ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਬਣੇਗੀ ਪੰਜਾਬ ਦੇ ਸਕੂਲ ਪਾਠਕ੍ਰਮ ਦਾ ਹਿੱਸਾ: ਕੈਪਟਨ ਅਮਰਿੰਦਰ

ਅਟਾਰੀ ਸਟੇਸ਼ਨ ਤੇ ਆਈਸੀਪੀ ਦਾ ਨਾਂ ਸ਼ਾਮ ਸਿੰਘ ਦੇ ਨਾਂ ’ਤੇ ਹੋਵੇ, ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ’ਚ ਸੂਬਾ ਪੱਧਰੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਅੰਮ੍ਰਿਤਸਰ, 10 ਫਰਵਰੀ:
‘‘ਪੰਜਾਬ ਸਰਕਾਰ ਨੇ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਅਤੇ ਸ਼ਹੀਦੀ ਉੱਤੇ ਚਾਨਣਾ ਪਾਉਂਦਾ ਅਧਿਆਇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਅਤੇ ਆਈ ਸੀ ਪੀ ਅਟਾਰੀ ਦਾ ਨਾਂ ਸ: ਸ਼ਾਮ ਸਿੰਘ ਅਟਾਰੀਵਾਲਾ ਦੇ ਨਾਂ ਉੱਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ’’ ਉਕਤ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਰਾਇਣਗੜ੍ਹ ਸਥਿਤ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਇਸ ਮੌਕੇ ਸ਼ਹੀਦ ਦੇ ਆਦਮਕੱਦ ਬੁੱਤ ਉੱਤੇ ਫੁੱਲ ਮਲਾਵਾਂ ਭੇਟ ਕੀਤੀਆਂ। ਇਸ ਉਪਰੰਤ ਮੁੱਖ ਮੰਤਰੀ ਸ: ਸ਼ਾਮ ਸਿੰਘ ਅਟਾਰੀਵਾਲਾ ਦੀ ਅਟਾਰੀ ਸਥਿਤ ਸਮਾਧ ਉੱਤੇ ਰਖਾਏ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਏ ਅਤੇ ਉੱਥੇ ਭਾਰਤੀ ਫੌਜ ਵਲੋਂ ਦਿੱਤੇ ਗਏ ਵਿਜਯੰਤਾ ਟੈਂਕ ਨੂੰ ਸਥਾਪਿਤ ਕਰਨ ਦੀ ਘੁੰਡ ਚੁਕਾਈ ਵੀ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦ ਦੀ ਯਾਦ ਵਿੱਚ ਅਜਾਇਬਘਰ ਅਤੇ ਖੇਡ ਮੈਦਾਨ ਬਣਾਉਣ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਮਿਗ ਜਹਾਜ ਸਥਾਪਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਪਜੰਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ: ਅਟਾਰੀਵਾਲਾ ਜੀ ਦੀ ਜੀਵਨੀ ਉੱਤੇ ਵਿਸਥਾਰ ਵਿੱਚ ਚਾਨਣਾ ਪਾਉਂਦਾ ਇਕ ਲੇਖ ਆਪਣੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਜਿਸ ਤੋਂ ਬੱਚੇ ਦੇਸ਼ਭਗਤੀ ਦੀ ