ਰੂਪਨਗਰ ਦੀ ਡੀਸੀ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਰੀਵਿਊ

ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਭਰਪੂਰ ਉਪਰਾਲੇ ਕੀਤੇ ਜਾਣ: ਗੁਰਨੀਤ ਤੇਜ਼

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਰੂਪਨਗਰ, 20 ਜਨਵਰੀ:
ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜਿਲ੍ਹਾ ਹੈਲਥ ਸੁਸਾਇਟੀ ਰੂਪਨਗਰ ਗੁਰਨੀਤ ਤੇਜ਼ ਵੱਲੋਂ ਮਹੀਨਾ ਦਸੰਬਰ-17 ਦੌਰਾਨ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਰੀਵਿਊ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੌਰਾਨ ਸ਼ੁਰੂ ਹੋਣ ਵਾਲੀ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਭਰਪੂਰ ਉਪਰਾਲੇ ਕੀਤੇ ਜਾਣ ਤਾਂ ਜੋ ਕੋਈ ਵੀ 9 ਮਹੀਨੇ ਤੋਂ 15 ਸਾਲ ਦਾ ਬੱਚਾ ਇਸ ਤੋਂ ਵਾਂਝਾ ਨਾ ਰਹੇ। ਇਸ ਦੀ ਸਫਲਤਾ ਲਈ ਮੱਖ ਤੌਰ ਤੇ ਸਿਖਿਆ ਵਿਭਾਗ ਦਾ ਯੋਗਦਾਨ ਰਹੇਗਾ।
ਇਸ ਲਈ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਸਿਹਤ ਵਿਭਾਗ ਨੂੰ ਇਸ ਮੰਤਵ ਲਈ ਆਪਣਾ ਪੂਰਨ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਸਰਕਾਰੀ ਸਕੂਲਾਂ ਦੇ ਨਾਲ ਨਾਲ ਨਿਜੀ ਸਕੂਲਾਂ ਦੇ ਵਿਦਿਆਰਥੀਆ ਦਾ ਵੀ ਟੀਕਾ ਕਰਨ ਸੰਭਵ ਹੋ ਸਕੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀ, ਇਸਤਰੀ ਤੇ ਬਾਲ ਵਿਕਾਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਮੰਤਵ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਆਖਿਆ। ਉਨ੍ਹਾਂ ਇਸ ਦੀ ਸਫਲਤਾ ਲਈ ਮਾਇਕਰੋ ਪਲਾਨ ਬਨਾਉਣ ਦੀ ਲੋੜ ਤੇ ਵੀ ਜ਼ੋਰ ਦਿਤਾ ਜਿਸ ਲਈ ਆਂਗਨਵਾੜੀ ਕੇਂਦਰਾਂ ਵਿੱਚ ਮਮਤਾ ਦਿਵਸ ਦੌਰਾਨ ਇਸ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਦੌਰਾਨ ਵੀ ਹੁਣ ਤੋਂ ਹੀ ਜਾਗਰੂਕ ਕਰਨ ਲਈ ਆਖਿਆ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 28 ਜਨਵਰੀ ਤੋਂ ਰਾਸ਼ਟਰੀ ਪਲੱਸ ਪੋਲੀਓ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਅਤੇ ਰਾਸ਼ਟਰੀ ਡੀ-ਵਰਮਿੰਗ ਦਿਵਸ ਵੀ ਸਿਹਤ ਵਿਭਾਗ ਵਲੋਂ ਮਨਾਇਆ ਜਾਣਾ ਹੈ ਇਸ ਨੂੰ ਵੀ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਿਹਤ ਵਿਭਾਗ ਦੇ ਅਧਿਕਾਰੀਆ ਨੂੰ ਸਹਿਯੋਗ ਦੇਣ ਲਈ ਆਖਿਆ। ਉਨ੍ਹਾਂ ਜ਼ਿਲੇ ਦੇ ਐਸਡੀਐਮਜ਼ ਨੂੰ ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਲਈ ਕਿਹਾ।ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਸੰਸਥਾ ਦੀ ਚੈਕਿੰਗ ਕਰਨ ਲਈ ਪਹਿਲਾਂ ਤੋਂ ਹੀ ਸੂਚਿਤ ਨਾ ਕਰਨ ਲਈ ਕਿਹਾ।
ਇਸ ਮੌਕੇ ਸਿਵਲ ਸਰਜਨ, ਰੂਪਨਗਰ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਰਕਸ਼ਾਪ ਕੀਤੀ ਗਈ ਹੈ ਅਤੇ 30 ਜਨਵਰੀ ਤੋਂ 13 ਫਰਵਰੀ ਤੱਕ ਸਪਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀਂ ਹੈ। ਉਨ੍ਹਾਂ ਦੱਸਿਆ ਕਿ ਸਲਾਨਾਂ ਮੁਫ਼ਤ ਚੈਕਅਪ ਪ੍ਰੋਗਰਾਮ ਤਹਿਤ ਦਸੰਬਰ ਮਹੀਨੇ ਦੌਰਾਨ 30 ਸਾਲ ਤੋਂ ਵੱਧ ਉਮਰ ਦੇ 33 ਜਦਕਿ 55 ਸਾਲ ਤੋਂ ਵੱਧ ਉਮਰ ਦੇ 134 ਵਿਅਕਤੀਆਂ ਦਾ ਮੁਫਤ ਚੈਕਅਪ ਕੀਤਾ ਗਿਆ। ਰਾਸ਼ਟਰੀ ਬਾਲ ਸਵਸਥ ਕਾਰਯਕ੍ਰਮ ਦੇ ਸਕੂਲ ਸਿਹਤ ਚੈਕਅੱਪ ਤਹਿਤ 126 ਆਂਗਨਵਾੜੀ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ 58 ਸਕੂਲਾਂ ਦਾ ਦੌਰਾ ਕਰਦੇ ਹੋਏ ਇਥੋਂ ਦੇ ਵਿਦਿਆਰਥੀਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ।
ਰਾਸ਼ਟਰੀ ਪ੍ਰੋਗਰਾਮ ਫਾਰ ਕੰਟਰੁੋਲ ਆਫ ਬਲਾਈਂਡਨੈਸ ਤਹਿਤ ਦਸੰਬਰ ਮਹੀਨੇ ਦੌਰਾਨ 615 ਉਪਰੇਸ਼ਨ ਕੀਤੇ ਗਏ।ਕੋਹੜ ਨੂੰ ਰੋਕਣ ਸਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਦਸੰਬਰ ਮਹੀਨੇ ਦੌਰਾਨ ਇਕ ਕੇਸ ਸਾਹਮਣੇ ਆਇਆ। ਇਸੇ ਤਰਾਂ ਇਸ ਮਹੀਨੇ ਦੌਰਾਨ ਟੀ.ਬੀ. ਦੇ 78 ਕੇਸ ਸਾਹਮਣੇ ਆਏ ਜਿੰਨਾਂ ਦਾ ਇਲਾਜ ਕੀਤਾ ਗਿਆ। ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਦਸੰਬਰ ਮਹੀਨੇ ਦੌਰਾਨ 78 ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ ਅਤੇ ਮੁਖ ਮੰਤਰੀ ਕੈਂਸਰ ਰਾਹਤ ਕੋਸ਼ ਪ੍ਰੋਗਰਾਮ ਤਹਿਤ 3 ਵਿਅਕਤੀਆਂ ਨੂੰ ਡੇਢ ਲੱਖ ਰੁਪਏ ਪ੍ਰਤੀ ਮਰੀਜ ਵਿਤੀ ਸਹਾਇਤਾ ਦਿਤੀ ਗਈ। ਉਨਾਂ ਇਹ ਵੀ ਦਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇ 15 ਅਲਟਰਾਸਾਉਂਡ ਕੇਂਦਰ ਚਲ ਰਹੇ ਹਨ ਇਨ੍ਹਾਂ ’ਚੋਂ 7 ਕੇਂਦਰਾਂ ਦੀ ਨਵੰਬਰ ਮਹੀਨੇ ਦੌਰਾਨ ਜਾਂਚ ਕੀਤੀ।
ਉਨ੍ਹਾਂ ਇਹ ਵੀ ਦਸਿਆ ਕਿ ਜਨਨੀ ਸੁਰਕਸ਼ਾ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਪ੍ਰੀਵਾਰਾਂ ਜਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀਆਂ ਨੂੰ ਬੱਚਾ ਪੈਦਾ ਹੋਣ ਤੋਂ ਬਾਦ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤਹਿਤ ਪਿੰਡਾਂ ਦੀਆਂ ਅੌਰਤਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਾਉਣ ਤੇ 700 ਰੁਪਏ,ਸ਼ਹਿਰੀ ਦੀਆਂ ਅੌਰਤਾਂ ਨੂੰ 600 ਰੁਪਏ ਅਤੇ ਘਰ ਵਿੱਚ ਜਣੇਪਾ ਹੋਣ ਤੇ 500 ਰੁਪਏ ਦਿਤੇ ਜਾਂਦੇ ਹਨ। ਇਸ ਤਹਿਤ ਪਿਛਲੇ ਮਹੀਨੇ ਦੌਰਾਨ 181 ਅੌਰਤਾਂ ਨੂੰ ਇਸ ਦਾ ਲਾਭ ਦਿਤਾ ਗਿਆ। ਜਨਨੀ ਸ਼ਿਸੂ ਸੁਰੱਖਿਆ ਕਾਰਯਕ੍ਰਮ ਤਹਿਤ 351 ਅੌਰਤਾਂ ਨੂੰ ਜਣੇਪੇ ਦੌਰਾਨ ਮੁਫ਼ਤ ਦਵਾਈਆਂ, ਡਾਈਟ ਅਤੇ ਆਉਣ ਜਾਣ ਦੀ ਸੁਵਿਧਾ ਮੁਹਈਆ ਕਰਵਾਈ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਜ਼ਿਲ੍ਹੇ ਦੇ ਵਖ ਵਖ ਮੈਡੀਕਲ ਸੰਸਥਾਨਾ ਵਿੱਚ 375 ਅੌਰਤਾਂ ਦੇ ਜਣੇਪੇ ਹੋਏ।
ਟੀਕਾਕਰਨ ਦੇ ਏਜੰਡੇ ਤੇ ਚਰਚਾ ਕਰਦਿਆਂ ਡਾ. ਮੁਕੇਸ਼ ਸੌਧੀ ਨੇ ਦੱਸਿਆ ਕਿ ਆਉਣ ਵਾਲੇ ਸਾਲ ਦੌੌਰਾਨ ਖਸਰਾ-ਰੂਬੈਲਾ ਬਿਮਾਰੀ ਤੇ ਵਿਸੇਸ ਟੀਕਾਕਰਨ ਮੁਹਿਮ ਚਲਾਈ ਜਾਵੇਗੀ। ਜਿਸ ਤਹਿਤ ਪੂਰੇ ਪੰਜਾਬ ਵਿੱਚ 9 ਮਹੀਨੇ ਤੋੋਂ 15 ਸਾਲ ਦੀ ਉਮਰ ਤੱਕ ਦੇ ਲਗਭਗ 85 ਲੱਖ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਸ੍ਰੀਮਤੀ ਹਰਜੋਤ ਕੌਰ ਐਸਡੀਐਮ ਰੂਪਨਗਰ, ਮੈਡਮ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ,ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ) ਗੁਰਨੇਤਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਡਾ: ਰੀਤਾ ਸਹਾਇਕ ਸਿਵਲ ਸਰਜਨ,ਡਾਕਟਰ ਮੁਕੇਸ਼ ਭਾਟੀਆ, ਡਾਕਟਰ ਆਰ.ਪੀ.ਸਿੰਘ, ਸ਼੍ਰੀਮਤੀ ਸੰਤੋਸ਼ ਵਿਰਦੀ ਜਿਲਾ ਸਮਾਜਿਕ ਸੁਰਖਿਆ ਅਫਸਰ, ਮੈਡਮ ਰਿਤਿਕਾ ਗਰੋਵਰ ਡੀਪੀਐਮ, ਸ਼੍ਰੀ ਸੁਖਜੀਤ ਸਿੰਘ ਸਮੂਹ ਪ੍ਰੋੋਗਰਾਮ ਅਫ਼ਸਰ, ਬਲਾਕਾਂ ਦੇ ਐਸ.ਐਮ.ਓਜ਼ ਅਤੇ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …