ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਪੋਲ ਖੋਲੋ ਅਭਿਆਨ ਛੇੜਿਆ ਜਾਵੇਗਾ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਚੋਣ ਵਾਅਦਿਆਂ ਤੋਂ ਮੂੰਹ ਫੇਰਨ ਦੇ ਖ਼ਿਲਾਫ਼ ਵਿੱਚ ਫਰਵਰੀ ਮਹੀਨੇ ਸਮੁੱਚੇ ਪੰਜਾਬ ਭਰ ਵਿੱਚ ਕੈਪਟਨ ਸਰਕਾਰ ਦੇ ਖ਼ਿਲਾਫ਼ ‘ਪੋਲ ਖੋਲੋ ਅਭਿਆਨ ਆਰੰਭਿਆ ਜਾਵੇਗਾ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰਹੀ ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਲਗਾਤਾਰ ਆਪਣੇ ਵਾਅਦਿਆਂ ਤੋਂ ਮੁਨਕਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ 44 ਹਜ਼ਾਰ ਕਰੋੜ ਰੁਪਏ ਕਿਸਾਨਾਂ ਤੋਂ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਿੱਤ ਮੰਤਰੀ ਸਬਸਿਡੀ ਦੇ ਰੂਪ ਵਿਚ 35 ਹਜ਼ਾਰ ਰੁਪਏ ਤਕ ਦੀ ਸਹਾਇਤਾ ਕਿਸਾਨਾਂ ਨੂੰ ਦੇਣ ਦੀ ਗੱਲ ਕਰ ਰਿਹਾ ਹੈ। ਜਦੋਂ ਕਿ ਅਕਾਲੀ ਦਲ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਵਿੱਚ ਪਿਛਲੇ 10 ਸਾਲਾਂ ਵਿੱਚ ਸੂਬੇ ਦੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਅਤੇ ਹੋਰ ਰਿਆਇਤਾਂ ਦੇ ਰੂਪ ਵਿੱਚ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਸਾਲ ਦਾ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ।
ਅਕਾਲੀ ਆਗੂ ਨੇ ਕਿਹਾ ਕਿ ਹੁਣ ਤਾਂ ਰਿਜ਼ਰਵ ਬੈਂਕ ਨੇ ਹੀ ਦੇਸ਼ ਦੇ ਬੈਂਕਾਂ ਨੂੰ ਸਰਕੁਲਰ ਜਾਰੀ ਕਰ ਦਿੱਤਾ ਹੈ ਕਿ ਖੇਤੀ ਖੇਤਰ ਵਿੱਚ ਕਰਜ਼ਾ ਦੇਣ ਤੋਂ ਸੰਕੋਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਬਠਿੰਡਾ ਵਿਖੇ ਗੁਰੂ ਨਾਨਕ ਥਰਮਲ ਪਲਾਂਟ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਕੌਮ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਕਾਂਗਰਸ ਸਰਕਾਰ ਉਸ ਥਰਮਲ ਪਲਾਂਟ ਨੂੰ ਬੰਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੀਆਂ ਨਾਪਾਕ ਹਰਕਤਾਂ ਦਾ ਡੱਟ ਕੇ ਵਿਰੋਧ ਕਰੇਗਾ ਅਤੇ ਪਿੰਡਾਂ ਵਿਚ ਅਕਾਲੀ ਦਲ ਦੀ ਵਲੰਟੀਅਰ ਫੋਰਸ ਬਿਜਲੀ ਵਿਭਾਗ ਨੂੰ ਮੋਟਰਾਂ ਤੇ ਮੀਟਰ ਲਗਾਉਣ ਤੋਂ ਹਰ ਹਾਲਤ ਵਿਚ ਰੋਕੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਮੀਟਰ ਲਗਾਉਣ ਦੀ ਲੋੜ ਕਿਉਂ ਪੈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 14 ਲੱਖ ਮੋਟਰਾਂ ਲੱਗੀਆਂ ਹੋਈਆਂ ਹਨ। ਇਕ ਮੀਟਰ ਦੀ ਲਾਗਤ 8 ਹਜ਼ਾਰ ਰੁਪਏ ਅਤੇ 2 ਹਜ਼ਾਰ ਹੋਰ ਚਾਰਜਿਜ਼ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਘਾਟੇ ਵਿਚ ਜਾ ਰਹੇ ਪਾਵਰਕਾਮ ਸਿਰ ਕਿੰਨੇ ਕਰੋੜਾਂ ਰੁਪਏ ਦਾ ਬੋਝ ਪਵੇਗਾ ਇਸ ਬਾਰੇ ਕੋਈ ਕਿਉਂ ਨਹੀਂ ਸੋਚ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਮੀਟਰ ਬਣਾਉਣ ਵਾਲੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰੀ ਖਜਾਨਾ ਆਪਣੇ ਚਹੇਤਿਆਂ ਨੂੰ ਲੁਟਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਅਕਾਲੀ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ, ਕੁਲਦੀਪ ਕੌਰ ਕੰਗ, ਪਰਮਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਜਸਬੀਰ ਕੌਰ ਅੱਤਰੀ, ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਸਲੈਚ, ਸੀਨੀਅਰ ਆਗੂ ਪਰਦੀਪ ਸਿੰਘ ਭਾਰਜ ਅਤੇ ਹੋਰ ਅਕਾਲੀ ਆਗੂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…