ਮੁਹਾਲੀ ਨਗਰ ਨਿਗਮ ਦੀ ਅਹਿਮ ਮੀਟਿੰਗ ਅੱਜ, ਮੇਅਰ ਕੁਲਵੰਤ ਸਿੰਘ ਹੀ ਕਰਨਗੇ ਪ੍ਰਧਾਨਗੀ

ਸ਼ਹਿਰ ਦੇ ਵਿਕਾਸ ਲਈ 10 ਕਰੋੜ ਅਤੇ ਮੁਹਾਲੀ ਦੀਆਂ 3 ਪ੍ਰਮੁੱਖ ਸੜਕਾਂ ਨੂੰ ਚੌੜਾ ਕਰਨ ਲਈ 60 ਕਰੋੜ ਦੇ ਮਤੇ ਹੋਣਗੇ ਪੇਸ਼ੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਮੁਹਾਲੀ ਨਗਰ ਨਿਗਮ ਦੀ ਅੱਜ 5 ਦਸੰਬਰ ਨੂੰ ਸਵੇਰੇ ਸਾਢੇ 11 ਵਜੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਵੇਗੀ। ਜਿਸ ਵਿੱਚ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 10 ਕਰੋੜ ਦੇ ਮਤਿਆਂ ਨੂੰ ਹਾਊਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਜੰਡੇ ਵਿੱਚ ਕਰੀਬ 60 ਕਰੋੜ ਦੀ ਲਾਗਤ ਨਾਲ ਮੁਹਾਲੀ ਦੀਆਂ ਤਿੰਨ ਪ੍ਰਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਬਣਾਉਣ ਦਾ ਮਤਾ ਸ਼ਾਮਲ ਹੈ।
ਹਾਲਾਂਕਿ ਪਹਿਲਾਂ ਅੱਜ ਸ਼ਾਮ ਨੂੰ ਇਹ ਅਫ਼ਵਾਹ ਉੱਡ ਗਈ ਸੀ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਵਿੱਚ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮੀਟਿੰਗ ਦੀ ਪ੍ਰਧਾਨਗੀ ਅਤੇ ਮੀਟਿੰਗ ਹੋਣ ਜਾਂ ਨਾ ਹੋਣ ਬਾਰੇ ਕੌਂਸਲਰਾਂ ਵਿੱਚ ਭੰਬਲਭੂਸਾ ਪਾਇਆ ਜਾ ਰਿਹਾ ਸੀ ਲੇਕਿਨ ਬਾਅਦ ਵਿੱਚ ਸਰਕਾਰ ਨੇ ਯੂ ਟਰਨ ਲੈਂਦਿਆਂ ਨਵੇਂ ਸਿਰਿਓਂ ਰਿਵਾਈਜ਼ਡ ਪ੍ਰੈਸ ਰਿਲੀਜ਼ ਕਰਕੇ ਸਪੱਸ਼ਟ ਕੀਤਾ ਗਿਆ ਕਿ ਮੇਅਰ ਨੂੰ ਮੁਅੱਤਲ ਨਹੀਂ ਕੀਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਕਾਰਨ ਦੱਸੋ ਨੋਟਿਸ ਹੀ ਜਾਰੀ ਕੀਤਾ ਗਿਆ ਹੈ। ਇਹ ਖ਼ਬਰ ਸੁਣਦਿਆਂ ਹੀ ਮੇਅਰ ਧੜੇ ਦੇ ਕੌਂਸਲਰਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਜਦੋਂ ਕਿ ਇਸ ਤੋਂ ਪਹਿਲਾਂ ਮੇਅਰ ਧੜੇ ਵਿੱਚ ਮਾਯੂਸ਼ੀ ਅਤੇ ਕਾਂਗਰਸੀ ਕੌਂਸਲਰਾਂ ਨੇ ਚਿਹਰੇ ਖਿੱਲ ਉੱਠੇ ਸਨ ਅਤੇ ਕਈ ਕਾਂਗਰਸੀ ਕੌਂਸਲਰਾਂ ਨੇ ਮੇਅਰ ਬਣਨ ਦੇ ਸੁਪਨੇ ਦੇਖਣੇ ਵੀ ਸ਼ੁਰੂ ਕਰ ਦਿੱਤੇ ਸਨ। ਦੱਸਣਯੋਗ ਹੈ ਕਿ ਅਕਾਲੀ ਮੇਅਰ ਨੂੰ ਜਰਮਨੀ ਮਸ਼ੀਨ ਦੀ ਖਰੀਦ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ ਜਦੋਂ ਕਿ ਸਚਾਈ ਇਹ ਹੈ ਕਿ ਪਿਛਲੇ 27 ਨਵੰਬਰ ਨੂੰ ਹੋਈ ਨਿਗਮ ਦੀ ਮੀਟਿੰਗ ਵਿੱਚ ਖ਼ੁਦ ਅਕਾਲੀ ਕੌਂਸਲਰਾਂ ਨੇ ਦਰਖਤਾਂ ਦੀ ਕਟਾਈ ਤੇ ਛੰਗਾਈ ਲਈ ਜਰਮਨ ਤੋਂ ਖਰੀਦੀ ਜ਼ਮੀਨ ਦਾ ਮੁੱਦਾ ਚੁੱਕਿਆ ਸੀ।
