nabaz-e-punjab.com

ਇੱਕ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਆਸਾਂ ’ਤੇ ਖਰੀ ਉੱਤਰਨ ਵਿੱਚ ਨਾਕਾਮ ਰਹੀ ਕੈਪਟਨ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਪਹਿਲਾ ਸਾਲ ਮੁਕੰਮਲ ਹੋਣ ਜਾ ਰਿਹਾ ਹੈ ਪ੍ਰੰਤੂ ਇਸ ਦੌਰਾਨ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਆਮ ਲੋਕਾਂ ਵਿੱਚ ਨਿਰਾਸ਼ਾ ਵੱਧਦੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਮੌਕੇ ਇੱਕ ਮਹੀਨੇ ਵਿੱਚ ਨਸ਼ਿਆਂ ਤੇ ਕਾਬੂ ਕਰਨ ਅਤੇ ਕਿਸਾਨਾਂ ਦਾ ਪੂਰਾ ਕਰਜਾ ਮੁਆਫ਼ ਕਰਨ ਦਾ ਦਾਅਵਾ ਕਰਕੇ ਲੋਕਾਂ ਦੀਆਂ ਵੋਟਾਂ ਬਟੋਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਇਹਨਾਂ ਦੋਵਾਂ ਮੁੱਖ ਵਾਅਦਿਆਂ ਵਿੱਚੋਂ ਕਿਸੇ ਨੂੰ ਵੀ ਪੂਰਾ ਨਹੀਂ ਕਰ ਪਾਈ। ਇਸ ਤੋਂ ਇਲਾਵਾ ਰੇਤ ਮਾਫੀਆ ਅਤੇ ਸਰਕਾਰੀ ਅਦਾਰਿਆਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਤੋੱ ਆਮ ਜਨਤਾ ਨੂੰ ਰਾਹਤ ਦਿਵਾਉਣ ਵਿੱਚ ਵੀ ਇਹ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਹਰ ਘਰ ਨੌਕਰੀ ਦਾ ਵਾਇਦਾ ਕਰਕੇ ਸੱਤਾ ਸੰਭਾਲਣ ਵਾਲੀ ਇਸ ਸਰਕਾਰ ਨੇ ਆਪਣੇ ਇਸ ਇੱਕ ਸਾਲ ਦੇ ਕਾਰਜਕਾਲ ਦੌਰਾਨ ਸਾਬਕਾ ਮੁੱਖ ਮੰਤਰੀ ਸ੍ਰੀ ਬੇਅਤ ਸਿੰਘ ਦੇ ਪੋਤੇ ਨੂੰ ਡੀਐਸਪੀ ਭਰਤੀ ਕਰਨ ਤੋਂ ਬਿਨਾ ਕੋਈ ਨਵੀਂ ਨੌਕਰੀ ਨਹੀਂ ਦਿੱਤੀ ਅਤੇ ਪੰਜਾਬ ਦੇ ਨੌਜਵਾਨ ਪਹਿਲਾਂ ਵਾਂਗ ਹੀ ਰੁਜਗਾਰ ਦੀ ਭਾਲ ਵਿੱਚ ਧੱਕੇ ਖਾਣ ਲਈ ਮਜਬੂਰ ਹਨ।
ਸਰਕਾਰ ਦੀ ਕਾਰਗੁਜਾਰੀ ’ਤੇ ਵਿਰੋਧੀ ਪਾਰਟੀਆਂ ਵੱਲੋਂ ਤਾਂ ਸਵਾਲ ਚੁੱਕੇ ਹੀ ਜਾਣੇ ਹੁੰਦੇ ਹਨ ਅਤੇ ਅਜਿਹਾ ਹੋ ਵੀ ਰਿਹਾ ਹੈ ਪ੍ਰੰਤੂ ਖ਼ੁਦ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਹੁਣ ਆਪਣੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ। ਇਸ ਦਾ ਵੱਡਾ ਕਾਰਨ ਸਰਕਾਰੀ ਕੰਮਕਾਜ ਦੌਰਾਨ ਅਫ਼ਸਰਸ਼ਾਹੀ ਵੱਲੋਂ ਉਹਨਾਂ ਨੂੰ ਅਣਦੇਖਿਆ ਕੀਤਾ ਜਾਣਾ ਹੈ ਅਤੇ ਕਾਂਗਰਸੀ ਆਗੂ ਅਤੇ ਵਰਕਰ ਇਸਦੀ ਖੁੱਲੇਆਮ ਸ਼ਿਕਾਇਤ ਕਰਦੇ ਵੀ ਦਿਖਦੇ ਹਨ। ਇਸਦਾ ਸਭਤੋੱ ਵੱਧ ਨੁਕਸਾਨ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਇਆ ਹੈ ਜਿਹੜੀਆਂ ਪਿਛਲੇ ਸਮੇੱ ਦੌਰਾਨ ਜਿਵੇੱ ਠੱਪ ਜਿਹੀਆਂ ਹੋ ਕੇ ਰਹਿ ਗਈਆਂ ਹਨ।
ਉਧਰ, ਦੂਜੇ ਪਾਸੇ ਅਕਾਲੀ ਦਲ ਵੱਲੋਂ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਅਕਾਲੀ ਦਲ ਵੱਲੋਂ ਸਰਕਾਰ ਦੀਆਂ ਨਾਕਮੀਆਂ ਨੂੰ ਲੋਕਾਂ ਤੱਕ ਲਿਜਾਣ ਲਈ ਆਪਣੀ ਪੂਰੀ ਵਾਹ ਵੀ ਲਗਾਈ ਜਾ ਰਹੀ ਹੈ। ਸਰਕਾਰ ਦੀ ਇਸ ਢਿੱਲੀ ਕਾਰਗੁਜਾਰੀ ਕਾਰਨ ਲੋਕਾਂ ਦਾ ਸਬਰ ਹੌਲੀ ਹੌਲੀ ਟੁੱਟਣ ਲੱਗ ਪਿਆ ਹੈ। ਪਿਛਲੇ ਇੱਕ ਸਾਲ ਦੌਰਾਨ ਤਾਂ ਫਿਰ ਵੀ ਲੋਕਾਂ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਨਵੀਂ ਸਰਕਾਰ ਨੂੰ ਆਪਣੀ ਪਕੜ ਬਣਾਉਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੀ ਹੈ ਪ੍ਰੰਤੂ ਹੁਣ ਹਾਲਾਤ ਲਗਾਤਾਰ ਬਦਤਰ ਹੁੰਦੇ ਦਿਖ ਰਹੇ ਹਨ। ਖਾਲੀ ਖਜ਼ਾਨੇ ਕਾਰਨ ਬੁਰੀ ਤਰ੍ਹਾਂ ਆਰਥਿਕ ਤੰਗੀ ਦਾ ਸ਼ਿਕਾਰ ਹੋਈ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਰਕਮ ਦਾ ਪੂਰਾ ਪ੍ਰਬੰਧ ਨਹੀਂ ਬਣ ਪਾ ਰਿਹਾ ਜਿਸ ਕਾਰਨ ਮੁਲਾਜਮਾਂ ਵਿੱਚ ਵੀ ਸਰਕਾਰ ਪ੍ਰਤੀ ਗੁੱਸਾ ਵੱਧ ਰਿਹਾ ਹੈ। ਵਿੱਤੀ ਸਥਿਤੀ ਦੇ ਨਾਜੁਕ ਹੋਣ ਕਾਰਨ ਸੂਬੇ ਦੇ ਵਿਕਾਸ ਕਾਰਜ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ ਅਤੇ ਇਸ ਕਾਰਨ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਵੀ ਦਿਖਣ ਲੱਗ ਪਿਆ ਹੈ।
ਇਸ ਤੋਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਵਿੰਚ ਭਾਵੇਂ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਬਿਹਤਰ ਰਹੀ ਹੈ ਪ੍ਰੰਤੂ ਇਹ ਸਿਲਸਿਲਾ ਆਉਣ ਵਾਲੇ ਸਮੇਂ ਦੌਰਾਨ ਵੀ ਜਾਰੀ ਰਹੇਗਾ, ਇਸਦੀ ਕੋਈ ਗਾਰੰਟੀ ਨਹੀਂ ਹੈ। ਜਿਸ ਤਰੀਕੇ ਨਾਲ ਸੂਬਾ ਸਰਕਾਰ ਆਮ ਲੋਕਾਂ ਦੇ ਮਸਲਿਆਂ ਤੋਂ ਇੱਕ ਇੱਕ ਕਰਕੇ ਪਿੱਛੇ ਹਟਦੀ ਦਿਖ ਰਹੀ ਹੈ। ਇਸ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੀ ਢਿੱਲੀ ਕਾਰਗੁਜਾਰੀ ਦਾ ਨੁਕਸਾਨ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਹੋਣਾ ਤੈਅ ਹੈ ਅਤੇ ਦੇਖਣਾ ਇਹ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰਕੇ ਲੋਕਾਂ ਦਾ ਭਰੋਸਾ ਕਾਇਮ ਰੱਖਣ ਵਿੱਚ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…