nabaz-e-punjab.com

ਸਰਕਾਰੀ ਹਸਪਤਾਲਾਂ ਵਿੱਚ ਟੀਬੀ ਦੇ ਸ਼ੱਕੀ ਮਰੀਜ਼ਾਂ ਦਾ ਮੁਫ਼ਤ ਐਕਸ-ਰੇਅ: ਬ੍ਰਹਮ ਮਹਿੰਦਰਾ

ਟੀਬੀ ਦੇ ਮਲਟੀ ਡਰੱਗ ਰਜਿਸਟੇਂਟ ਮਰੀਜ਼ਾਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦਿੱਤਾ ਜਾਵੇਗਾ

ਨਿਊ ਡੇਲੀ ਡਰੱਗ ਰੈਜ਼ਿਮੇਨ ਪ੍ਰੋਗਰਾਮ ਅਧੀਨ 2572 ਟੀਬੀ ਦੇ ਮਰੀਜ਼ਾਂ ਨੂੰ ਕੀਤਾ ਗਿਆ ਕਵਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਦਸੰਬਰ:
ਪੰਜਾਬ ਵਿੱਚ ਟੀ.ਬੀ. ਨੂੰ 2025 ਤੱਕ ਖਤਮ ਕਰਨ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦਾ ਮੁਫਤ ਐਕਸ-ਰੇ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ਤੇ ਫੈਸਲਾ ਲੈਦਿਆਂ ਮਲਟੀ ਡਰੱਗ ਰਜਿਸਟੇਂਟ ਮਰੀਜ਼ਾਂ ਨੂੰ ਮੁਫਤ ਪੋਸ਼ਟਿਕ ਆਹਾਰ ਮੁੱਹਇਆ ਕਰਵਾਉਣ ਦਾ ਅਹਿਮ ਫੈਸਲਾ ਵੀ ਲਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁਫਤ ਐਕਸ-ਰੇ ਦੀ ਸੁਵਿਧਾ ਸਬੰਧੀ ਹਦਾਇਤਾਂ ਸੂਬੇ ਦੇ ਸਾਰੇ ਸਿਵਲ ਸਰਜ਼ਨਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸੇਵਾ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਟੀਬੀ ਦੇ ਮਲਟੀ ਡਰੱਗ ਰਜਿਸਟੇਂਟ ਮਰੀਜ਼ਾਂ ਨੂੰ ਮੁਫਤ ਪੋਸ਼ਟਿਕ ਆਹਾਰ ਮੁਹੱਇਆ ਕਰਵਾਉਣ ਦਾ ਵੀ ਅਹਿਮ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਜਲਦ ਟੀਬੀ ਦੇ ਐਮ.ਡੀ.ਆਰ. ਮਰੀਜ਼ਾਂ ਨੂੰ ਤਾਕਤ ਪ੍ਰਦਾਨ ਕਰਨ ਲਈ ਇਹ ਆਹਾਰ ਦਿੱਤਾ ਜਾਵੇਗਾ ਅਤੇ ਇਹ ਮਰੀਜ਼ ਆਟਾ-ਦਾਲ ਸਕੀਮ ਦੇ ਲਾਭ ਲੈਣ ਲਈ ਵੀ ਯੋਗ ਸਮਝੇ ਜਾਣਗੇ। ਇਨ੍ਹਾਂ ਟੀ.ਬੀ. ਦੇ ਐਮ.ਡੀ.ਆਰ. ਮਰੀਜ਼ਾਂ ਨੂੰ ਸਰਕਾਰ ਵਲੋਂ ਨੀਲੇ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਟੀ.ਬੀ. ਇਕ ਅਜਿਹੀ ਬਿਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਆਸਾਨੀ ਨਾਲ ਫੈਲ ਸਕਦੀ ਹੈ। ਇਸ ਦੀ ਲਪੇਟ ਵਿੱਚ ਬੱਚੇ, ਬਜ਼ੁਰਗ, ਝੁੱਗੀ-ਝੋਪੜੀਆਂ ਚ ਰਹਿਣ ਵਾਲੇ ਲੋਕ ਅਤੇ ਸ਼ੁਗਰ ਦੇ ਮਰੀਜ਼ਾਂ ਨੂੰ ਆਉਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਜਿਸ ਲਈ ਟੀ.ਬੀ. ਦਾ ਸਮੇਂ ਤੇ ਪਤਾ ਲਗਾਉਣ ਅਤੇ ਇਲਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ ’ਐਕਟਿਵ ਕੇਸ ਫਾਈਡਿੰਗ’ ਸਕਰੀਨਿੰਗ ਪ੍ਰੋਗਰਾਮ ਵੀ ਚਲਾਇਆ ਗਿਆ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਇਸ ਸਕਰੀਨਿੰਗ ਪ੍ਰੋਗਰਾਮ ਦਾ ਮੁੱਖ ਮੰਤਵ ਟੀ.