ਉਧਰ, ਮੇਅਰ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਕਦੇ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਹੈ ਅਤੇ ਮੈਗਾ ਹਾਊਸਿੰਗ ਪ੍ਰਾਜੈਕਟਾਂ ਤੋਂ ਲੈ ਕੇ ਪਹਿਲਾਂ ਦੋ ਵਾਰ ਨਗਰ ਕੌਂਸਲ ਦਾ ਪ੍ਰਧਾਨ ਹੁੰਦਿਆਂ ਅਤੇ ਹੁਣ ਮੁਹਾਲੀ ਦਾ ਪਹਿਲਾ ਮੇਅਰ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਹੀ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਅੱਜ ਤੱਕ ਉਨ੍ਹਾਂ ਦੀ ਕੋਈ ਵਿਕਾਸ ਯੋਜਨਾ ਫੇਲ੍ਹ ਵੀ ਨਹੀਂ ਹੋਈ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਕੰਮਾਂ ਲਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਮੇਅਰ ਕੁਲਵੰਤ ਸਿੰਘ ਦੇ ਕੰਮ ਕਰਨ ਦਾ ਢੰਗ ਤਰੀਕਾ ਬਹੁਤ ਹੀ ਨਿਰਾਲਾ ਅਤੇ ਬੜਾ ਪਾਰਦਰਸ਼ੀ ਹੈ ਅਤੇ ਉਨ੍ਹਾਂ ਦੇ ਕੰਮ ਪ੍ਰਤੀ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੈ ਪ੍ਰੰਤੂ ਹੁਣ ਗੰਧਲੀ ਰਾਜਨੀਤੀ ਦਾ ਮੁਹਾਲੀ ਦੇ ਵਿਕਾਸ ’ਤੇ ਪ੍ਰਛਾਵਾਂ ਪੈਣਾ ਸ਼ੁਰੂ ਹੋ ਗਿਆ ਹੈ, ਜੋ ਸ਼ਹਿਰ ਦੀ ਤਰੱਕੀ ਦੇ ਰਾਹ ਵਿੱਚ ਅੜਿੱਕੇ ਖੜੇ ਕਰਨ ਵਾਲੀ ਗੱਲ ਹੈ। ਉਂਜ ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹਨ। ਜੇਕਰ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹਾਊਸ ਨੇ ਮਸ਼ੀਨ ਦੀ ਖਰੀਦ ਸਬੰਧੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਸੀ ਤਾਂ ਜੇ ਡਾਇਰੈਕਟਰ ਨੂੰ ਲਗਦਾ ਸੀ ਕੁਝ ਗੜਬੜੀ ਹੈ ਤਾਂ ਉਹ ਮਤੇ ਨੂੰ ਪ੍ਰਵਾਨਗੀ ਹੀ ਨਾ ਦਿੰਦੇ।
ਮੇਅਰ ਧੜੇ ਦੇ ਕੌਂਸਲਰ ਹਰਪਾਲ ਸਿੰਘ ਚੰਨਾ, ਆਰਪੀ ਸ਼ਰਮਾ, ਫੂਲਰਾਜ ਸਿੰਘ ਨੇ ਕਿਹਾ ਕਿ ਸਰਕਾਰੀ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਕਾਂਗਰਸੀ ਨਿਗਮ ਦੇ ਕੰਮਾਂ ਵਿੱਚ ਗਲਤ ਦਖ਼ਲਅੰਦਾਜ਼ੀ ਕਰਕੇ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਠੇਕੇਦਾਰਾਂ ਨੂੰ ਅਲਾਟ ਹੁੰਦੇ ਕੰਮਾਂ ਵਿੱਚ ਕਥਿਤ ਤੌਰ ’ਤੇ ਕਮਿਸ਼ਨ ਭਾਲਦੇ ਹਨ। ਜਿਸ ਕਾਰਨ ਮੇਅਰ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…