ਮੁੱਖ ਮੰਤਰੀ ਵੱਲੋਂ ਮੇਨਕਾ ਗਾਂਧੀ ਨੂੰ ਪੰਜਾਬ ਵਿੱਚ ਸ਼ਰਤ ਲਾ ਕੇ ਕੁੱਤਿਆਂ ਨੂੰ ਲੜਾਉਣ ਦੀ ਜਾਂਚ ਕਰਾਉਣ ਦਾ ਭਰੋਸਾ

ਨਿਰਭਯਾ ਫੰਡ ਅਤੇ ਮਹਿਲਾਵਾਂ ਤੇ ਬੱਚਿਆਂ ਲਈ ਹੋਰ ਕੇਂਦਰੀ ਫੰਡ ਜਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 6 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਸੂਬੇ ਵਿੱਚ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀ ਵਧ ਰਹੀ ਅਲਾਮਤ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਇਹ ਭਰੋਸਾ ਕੇਂਦਰੀ ਮੰਤਰੀ ਨਾਲ ਇਕ ਮੀਟਿੰਗ ਦੌਰਾਨ ਦਿੱਤਾ ਜਿਨ੍ਹਾਂ ਨੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੇ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਸਰਹੱਦ ਪਾਰ ਤੋਂ ਕੁੱਤੇ ਲਿਆਉਣ ਦੀਆਂ ਰਿਪੋਰਟਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਵਾਅਦਾ ਕਰਦਿਆਂ ਕੇਂਦਰੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਧਰਤੀ ਨੂੰ ਅਜਿਹੀਆਂ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਹਰਗਿਜ਼ ਨਹੀਂ ਦੇਵੇਗੀ।
ਮੀਟਿੰਗ ਦੌਰਾਨ ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਮਾਮਲਾ ਵੀ ਵਿਚਾਰਿਆ ਗਿਆ ਜਿਸ ਲਈ ਮੁੱਖ ਮੰਤਰੀ ਨੇ ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਕੇਂਦਰੀ ਮੰਤਰਾਲੇ ਦੀ ਮਦਦ ਮੰਗੀ। ਇਸ ’ਤੇ ਆਪਣਾ ਹੁੰਗਾਰਾ ਭਰਦਿਆਂ ਸ੍ਰੀਮਤੀ ਮੇਨਕਾ ਗਾਂਧੀ ਨੇ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸੂਬਾ ਭਰ ਵਿੱਚ ਪਸ਼ੂਆਂ ’ਤੇ ਜ਼ੁਲਮ ਰੋਕਣ ਸਬੰਧੀ ਸੋਸਾਇਟੀ ਦੇ ਯੂਨਿਟ ਸਥਾਪਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਅਵਾਰਾ ਕੁੱਤਿਆਂ ਦੇ ਵਾਧੇ ਨੂੰ ਰੋਕਣ ਲਈ ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ ਅਧੀਨ ਕੁੱਤਿਆਂ ਦੀ ਨਸਬੰਦੀ ਦਾ ਸੁਝਾਅ ਵੀ ਦਿੱਤਾ। ਮੁੱਖ ਮੰਤਰੀ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਪਾਸੋਂ ਸੂਬੇ ਲਈ ਬਜਟ ਦੀਆਂ ਮੰਗਾਂ ਪ੍ਰਤੀ ਕੇਂਦਰੀ ਮੰਤਰੀ ਦਾ ਧਿਆਨ ਦਵਾਇਆ ਤਾਂ ਕਿ ਮਹਿਲਾਵਾਂ ਤੇ ਬੱਚਿਆਂ ਲਈ ਵੱਖ-ਵੱਖ ਸਕੀਮਾਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਇਨ੍ਹਾਂ ਸਕੀਮਾਂ ਨੂੰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਫੰਡ ਛੇਤੀ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਆਈ.ਸੀ.ਡੀ.ਐਸ. ਸਕੀਮ ਅਧੀਨ ਆਂਗਣਵਾੜੀ ਸੇਵਾਵਾਂ ਲਈ ਸੂਬੇ ਦੀ 14192.96 ਲੱਖ ਰੁਪਏ ਦੀ ਲੋੜ ਦੱਸੀ।
ਇਸੇ ਤਰ੍ਹਾਂ ਸ਼ੁਰੂਆਤੀ ਬਾਲ ਸੰਭਾਲ ਲਈ 716.40 ਲੱਖ ਰੁਪਏ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਲਈ 784.53 ਲੱਖ ਰੁਪਏ ਅਤੇ ਸੰਗਠਿਤ ਬਾਲ ਸੁਰੱਖਿਆ ਸਕੀਮ ਲਈ 1783.55 ਲੱਖ ਰੁਪਏ ਮੰਗੇ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰਾਲੇ ਪਾਸੋਂ ਨਿਰਭਯਾ ਫੰਡ ’ਚੋਂ ਵੀ ਸੂਬੇ ਨੂੰ ਫੰਡ ਦੇਣ ਦੀ ਮੰਗ ਕੀਤੀ ਤਾਂ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਹੋਰ ਵਧੇਰੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਨੇ ਇਸ ਫੰਡ ਦੇ ਉਦੇਸ਼ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਦੇਸ਼ ਭਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਮਾਣ-ਸਤਿਕਾਰ ਦੀ ਰਾਖੀ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਦਮਾਂ ਨੂੰ ਮਦਦ ਮਿਲਣ ਦੀ ਆਸ ਹੈ। ਕੇਂਦਰੀ ਮੰਤਰੀ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਇਸ ਸਬੰਧੀ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਠੋਸ ਤਜਵੀਜ਼ਾਂ ਭੇਜੇ।
ਕੇਂਦਰੀ ਮੰਤਰੀ ਨੇ ਜਿਨਸੀ ਸ਼ੋਸ਼ਣ ਦੀਆਂ ਪੀੜਤਾਂ ਨੂੰ ਮਦਦ ਤੇ ਸਹਿਯੋਗ ਦੇਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਨ-ਸਟਾਪ ਸਾਖੀ ਸੈਂਟਰ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਇਨ੍ਹਾਂ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਮਹਿਲਾ ਨੂੰ 24 ਘੰਟੇ ਇਕੋ ਛੱਤ ਹੇਠ ਮੈਡੀਕਲ, ਕਾਨੂੰਨੀ, ਮਨੋਵਿਗਿਆਨ ਅਤੇ ਸਲਾਹ-ਮਸ਼ਵਰੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਮਹਿਲਾਵਾਂ ਤੇ ਬੱਚਿਆਂ ਦੇ ਹਿੱਤਾਂ ਦੇ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਲਈ ਹੋਰ ਭਲਾਈ ਪ੍ਰੋਗਰਾਮ ਚਲਾਉਣ ਦਾ ਉਪਰਾਲਾ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…