ਪੰਜਾਬ ਸਰਕਾਰ ਵੱਲੋਂ ਖੇਤੀ ਤੇ ਸਹਾਇਕ ਧੰਦਿਆਂ ਦੀ ਸਿਖਲਾਈ ਲਈ ਮੁਫ਼ਤ ਟਰੇਨਿੰਗ ਕੋਰਸ ਚਲਾਏ ਜਾਣਗੇ: ਚੰਨੀ

ਖੇਤੀਬਾੜੀ ਯੂਨੀਵਰਸਿਟੀ ਤੇ ਵੈਟਰਨਰੀ ਯੂਨੀਵਰਸਿਟੀ ਵੱਲੋਂ ਪੰਜਾਬ ਹੁਨਰ ਵਿਕਾਸ ਮਿਸਨ ਦੇ ਅਧੀਨ ਚਲਾਏ ਜਾਣਗੇ ਕੋਰਸ

ਪੰਜਾਬ ਸਕਿੱਲ ਯੂਨੀਵਰਸਿਟੀ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਕਿੱਲਜ ਸਥਾਪਿਤ ਕੀਤਾ ਜਾਵੇਗਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਜਨਵਰੀ:
ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਮਿਸਨ ਦੇ ਅਧੀਨ ਸਵੈ ਰੁਜਗਾਰ ਲਈ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਸਿਖਲਾਈ ਲਈ ਮੁਫ਼ਤ ਕੋਰਸ ਚਲਾਏ ਜਾਣਗੇ। ਕੇਂਦਰੀ ਹੁਨਰ ਵਿਕਾਸ ਅਤੇ ੳੱੁਦਮ ਵਿਭਾਗ ਦੇ ਸਕੱਤਰ ਨੇ ਇਹਨਾਂ ਕੋਰਸਾਂ ਨੂੰ ਚਲਾਉਣ ਲਈ ਸਿਧਾਂਤਕ ਤੌਰ ’ਤੇ ਮਨਜੂਰੀ ਦਿੱਤੀ ਗਈ ਹੈ। ਪੰਜਾਬ ਹੁਨਰ ਵਿਕਾਸ ਮਿਸਨ ਦੇ ਅਧੀਨ ਖੇਤੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਅਤੇ ਹੋਰਨਾਂ ਨੂੰ ਹੁਨਰਮੰਦ ਸਿਖਲਾਈ ਦੇਣ, ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਅਤੇ ਪਾਣੀ ਦੀ ਘਾਟ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਸਹਾਇਕ ਸੇਵਾਵਾਂ ਦੇ ਸਿਖਲਾਈ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਅੱਜ ਇੱਥੇ ਪੰਜਾਬ ਭਵਨ ਵਿਖੇ ਹੁਨਰ ਵਿਕਾਸ ਅਤੇ ਕਿੱਤਾਮੁੱਖੀ ਸਿਖਲਾਈ ਪ੍ਰੋਗਰਾਮਾਂ ਨਾਲ ਸਬੰਧਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਡਾ. ਕੇ.ਪੀ ਕ੍ਰਿਸਨਨ ਸਕੱਤਰ ਹੁਨਰ ਵਿਕਾਸ ਅਤੇ ੳੱੁਦਮ ਵਿਭਾਗ, ਭਾਰਤ ਸਰਕਾਰ, ਕਰਨ ਅਵਤਾਰ ਸਿੰਘ ਮੁੱਖ ਸਕੱਤਰ, ਐਮ.ਪੀ. ਸਿੰਘ ਵਧੀਕ ਮੁੱਖ ਸਕੱਤਰ, ਤੇਜਵੀਰ ਸਿੰਘ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਰਾਜ ਅਤੇ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦਾ ਖੁਲਾਸਾ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਹੁਨਰ ਵਿਕਾਸ ਦੇ ਕੋਰਸ ਚਲਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਕੋਰਸ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਸਕੀਮ ਅਧੀਨ ਰੈਕੌਗਨਾਈਜੇਸ਼ਨ ਆਫ ਪ੍ਰਾਇਰ ਲਰਨਿੰਗ (ਆਰ.ਪੀ.ਐਲ) ਪ੍ਰੋਗਰਾਮ ਅਧੀਨ ਚਲਾਏ ਜਾਣਗੇ। ਉਨ੍ਹਾਂ ਨਾਲ ਹੀ ਦੱਸਿਆ ਕਿ ਕੇਂਦਰੀ ਹੁਨਰ ਵਿਕਾਸ ਅਤੇ ੳੱੁਦਮੀ ਮੰਤਰਾਲੇ ਨੂੰ ਇਨ੍ਹਾਂ ਕੋਰਸਾਂ ਦੀ ਪ੍ਰਵਾਨਗੀ ਲਈ ਪੀ.ਐਸ.ਡੀ.ਐਮ. ਵੱਲੋਂ ਇਕ ਵੱਖਰਾ ਪ੍ਰਸਤਾਵ ਭੇਜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਐਮ.ਐਸ.ਡੀ.ਈ ਦੇ ਸਕੱਤਰ ਨੇ ਸਿਧਾਂਤਕ ਤੌਰ ’ਤੇ ਸ੍ਰੀ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੀ ਜਾਣ ਵਾਲੀ ਪੰਜਾਬ ਹੁਨਰ ਵਿਕਾਸ ਯੂਨੀਵਰਸਿਟੀ ’ਚ ਇੰਡੀਅਨ ਇੰਸਟੀਚਿਊਟ ਆਫ ਸਕਿੱਲਜ ਸਥਾਪਤ ਕਰਨ ਦੀ ਸਹਿਮਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਸਟੀਚਿਊਟ ਯੂਨੀਵਰਸਿਟੀ ਦਾ ਹਿੱਸਾ ਹੋਵੇਗਾ ਅਤੇ ਰਾਜ ਵਿਚ ਚੱਲ ਰਹੇ ਹੁਨਰ ਵਿਕਾਸ ਕੇਂਦਰਾਂ ਲਈ ਸਰਟੀਫਿਕੇਸ਼ਨ ਅਥਾਰਟੀ ਵਜੋਂ ਵੀ ਕੰਮ ਕਰੇਗਾ।
ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਨਾਮੀ ਉਦਯੋਗਿਕ ਇਕਾਈਆਂ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਸੰਬੰਧੀ ਸਿੱਖਿਆ ਅਤੇ ਸਿਖਲਾਈ ਦੇਣ ਲਈ ਯੂਨੀਵਰਸਿਟੀ ਦੇ ਕੈਂਪਸ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਤ ਕੀਤੇ ਜਾਣਗੇ। ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਕਿੱਲ ਯੂਨੀਵਰਸਿਟੀਆਂ ਵਿਚ ਚਲਾਏ ਜਾਣ ਵਾਲੇ ਕੋਰਸ ਐਮਬੈਡਿਡ ਅਪ੍ਰੈਂਟਿਸਿਪ ਪ੍ਰੋਗਗਰਾਮ ’ਤੇ ਆਧਾਰਿਤ ਹੋਣਗੇ। ਕੇਂਦਰੀ ਹੁਨਰ ਵਿਕਾਸ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਇਸ ਬਾਰੇ ਪ੍ਰਸਤਾਵ ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਿਆ ਜਾ ਚੱੁਕਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵ ਦੇ ਅਨੁਸਾਰ ਕੋਰਸ 70% ਪ੍ਰੈਕਟੀਕਲ ਟ੍ਰੇਨਿੰਗ ਅਤੇ 30% ਅਕਾਦਮਿਕ ਪੜਾਈ ’ਤੇ ਕੇਂਦਰਤ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਯੋਗਿਕ ਸਿਖਲਾਈ ਨਾ ਸਿਰਫ ਲੈਬਾਂ, ਸਗੋਂ ਉਦਯੋਗਾਂ ਵਿਚ ਵੀ ਮੁਹੱਈਆ ਕਰਵਾਈ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਰਾਜ ਵਿੱਚ ਲੋੜੀਂਦੇ ਕੈਰੀਅਰ ਕੌਂਸਲਿੰਗ ਪ੍ਰੋਗ੍ਰਾਮ ਸ਼ੁਰੂ ਕਰਨ ’ਤੇ ਜੋਰ ਦਿੱਤਾ, ਜਿਸ ਬਾਰੇ ਸਕੱਤਰ ਹੁਨਰ ਵਿਕਾਸ ਅਤੇ ੳੱੁਦਮ ਵਿਭਾਗ, ਭਾਰਤ ਸਰਕਾਰ ਨੇ ਸਹਿਮਤੀ ਦਿੱਤੀ ਅਤੇ ਦੱਸਿਆ ਐਨ.ਐਸ.ਡੀ.ਸੀ. ਰਾਜ ਵਿਚ ਕੈਰੀਅਰ ਕੌਂਸਲਿੰਗ ਕੇਂਦਰ ਸਥਾਪਤ ਕਰੇਗਾ। ਇਹ ਕੇਂਦਰ ਸੂਬੇ ਭਰ ਦੇ ਟਰੇਨਰਾਂ ਨੂੰ ਕੌਂਸਲਿੰਗ ਦੀ ਸਿਖਲਾਈ ਦੇਵੇਗਾ ਅਤੇ ਇਹ ਸਿਖਲਾਈ ਪ੍ਰਾਪਤ ਕੌਂਸਲਰ ਰਾਜ ਦੇ ਸਾਰੇ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਕੈਰੀਅਰ ਕੌਂਸਲਿੰਗ ਮੁਹੱਈਆ ਕਰਵਾਉਣਗੇ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਨੇ ਦੇਸ਼ ਪੱਧਰੀ ਸਕਿੱਲ ਮੁਕਾਬਲਿਆਂ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਸਕਿੱਲ ਮੁਕਾਬਲਿਆਂ ਲਈ ਗਰਾਂਟ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 2019 ਵਿਚ ਕਜਾਨ, ਰੂਸ ਵਿਚ ਵਿਸਵ ਹੁਨਰ ਮੁਕਾਬਲਾ ਹੋਵੇਗਾ। ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਨੇ ਉਦਯੋਗ ਦੀ ਲੋੜ ਦੇ ਅਨੁਸਾਰ ਸੰਯੁਕਤ ਬ੍ਰਾਂਡਿੰਗ ਅਤੇ ਕੋਰਸਾਂ ਦੀ ਰੀਸ਼ਫਲਿੰਗ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਜੀ.ਐਮ. ਪੀ.ਐਸ.ਡੀ.ਐਮ.ਸੀ, ਡੀਪੀਐਸ ਖਰਬੰਦਾ ਡਾਇਰੈਕਟਰ ਉਦਯੋਗ, ਅਜੋਏ ਸ਼ਰਮਾ ਸਕੱਤਰ ਸਥਾਨਕ ਸਰਕਾਰ ਅਤੇ ਸ੍ਰੀਮਤੀ ਵੈਸਾਲੀ ਪ੍ਰੋਜੈਕਟ ਕੋਆਰਡੀਨੇਟਰ ਪੀਐਸਡੀਐਮਸੀ, ਐਮ., ਜੈਵੰਤ ਸਿੰਘ ਸੀਨੀਅਰ ਹੈੱਡ ਐਨ.ਐਸ.ਡੀ.ਸੀ, ਸ੍ਰੀ ਪੀ ਐਨ ਯਾਦਵ ਡਾਇਰੈਕਟਰ ਡੀਜੀਟੀ, ਐਨ.ਐਸ.ਡੀ.ਸੀ, ਸਵਾਤੀ ਸੇਠੀ ਜੇ.ਡੀ. ਐਨ.ਐਸ.ਡੀ.ਸੀ, ਸ੍ਰੀ ਪੀ. ਐਨ. ਯਾਦਵ ਡਾਇਰੈਕਟਰ ਡੀ. ਜੀ. ਟੀ ਅਤੇ ਰਾਜ ਅਤੇ ਕੇਂਦਰ ਸਰਕਾਰ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…