ਮੁਹਾਲੀ ਤੋਂ ਬਾਅਦ ਹੁਣ ਡੀਸੀ ਰੂਪਨਗਰ ਗੁਰਨੀਤ ਤੇਜ ਨੇ ਕੀਤੀ ਆਨਲਾਈਨ ਰਜਿਸਟਰੇਸ਼ਨ ਦੀ ਸ਼ੁਰੂਆਤ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਰੂਪਨਗਰ, 9 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੋਂ ਬਾਅਦ ਨੈਸ਼ਨਲ ਜੈਨਰਿਕ ਸਾਫਟਵੇਅਰ ਫਾਰ ਡਾਕੂਮੈਂਟ ਰਜਿਸਟਰੇਸ਼ਨ (ਐਨਜੀਡੀਆਰਐਸ) ਤਹਿਤ ਆਨਲਾਈਨ ਰਜਿਸਟਰੀਆਂ ਕਰਨ ਲਈ ਤਿਆਰ ਕੀਤੇ ਪੋਰਟਲ ਦੀ ਅੱਜ ਤਹਿਸੀਲ ਦਫ਼ਤਰ ਰੂਪਨਗਰ ਵਿਖੇ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਹਰਜੋਤ ਕੌਰ ਐਸਡੀਐਮ, ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਮੇਜਰ ਗੁਰਜਿੰਦਰ ਸਿੰਘ ਬੇਨੀਪਾਲ ਜ਼ਿਲ੍ਹਾ ਮਾਲ ਅਫ਼ਸਰ, ਰਾਜਪਾਲ ਸਿੰਘ ਸੇਖੋ ਤਹਿਸੀਲਦਾਰ, ਯੋਗੇਸ਼ ਕੁਮਾਰ, ਰਾਜੀਵ ਕਪੂਰ ਡੀ.ਐਸ.ਐਮ. ਵੀ ਹਾਜਰ ਸਨ। ਇਸ ਨਵੀਂ ਪ੍ਰਣਾਲੀ ਤਹਿਤ ਪਹਿਲੀ ਰਜਿਸਟਰੀ ਗੁਲਜਾਰ ਸਿੰਘ ਪੁੱਤਰ ਮੱਗਰ ਸਿੰਘ ਵਾਸੀ ਪੁਰਖਾਲੀ ਵੱਲੋਂ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਿੰਦਰੱਖ ਨੇ ਦੋ ਬੀਘੇ 18 ਬਿਸਵੇ ਪਲਾਟ ਦੀ ਕੀਤੀ ਗਈ।
ਇਸ ਪੋਰਟਲ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜਿਸਟਰੀ ਸਬੰਧੀ ਕਾਗਜ਼ਾਤ ਤਿਆਰ ਹੋਣ ਤੋਂ ਬਾਅਦ ਇਸ ਪੋਰਟਲ ਦੀ ਮਦਦ ਨਾਲ ਘਰ ਬੈਠੇ ਹੀ ਰਜਿਸਟਰੀ ਕਰਵਾਉਣ ਲਈ ਸਮਾਂ (1ppointment) ਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਸਬ-ਰਜਿਸਟਰਾਰ ਦਫਤਰ ਵਿਚ ਬੈਠ ਕੇ ਲੰਮਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ। ਇਸ ਸਾਫਟਵੇਅਰ ਵਿਚ ‘ਟਾਈਮਸਲੌਟਸ’ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਫਟਵੇਅਰ ਜ਼ਰੀਏ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਦੇ ਦਰਮਿਆਨ ਹੀ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ ਅਤੇ ਸ਼ੁਰੂਆਤੀ ਤੌਰ ’ਤੇ ਇਕ ਰਜਿਸਟਰੀ ਨੂੰ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ, ਜਿਹੜਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘਟ ਜਾਵੇਗਾ। ਇਸ ਪ੍ਰਕਿਰਿਆ ਲਈ ਆਧਾਰ ਕਾਰਡ ਲਾਜ਼ਮੀ ਕੀਤਾ ਗਿਆ ਹੈ ਅਤੇ ਇਸ ਸਾਫਟਵੇਅਰ ਸਦਕਾ ਰਜਿਸਟਰੀਆਂ ਸਬੰਧੀ ਗੜਬੜ ਦੀ ਗੁੰਜਾਇਸ਼ ਨਹੀਂ ਰਹੇਗੀ।
ਐਨ.ਆਈ.ਸੀ. ਪੁਣੇ ਵੱਲੋਂ ਤਿਆਰ ਕੀਤੇ ਗਏ ਇਸ ਸਾਫਟਵੇਅਰ ਨਾਲ ਕੀਤੀਆਂ ਜਾਣ ਵਾਲੀਆਂ ਰਜਿਸਟਰੀਆਂ ਦੀ ਜਾਣਕਾਰੀ ਆਨਲਾਈਨ ਵੀ ਸਾਂਭ ਕੇ ਰੱਖੀ ਜਾਵੇਗੀ। ਜਿਸ ਲਈ ਵਿਸ਼ੇਸ਼ ‘ਕਲਾਊਡ’ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟਰੇਸ਼ਨ ਪ੍ਰਣਾਲੀ ਤਹਿਤ ਲੋਕ ਹਫਤੇ ਵਿਚ ਸੱਤੇ ਦਿਨ ਤੇ 24 ਘੰਟੇ ਕਿਸੇ ਵੀ ਵੇਲੇ ਰਜਿਸਟਰੀ ਸਬੰਧੀ ਜਾਣਕਾਰੀ ਅੱਪਲੋਡ ਕਰ ਸਕਦੇ ਹਨ। ਇਸ ਪ੍ਰਣਾਲੀ ਤਹਿਤ ਅਸਲ ਸਮੇਂ ਮੁਤਾਬਿਕ ਹੀ ਰਿਪੋਰਟਾਂ ਤਿਆਰ ਹੋਣਗੀਆਂ ਜਿਨ੍ਹਾਂ ਦਾ ਮੁਲਾਂਕਣ ਅਧਿਕਾਰੀਆਂ ਵੱਲੋਂ ਫੌਰੀ ਤੌਰ ’ਤੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖਰੀਦਦਾਰ ਅਤੇ ਵਿਕਰੇਤਾ ਨੂੰ ਰਜਿਸਟਰੀ ਸਬੰਧੀ ਜਾਣਕਾਰੀ ਐਸ.ਐਮ.ਐਸ. ਰਾਹੀਂ ਵੀ ਮੁਹੱਈਆ ਕਰਵਾਈ ਜਾਵੇਗੀ। ਰਜਿਸਟਰੀ ਨੂੰ ਸਕੈਨ ਕਰਕੇ ਪੋਰਟਲ ’ਤੇ ਪਾਇਆ ਜਾਵੇਗਾ ਜਿਸ ਨਾਲ ਮਾਲ ਵਿਭਾਗ ਦੇ ਰਿਕਾਰਡ ਵਿਚ ਵੀ ਜਾਣਕਾਰੀ ਸ਼ਾਮਿਲ ਹੁੰਦੀ ਰਹੇਗੀ। ਇਸ ਪੋਰਟਲ ਤਹਿਤ ਸਬ-ਰਜਿਸਟਰਾਰਾਂ ਨੂੰ ਵੀ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਜੋੜਿਆ ਗਿਆ ਹੈ।
ਰਜਿਸਟਰੀ ਦੀ ਕਾਪੀ ਲੈਣ ਲਈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਕਿਉਂਕਿ ਕਿ ਸਬ-ਰਜਿਸਟਰਾਰ ਦਫਤਰ ਵੱਲੋਂ ਆਨਲਾਈਨ ਰੱਖੀ ਗਈ ਜਾਣਕਾਰੀ ਦੇ ਆਧਾਰ ’ਤੇ ਰਜਿਸਟਰੀ ਦੀ ਕਾਪੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਸਾਰੀ ਸਹੂਲਤ ਲਈ ਲੋਕਾਂ ਨੂੰ ਕੋਈ ਵਾਧੂ ਫੀਸ ਵੀ ਜਮਾਂ ਨਹੀਂ ਕਰਵਾਉਣੀ ਹੋਵੇਗੀ। ਭਵਿੱਖ ਵਿਚ ਆਨਲਾਈਨ ਫੀਸ ਅਦਾ ਕਰਕੇ ਰਜਿਸਟਰੀ ਦੀ ਕਾਪੀ ਲੈਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਐਸ.ਆਰ.ਓ/ਜੇ.ਐਸ.ਆਰ.ਓ ਦੇ ਦਫਤਰਾਂ ਵਿਚ ਹੈਲਪਡੈਸਕ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਤੇਜ ਨੇ ਦੱਸਿਆ ਕਿ ਇਸ ਪੋਰਟਲ ਜ਼ਰੀਏ ਸਟੈਂਪ ਡਿਊਟੀ, ਰਜਿਸਟਰੀ ਫੀਸ ਅਤੇ ਕੁਲੈਕਟਰ ਰੇਟਾਂ ਤੇ ਆਧਾਰਿਤ ਫੀਸ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ ਅਤੇ ਆਨਲਾਈਨ ਰਜਿਸਟਰੀ ਦਾ ਇਹ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਆਉਣ ਵਾਲੇ ਸਮੇਂ ਵਿਚ ਵੱਖ ਵੱਖ ਰਜਿਸਟਰੀਆਂ ਸਬੰਧੀ ਖਾਕੇ ਤਿਆਰ ਕਰਕੇ ਅਪਲੋਡ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਰਜਿਸਟਰੀਆਂ ਦੇ ਕਾਗਜ਼ਾਤ ਤਿਆਰ ਕਰਨ ਵਾਲਿਆਂ ’ਤੇ ਨਿਰਭਰਤਾ ਘਟੇ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਨੂੰ ਰਜਿਸਟਰੀਆਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਵਸੀਕਾਂ ਨਵੀਸਾਂ ਨੂੰ ਇਸ ਸਬੰਧੀ ਹੋਰ ਸਿਖਲਾਈ ਦੇਣ ਉਪਰਾਲੇ ਕੀਤੇ ਜਾਣ ਤਾਂ ਜੋ ਰਜਿਸਟਰੀਆਂ ਕਰਨ ਵਿਚ ਕਿਸੇ ਗਲਤੀ ਦੀ ਗੁਜਾਇੰਸ਼ ਨਾ ਰਹੇ।
ਉਨ੍ਹਾਂ ਇਹ ਵੀ ਦੱਸਿਆ ਕਿ ਰਜਿਸਟਰੇਸ਼ਨ ਦੀ ਇਹ ਨਵੀਂ ਪ੍ਰਣਾਲੀ ਬਹੁਤ ਅਸਾਨ ਹੈ ਅਤੇ ਇਹ ਗੱਲ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਇਸ ਦੀ ਵੈਬਸਾਈਟ igrpunjab.gov.in ’ਤੇ ਆਨਲਾਈਨ ਰਜਿਸਟਰੀ ਲਈ ਅਪਲਾਈ ਕਰ ਸਕਦਾ ਹੈ ਅਤੇ ਇਸ ਵੈਬਸਾਈਟ ’ਤੇ ਹੀ ਰੇਟਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਹੋਣ ਨਾਲ ਹੁਣ ਰਜਿਸਟਰੀਆਂ ਸਬੰਧੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਜਿਥੇ ਲੋਕਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ ਉੱਥੇ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਵੀ ਭੀੜ ਘਟੇਗੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…