ਕਾਂਗਰਸੀ ਵਰਕਰਾਂ ਨੂੰ ਅਕਾਲੀ ਵਰਕਰਾਂ ਦੇ ਕਤਲ ਲਈ ਉਕਸਾਉਣ ਲਈ ਹੈਰੀ ਮਾਨ ਵਿਰੁੱਧ ਅਪਰਾਧਿਕ ਕੇਸ ਦਰਜ ਕਰੇ ਸਰਕਾਰ: ਬਾਦਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਹਿੰਸਾ ਭੜਕਾਉਣ ਅਤੇ ਕਾਂਗਰਸੀ ਵਰਕਰਾਂ ਨੂੰ ਅਕਾਲੀ ਵਰਕਰਾਂ ਦੇ ਕਤਲ ਵਾਸਤੇ ਉਕਸਾਉਣ ਲਈ ਸੂਬੇ ਦੀ ਪੁਲਿਸ ਨੂੰ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਮਾਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦੇਣ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਭਿਆਨਕ ਗੱਲ ਹੈ ਕਿ ਹਰਿੰਦਰਪਾਲ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਜਨਤਕ ਤੌਰ ’ਤੇ ਆਖਿਆ ਸੀ ਕਿ ਉਸ ਨੇ ਸੈਂਕੜੇ ਕਿਰਪਾਨਾਂ ਜਮ੍ਹਾਂ ਕਰ ਰੱਖੀਆਂ ਹਨ ਅਤੇ ਆ ਰਹੀਆਂ ਪੰਚਾਇਤ ਚੋਣਾਂ ਵਿੱਚ ਉਹ ਇਹ ਕਿਰਪਾਨਾਂ ਪਾਰਟੀ ਵਰਕਰਾਂ ਨੂੰ ਵੰਡੇਗਾ। ਉਹਨਾਂ ਕਿਹਾ ਕਿ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਕਿਰਪਾਨਾਂ ਨਾਲ ਅਕਾਲੀ ਵਰਕਰਾਂ ਦਾ ਕਤਲ ਕਰਨ ਲਈ ਉਕਸਾਇਆ ਸੀ। ਮਾਨ ਨੇ ਕਾਂਗਰਸੀ ਵਰਕਰਾਂ ਨੂੰ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਨਤੀਜਿਆਂ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੀ ਰਾਖੀ ਲਈ ਉਹ ਬੈਠਾ ਹੈ।
ਮੁੱਖ ਮੰਤਰੀ ਨੂੰ ਇਹ ਦੱਸਦਿਆਂ ਕਿ ਮਾਨ ਨੇ ਲੋਕਾਂ ਨੂੰ ਮੁੱਖ ਮੰਤਰੀ ਨਾਲ ਆਪਣੇ ਨੇੜਲੇ ਸੰਬੰਧਾਂ ਬਾਰੇ ਦੱਸਣ ਮਗਰੋਂ ਉਪਰੋਕਤ ਬਿਆਨ ਦਿੱਤਾ ਸੀ, ਸਰਦਾਰ ਬਾਦਲ ਨੇ ਕਿਹਾ ਕਿ ਇਹ ਘਟਨਾ ਮੁੱਖ ਮੰਤਰੀ ਦੇ ਨਾਂ ਦੀ ਦੁਰਵਰਤੋਂ ਕਰਨ ਦੇ ਤੁਲ ਸੀ। ਉਹਨਾਂ ਕਿਹਾ ਕਿ ਤੁਹਾਨੂੰ ਇਸ ਬਾਰੇ ਤੁਰੰਤ ਆਪਣਾ ਪੱਖ ਰੱਖਣਾ ਚਾਹੀਦਾ ਹੈ। ਤੁਹਾਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਤੁਸੀਂ ਹਰਿੰਦਰਪਾਲ ਮਾਨ ਨੂੰ ਅਜਿਹਾ ਬਿਆਨ ਦੇਣ ਦੀ ਆਗਿਆ ਦਿੱਤੀ ਹੈ। ਜੇਕਰ ਨਹੀਂ ਤਾਂ ਤੁਰੰਤ ਉਸ ਦੇ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਇਹੀ ਮਤਲਬ ਸਮਝਿਆ ਜਾਵੇਗਾ ਕਿ ਉਹ ਤੁਹਾਡੀ ਆਗਿਆ ਅਤੇ ਸਮਰਥਨ ਨਾਲ ਮੁੱਖ ਮੰਤਰੀ ਦੀ ਕੁਰਸੀ ਦੀ ਦੁਰਵਰਤੋਂ ਕਰ ਰਿਹਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇੱਕ ਵੱਖਰਾ ਕੇਸ ਕਾਂਗਰਸ ਆਗੂ ਵਿਰੁੱਧ ਇਹ ਮਾਰਨ ਲਈ ਦਰਜ ਕਰਨਾ ਚਾਹੀਦਾ ਹੈ ਕਿ ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਸਨੌਰ ਦੇ ਦੋ ਵਾਰਡਾਂ ਤੋਂ ਪਾਰਟੀ ਦੀ ਜਿੱਤ ਲਈ ਉਹ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਮਾਨ ਨੇ ਕਿਹਾ ਹੈ ਕਿ ਦੋਵੇਂ ਵਾਰਡ ਡਾਂਗ ਦੇ ਜ਼ੋਰ ਨਾਲ ਅਕਾਲੀ ਵਰਕਰਾਂ ਨੂੰ ਕੁੱਟ ਕੇ ਜਿੱਤੇ ਹਨ। ਪ੍ਰਦੇਸ਼ ਚੋਣ ਕਮਿਸ਼ਨ ਨੂੰ ਉਸ ਦੇ ਇਸ ਬਿਆਨ ਦਾ ਨੋਟਿਸ ਲੈਣ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਕੋਈ ਨਿਵੇਕਲਾ ਮਾਮਲਾ ਨਹੀਂ ਹੈ, ਜਿੱਥੇ ਕਾਂਗਰਸੀ ਆਗੂਆਂ ਨੇ ਤਾਕਤ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਹਰਾਇਆ ਹੈ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਗੁਰੂ ਹਰਸਹਾਇ ਵਿਖੇ ਵਿਨੈ ਬਜਾਜ ਨਾਂ ਦਾ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਜਦੋਂ ਉਹ ਗੁਰੂਹਰਸਹਾਇ ਦੇ ਵਿਧਾਇਕ ਰਾਣਾ ਗੁਰਮੀਤ ਸੋਢੀ ਦੇ ਮੁੰਡੇ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਪੁਲਿਸ ਕੋਲ ਗਿਆ ਤਾਂ ਪੁਲਿਸ ਨੇ ਅਣਪਛਾਤੇ ਬੰਦਿਆਂ ਖਿਲਾਫ ਮਾਮਲਾ ਦਰਜ ਕਰ ਲਿਆ। ਪਿਛਲੇ ਹਫਤੇ ਇੱਕ ਕੌਮਾਂਤਰੀ ਪੱਧਰ ਦੀ ਕਰਾਟੇ ਚੈਂਪੀਅਨ ਨੇ ਇਸ ਲਈ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਹ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਅਪੀਲਾਂ ਕਰਨ ਦੇ ਬਾਵਜੂਦ ਆਪਣੇ ਪਰਿਵਾਰ ਨੂੰ ਇਨਸਾਫ਼ ਨਹੀਂ ਸੀ ਦਿਵਾ ਸਕੀ।
ਇਸ ਤੋਂ ਪਹਿਲਾਂ ਅਜਿਹੇ ਕਿੰਨੇ ਹੀ ਕੇਸ ਹੋ ਚੁੱਕੇ ਹਨ, ਜਿਹਨਾਂ ਵਿੱਚ ਕਾਂਗਰਸੀ ਵਰਕਰਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਿਆਂ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਕਤਲ ਕੀਤੇ ਅਤੇ ਉਹਨਾਂ ਨੂੰ ਜ਼ਖ਼ਮੀ ਕੀਤਾ। ਇਹ ਸਭ ਇਸ ਲਈ ਵਾਪਰ ਰਿਹਾ ਹੈ, ਕਿਉਂਕਿ ਇਸ ਨੂੰ ਰੋਕਣ ਲਈ ਤੁਸੀਂ ਕੋਈ ਸਿਆਸੀ ਪਹਿਲਕਦਮੀ ਨਹੀਂ ਕੀਤੀ ਅਤੇ ਸੂਬੇ ਦੀ ਪੁਲਿਸ ਨੂੰ ਉਹਨਾਂ ਕਾਂਗਰਸੀ ਆਗੂਆਂ ਖਿਲਾਫ ਦਰਜ ਕਰਨ ਲਈ ਨਹੀਂ ਕਿਹਾ, ਜਿਹੜੇ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹਨ। ਕਿਰਪਾ ਕਰਕੇ ਹੈਰੀ ਮਾਨ ਵਿਰੁੱਧ ਕੇਸ ਦਰਜ ਕਰਵਾ ਕੇ ਇਸ ਕਾਰਜ ਦੀ ਸ਼ੁਰੂਆਤ ਕਰੋ ਅਤੇ ਪੰਜਾਬ ਨੂੰ ਜੰਗਲ ਰਾਜ ਵੱਲ ਧੱਕੇ ਜਾਣ ਤੋਂ ਰੋਕੋ।
ਉਧਰ, ਦੂਜੇ ਪਾਸੇ ਕਾਂਗਰਸ ਆਗੂ ਹੈਰੀ ਮਾਨ ਨੇ ਅਕਾਲੀ ਆਗੂ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਕਥਨ ਨੂੰ ਗਲਤ ਰੰਗਤ ਕਰਕੇ ਅਕਾਲੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਦੇਵੀਗੜ੍ਹ ਵਿੱਚ ਇੱਕ ਸਮਾਗਮ ਦੌਰਾਨ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਅਕਤੀਆਂ ਨੂੰ ਇਹ ਅਪੀਲ ਕੀਤੀ ਕਿ ਇਲਾਕੇ ਦੇ ਲੋਕਾਂ ਵੱਲੋਂ ਸਨਮਾਨ ਵਿੱਚ ਜਿੰਨੀਆਂ ਵੀ ਕਿਰਪਾਨਾਂ ਉਸ ਨੂੰ ਦਿੱਤੀਆਂ ਗਈਆਂ ਹਨ। ਉਹ ਸਾਰੀਆਂ ਉਨ੍ਹਾਂ ਨੂੰ ਦੇਣਗੇ। ਉਨ੍ਹਾਂ ਇਹ ਵੀ ਆਖਿਆ ਸੀ ਕਿ ਨਾ ਧੱਕਾ ਕਰਿਓ ਅਤੇ ਨਾ ਹੀ ਧੱਕਾ ਸਹਿਣ ਕਰਿਓਂ। ਜੇਕਰ ਫਿਰ ਕੋਈ ਧੱਕਾ ਕਰਦਾ ਹੈ ਤਾਂ ਫਿਰ ਉਸ ਕੋਲ ਐਵੇਂ ਹੀ ਮੂੰਹ ਲਮਕਾ ਕੇ ਨਾ ਆ ਜਾਇਓ, ਕੁੱਝ ਕਰਕੇ ਹੀ ਆਇਓਂ। ਉਨ੍ਹਾਂ ਦੀ ਗੱਲ ਦਾ ਵਿਰੋਧੀ ਗਲਤ ਮਤਲਬ ਕੱਢ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…