ਭਾਜਪਾ ਵਰਕਰਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਐਸਏਐਸ ਨਗਰ ਵੱਲੋਂ ਜ਼ਿਲ੍ਹਾ ਮੁਹਾਲੀ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੇ 10 ਮਹੀਨੇ ਪੂਰੇ ਹੋਣ ’ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਹਰ ਫਰੰਟ ’ਤੇ ਫੇਲ੍ਹ ਹੋਣ ਸਬੰਧੀ ਮੁਹਾਲੀ ਦੇ ਡੀਸੀ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਭਾਜਪਾ ਦੇ ਜ਼ਿਲ੍ਹਾ ਇਕਾਈ ਦੇ ਅਹੁਦੇਦਾਰ, ਮੰਡਲਾਂ ਦੇ ਪ੍ਰਧਾਨ, ਜਨਰਲ ਸਕੱਤਰ, ਕੌਂਸਲਰ, ਮੈਂਬਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਹਨ ਪਰ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ। ਇਹ ਸਰਕਾਰ ਹਰ ਫਰੰਟ ਉੱਪਰ ਹੀ ਫੇਲ੍ਹ ਹੋ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕਰਜੇ ਵੀ ਸਹੀ ਤਰੀਕੇ ਨਾਲ ਮੁਆਫ਼ ਨਹੀਂ ਕੀਤੇ ਜਾ ਰਹੇ। ਜਦੋਂ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ਼ ਕਰ ਦਿੱਤੇ ਜਾਣਗੇ ਪਰ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋਈ। ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨਾਂ ਵੱਲੋਂ ਖ਼ੁਦਕਸ਼ੀਆਂ ਕਰਨ ਦਾ ਰੁਝਾਨ ਕਾਫੀ ਵੱਧ ਗਿਆ ਹੈ।
ਉਹਨਾਂ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਕਾਫੀ ਵੱਧ ਗਈ ਹੈ। ਪੰਜਾਬ ਵਿੱਚ ਸਰੇਆਮ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, ਜਿਸ ਨਾਲ ਰੇਤ ਅਤੇ ਬਜਰੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਉਹਨਾਂ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਵੀ ਕਾਂਗਰਸ ਸਰਕਾਰ ਨੇ ਪੂਰਾ ਨਹੀੱ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਆਈ ਪੀ ਕਲਚਰ ਲਗਾਤਾਰ ਜਾਰੀ ਹੈ, ਨਸ਼ਾ ਬਹੁਤ ਵਿਕ ਰਿਹਾ ਹੈ, ਨਿਜੀ ਸਕੂਲਾਂ ਦੀ ਮਨਮਾਨੀ ਫੀਸ ਵਸੂਲੀ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਹੀ ਮਾਪੇ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਲਗਾਏ ਜਾ ਰਹੇ ਹਨ ਅਤੇ ਮੀਡੀਆ ਕਰਮੀਆਂ ਉਪਰ ਹਮਲੇ ਹੋ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਅਰੁਣ ਸ਼ਰਮਾ, ਨਰਿੰਦਰ ਰਾਣਾ, ਜਨਰਲ ਸਕੱਤਰ ਸੰਜੀਵ ਗੋਇਲ, ਆਸ਼ੂ ਖੰਨਾ, ਦੀਪ ਢਿੱਲੋਂ, ਇੰਜ ਹਰਚਰਨ ਸਿੰਘ ਸੈਣੀ ਜ਼ਿਲ੍ਹਾ ਦਫ਼ਤਰ ਸਕੱਤਰ, ਜੋਗਿੰਦਰ ਕੰਵਰ ਜ਼ਿਲ੍ਹਾ ਫਾਈਨਾਂਸ ਸੈਕਟਰੀ, ਸੋਮ ਚੰਦ ਗੋਇਲ, ਮੰਡਲ ਪ੍ਰਧਾਨ ਸੋਹਣ ਸਿੰਘ, ਸ਼ਾਮਦੇਵ ਪੁਰੀ, ਉਮਾਂਕਾਂਤ ਤਿਵਾੜੀ, ਸ੍ਰੀਮਤੀ ਏਕਤਾ ਨਾਗਪਾਲ ਮਹਿਲਾ ਮੋਰਚਾ ਪ੍ਰਧਾਨ, ਪਰਮਜੀਤ ਸਿੰਘ ਵਾਲੀਆ ਪ੍ਰੈਸ ਸੈਕਟਰੀ, ਅਸ਼ੋਕ ਝਾਅ ਕੌਂਸਲਰ ਅਤੇ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…