ਬੀ. ਦੀ ਬਿਮਾਰੀ ਤੋਂ ਅਣਜਾਣ ਮਰੀਜ਼ਾਂ ਦੀ ਪਹਿਚਾਣ ਕਰਨਾ ਹੈ, ਜਿਨ੍ਹਾਂ ਨੂੰ ਸਿਹਤ ਸੁਵਿਧਾਵਾਂ ਉਪਲਬਧ ਨਹੀਂ ਹੋਈਆਂ ਹਨ ਜਾਂ ਜਿਨ੍ਹਾਂ ਵਿੱਚ ਟੀ.ਬੀ. ਦੇ ਲੱਛਣ ਨਹੀਂ ਹਨ ਜਾਂ ਫਿਰ ਲੱਛਣ ਪਾਏ ਜਾਂਦੇ ਹਨ ਦਾ ਸੈਂਪਲ ਲੈ ਕੇ ਟੈਸਟ ਕਰਨੇ ਹਨ। ਉਨ੍ਹਾਂ ਟੀ.ਬੀ. ਦੀ ਬਿਮਾਰੀ ਤੋਂ ਅਣਜਾਣ ਮਰੀਜ਼ਾਂ ਸਬੰਧੀ ਆਂਕੜੇ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 235929 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਜਿਨ੍ਹਾਂ ਵਿੱਚੋਂ 1407 ਵਿਅਕਤੀਆਂ ਦੇ ਥੁੱਕ ਦਾ ਟੈਸਟ ਕੀਤਾ ਗਿਆ ਅਤੇ 35 ਮਰੀਜ਼ ਟੀ.ਬੀ. ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ। ਸਿਹਤ ਮੰਤਰੀ ਨੇ ਸਕਰੀਨਿੰਗ ਪ੍ਰੋਗਰਾਮ ਦੇ ਅਗਲੇ ਪੜਾਵਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ, ਮਾਨਸਾ, ਫਾਜ਼ਿਲਕਾ, ਰੂਪਨਗਰ, ਤਰਨ ਤਾਰਨ, ਅਤੇ ਹੁਸ਼ਿਆਰਪੁਰ ਵਿੱਚ 857379 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 5585 ਵਿਅਕਤੀਆਂ ਦੇ ਥੁੱਕ ਦਾ ਟੈਸਟ ਕੀਤਾ ਗਿਆ ਅਤੇ 212 ਵਿਅਕਤੀ ਟੀ.ਬੀ. ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਕਰੀਨਿੰਗ ਪ੍ਰੋਗਰਾਮ ਦੀ ਸਫਲਤਾ ਨੂੰ ਦੇਖਦਿਆਂ ਸੂਬੇ ਦੇ ਬਾਕੀ ਰਹਿੰਦੇ ਜ਼ਿਲ੍ਹੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਖੇ ਮਾਰਚ ਮਹੀਨੇ ਦੌਰਾਨ ਸਕਰੀਨਿੰਗ ਪ੍ਰੋਗਰਾਮ ਚਲਾਉਣ ਦਾ ਅਹਿਮ ਫੈਸਲਾ ਲਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਹੈੱਡ ਕੁਆਟਰ ਤੇ ਫਰਵਰੀ, 2018 ਤੱਕ ਮਾਈਕਰੋ ਪਲਾਨ ਭੇਜਣ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡਾਟ ਕੇਂਦਰ ਵਿਖੇ ਟੀ.ਬੀ. ਦੇ ਮੁਫਤ ਇਲਾਜ ਤੋਂ ਇਲਾਵਾ ਸਿਹਤ ਵਿਭਾਗ ਨੇ ਨਿਊ ਡੇਲੀ ਡਰੱਗ ਰੈਜ਼ੀਮੇਨ ਪ੍ਰੋਗਰਾਮ ਅਧੀਨ 2572 ਟੀ.ਬੀ. ਦੇ ਮਰੀਜ਼ਾਂ ਨੂੰ ਕਵਰ ਕੀਤਾ ਹੈ ਜਿਸ ਅਧੀਨ ਇਨ੍ਹਾਂ ਮਰੀਜ਼ਾਂ ਨੂੰ ਹਫਤੇ ਵਿੱਚ ਤਿੰਨ ਵਾਰ ਦਵਾਈ ਦੇਣ ਦੀ ਜਗਾ ਰੋਜ਼ਾਨਾ ਦਵਾਈ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋਂ ਟੀ.ਬੀ. ਨੂੰ 2025 ਤੱਕ ਜੜੋਂ ਖਤਮ ਕਰਨ ਦੇ ਟੀਚੇ ਨੂੰ ਪਾਇਆ ਜਾ ਸਕੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …