂ ਹੋਈਆਂ ਸਨ।
ਤਕਰੀਬਨ ਛੇ ਦਹਾਕੇ ਇਕ ਦੂਜੇ ਤੋਂ ਅਲੱਗ ਰਹੇ ਇਨ੍ਹਾਂ 58 ਫੌਜੀਆਂ ਨੇ ਸਖਤ ਸਿਖਲਾਈ ਦੇ ਦਿਨਾਂ ਬਾਰੇ ਸਪੱਸ਼ਟ ਤੌਰ ’ਤੇ ਗੱਲਾਂ ਕੀਤੀਆਂ ਜਿਸ ਤੋਂ ਬਾਅਦ ਹੀ ਫੌਜ ਦੀ ਇਹ ਵਰਦੀ ਪਹਿਣ ਸਕੇ ਸਨ। ਜਤੂਨ ਦੀ ਹਰੀ ਵਰਦੀ ਦੀ ਚੋਣ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਜੁਲਾਈ 1959 ਦੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਉਹ ਐਨ.ਡੀ.ਏ. ਵਿੱਚ ਜੋਰਜ (ਹੁਣ ਡੈਲਟਾ) ਸਕਵੈਰਡਨ ਵਿੱਚ ਸ਼ਾਮਲ ਹੋਏ ਸਨ ਜੋ ਕਿ ਖੜਕਵਾਸਲਾ ਝੀਲ ਦੇ ਕਿਨਾਰਿਆਂ ’ਤੇ ਸਥਿਤ ਸੀ। ਉਨ੍ਹਾਂ ਦੇ ਬੈਚ ਦੇ ਕਈ ਸਾਥੀਆਂ ਨੇ ਕੈਪਟਨ ਅਮਰਿੰਦਰ ਦੇ ਫੌਜ ਪ੍ਰਤੀ ਪਿਆਰ ਦਾ ਜ਼ਿਕਰ ਕੀਤਾ ਅਤੇ ਇਹ ਯਾਦਾਂ ਉਨ੍ਹਾਂ ਦੀ ਯਾਦਾਸ਼ਤ ਵਿੱਚ ਧੁਰ ਅੰਦਰ ਤੱਕ ਸਮੋਈਆਂ ਹੋਈਆਂ ਸਨ। ਕੈਪਟਨ ਅਮਰਿੰਦਰ ਸਿੰਘ ਦੇ ਬੈਚ ਦੇ ਸਾਥੀਆਂ ਨੇ ਉਸ ਦੇ ਵਧੀਆ ਕੈਡੇਟ ਹੋਣ ਦੀ ਗੱਲ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਐਨ.ਡੀ.ਏ. ਵਿਖੇ ਘੋੜਸਵਾਰੀ ਅਤੇ ਪੋਲੋ ਟੀਮ ਦੀ ਕਪਤਾਨੀ ਕੀਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ 1963 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਸੀ ਅਤੇ ਉਹ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿੱਚ ਤਾਇਨਾਤ ਹੋਏ ਸਨ। ਇਹ ਉਹੀ ਬਟਾਲੀਅਨ ਸੀ ਜਿਸ ਵਿੱਚ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਦਾਦੇ ਨੇ ਸੇਵਾ ਨਿਭਾਈ ਸੀ। ਫੌਜੀ ਤੋਂ ਸਿਆਸਤਦਾਨ ਬਣੇ ਇਸ ਬੈਚ ਦੇ ਇਸ ਸਾਥੀ ਲਈ ਇਹ ਮਿਲਣੀ (ਰੀਯੂਨੀਅਨ) ਇਕ ਖੁਸ਼ੀਆਂ-ਖੇੜਿਆਂ ਵਾਲਾ ਪਲ ਸੀ। ਪਿਛਲੇ 40 ਸਾਲ ਬਾਅਦ ਇਹ ਮਿਲਣੀ ਉਨ੍ਹਾਂ ਲਈ ਇਕ ਸੁਪਨੇ ਵਾਂਗ ਸੀ। ਉਨ੍ਹਾਂ ਨੇ ਆਉਂਦਿਆਂ ਵਰ੍ਹਿਆਂ ਦੌਰਾਨ ਵੀ ਇਸ ਤਰ੍ਹਾਂ ਦੀ ਮਿਲਣੀ ਨੂੰ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਦੀ ਇਨ੍ਹਾਂ ਯਾਦਾਂ ਨੂੰ ਉਹ ਪੂਰਾ ਜੀਵਨ ਕਦੀ ਨਹੀਂ ਭੁਲ ਸਕਦੇ ਅਤੇ ਉਨ੍ਹਾਂ ਲਈ ਇਕ ਹੋਰ ਨਵੇਂ ਤਜ਼ਰਬੇ ਵਾਂਗ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਜਨਰਲ ਕਮਲ ਡਾਵਰ, ਸਾਬਕਾ ਮੁਖੀ ਡਿਫੈਂਸ ਇੰਟੈਲੀਜੈਂਸ ਏਜੰਸੀ ਵੱਲੋਂ ਲਿਖੀ ‘ਟ੍ਰਿਸਟ ਵਿਦ ਪਰਫਿਡੀ’ ਨਾਂ ਦੀ ਕਿਤਾਬ ਵੀ ਜਾਰੀ ਕੀਤੀ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਲੈਫਟੀਨੈਂਟ ਜਨਰਲ ਜੀ. ਐਸ. ਸਹੋਤਾ, ਲੈਫਟੀਨੈਂਟ ਜਨਰਲ ਬੀ.ਐਮ. ਕਪੂਰ, ਲੈਫਟੀਨੈਂਟ ਜਨਰਨ ਨਟਰਾਜਨ, ਲੈਫਟੀਨੈਂਟ ਜਨਰਲ ਕਮਲ ਡਾਵਰ, ਏਅਰ ਚੀਫ ਮਾਰਸ਼ਲ ਸਿਸੋਦੀਆ, ਮੇਜਰ ਜਨਰਲ ਐਮ. ਐਸ. ਪਰਮਾਰ, ਲੈਫਟੀਨੈਂਟ ਜਨਰਲ ਪ੍ਰਕਾਸ਼ ਸੂਰੀ, ਲੈਫਟੀਨੈਂਟ ਜਨਰਲ ਨਰਾਇਨ ਚੈਟਰਜੀ, ਕੋਮੋਡੋਰ ਨਾਥ ਅਤੇ ਮੇਜਰ ਜਨਰਲ ਗੁਰਜੀਤ ਸਿੰਘ ਰੰਧਾਵਾਂ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …