ਕਾਂਗਰਸ ਸਰਕਾਰ ਨੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵਿਰੁੱਧ ਨਵੇਂ ਸਿਰਿਓਂ ਆਰੰਭੀ ਕਾਰਵਾਈ

ਸਾਬਕਾ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਸ਼ਿਕਾਇਤ ਦੇ ਮਾਮਲੇ ਤੇ ਮੰਤਰੀ ਵੱਲੋਂ ਕੀਤੀ ਜਾਵੇਗੀ 17 ਜਨਵਰੀ ਨੂੰ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਨਗਰ ਨਿਗਮ ਐਸ ਏ ਐਸ ਨਗਰ ਦੇ ਮੇਅਰ ਕੁਲਵੰਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੇ ਮਾਮਲੇ ਤੇ ਮੇਅਰ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਦੇ ਖ਼ਿਲਾਫ਼ ਕੇਸ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੇ ਖਿਲਾਫ ਨਿਗਮ ਦੇ ਸਾਬਕਾ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਵਲੋੱ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਨਵੇਂ ਸਿਰੇ ਤੋਂ ਕਾਰਵਾਈ ਕਰਦਿਆਂ ਉਹਨਾਂ ਨੂੰ 17 ਜਨਵਰੀ ਨੂੰ (ਦੋ ਦਿਨਾਂ ਬਾਅਦ) ਇਸ ਮਾਮਲੇ ਦੇ ਰਿਕਾਰਡ (ਜੇ ਕੋਈ ਹੋਵੇ) ਸਮੇਤ ਨਿੱਜੀ ਤੌਰ ਤੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਸਾਲ 2016 ਦੌਰਾਨ ਹੋਈ ਨਗਰ ਨਿਗਮ ਦੀ ਇੱਕ ਮੀਟਿੰਗ ਦੌਰਾਨ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਉਸ ਵੇਲੇ ਦੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵਿਚਾਲੇ ਹੋਈ ਤਲਖਕਲਾਮੀ ਦੇ ਮਾਮਲੇ ਵਿੱਚ ਸ੍ਰੀ ਉਮਾ ਸ਼ੰਕਰ ਗੁਪਤਾ ਵਲੋੱ ਸ੍ਰੀ ਸੇਠੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਸਥਾਨਕ ਸਰਕਾਰ ਵਿਭਾਗ ਵੱਲੋਂ ਡਿਪਟੀ ਮੇਅਰ ਸ੍ਰੀ ਮਨਜੀਤ ਸਿੰਘ ਸੇਠੀ ਨੂੰ ਇਸ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਵੇਲੇ ਸ੍ਰੀ ਸੇਠੀ ਵਲੋੱ ਉਸ ਨੋਟਿਸ ਦਾ ਜਵਾਬ ਵੀ ਦੇ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਮਾਮਲੇ ਵਿੱਚ ਉਹਨਾਂ ਨੂੰ ਨਿੱਜੀ ਸੁਣਵਾਈ ਲਈ ਪੇਸ਼ ਹੋਣ ਲਈ ਵੀ ਸੱਦਿਆ ਗਿਆ ਸੀ ਅਤੇ ਸ੍ਰੀ ਸੇਠੀ ਨਿੱਜੀ ਸੁਣਵਾਈ ਤੇ ਪੇਸ਼ ਵੀ ਹੋਏ ਸਨ।
ਇਸ ਸਬੰਧੀ ਤਾਜ਼ਾ ਨੋਟਿਸ ਬੀਤੀ 12 ਜਨਵਰੀ ਨੂੰ ਸਥਾਨਕ ਸਰਕਾਰ ਵਿਭਾਗ ਦੇ ਅਧੀਨ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਮੀਮੋ ਨੰਬਰ 13/107/2016-2ਸਸ1/455 ਮਿਤੀ 14-3-2017 ਦੇ ਸੰਬੰਧ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਵਲੋੱ ਆਪਣੇ ਦਫਤਰੀ ਕਮਰੇ (ਪਲਾਟ ਨੰਬਰ 3, ਸੈਕਟਰ 35 ਏ, ਚੰਡੀਗੜ੍ਹ ਵਿਖੇ) ਵਿੱਚ 17 ਜਨਵਰੀ 2018 ਨੂੰ ਦੁਪਹਿਰ 12 ਵਜੇ ਮੀਟਿੰਗ ਸੱਦੀ ਗਈ ਹੈ। ਨੋਟਿਸ ਵਿੱਚ ਸ੍ਰੀ ਸੇਠੀ ਨੂੰ ਕਿਹਾ ਗਿਆ ਹੈ ਕਿ ਇਸ ਸਬੰਧੀ ਜੇਕਰ ਉਹਨਾਂ ਕੋਲ ਕੋਈ ਰਿਕਾਰਡ ਹੋਵੇ ਤਾਂ ਸਮੇਤ ਰਿਕਾਰਡ ਸਮੇੱ ਸਿਰ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ। ਇਸ ਨੋਟਿਸ ਦੀ ਕਾਪੀ ਨਿਗਮ ਦੇ ਸਾਬਕਾ ਕਮਿਸ਼ਨਰ ਉਮਾ ਸ਼ੰਕਰ ਅਤੇ ਨਗਰ ਨਿਗਮ ਦੇ ਸੁਪਰਡੈਂਟ ਨੂੰ ਵੀ ਭੇਜੀ ਗਈ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਸ੍ਰੀ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਉਹਨਾਂ ਨੂੰ ਅਜਿਹਾ ਕੋਈ ਵੀ ਨੋਟਿਸ ਨਹੀਂ ਮਿਲਿਆ ਅਤੇ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਇੱਕ ਵਿਆਹ ਸਮਾਗਮ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਅਤੇ ਅੱਜ ਵੀ ਸ਼ਹਿਰ ਤੋਂ ਬਾਹਰ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਨੋਟਿਸ ਦੀ ਕਾਪੀ ਮਿਲਣ ਤੋਂ ਬਾਅਦ ਹੀ ਕੁੱਝ ਕਹਿ ਸਕਦੇ ਹਨ। 2016 ਦੀ ਮੀਟਿੰਗ ਵਿੱਚ ਉਸ ਵੇਲੇ ਦੇ ਕਮਿਸ਼ਨਰ ਨਾਲ ਹੋਈ ਤਲਖਕਲਾਮੀ ਬਾਰੇ ਪੁੱਛਣ ’ਤੇ ਉਹਨਾਂ ਕਿਹਾ ਕਿ ਉਹਨਾਂ ਨੇ ਇਸਦਾ ਜਵਾਬ ਦੇ ਦਿੱਤਾ ਸੀ ਅਤੇ ਇਸ ਸਬੰਧੀ 2 ਵਾਰ ਸਕੱਤਰ ਕੋਲ ਨਿੱਜੀ ਤੌਰ ’ਤੇ ਪੇਸ਼ ਹੋ ਕੇ ਵੀ ਜਵਾਬ ਦਿੱਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਖਤਮ ਹੋ ਗਿਆ ਸੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…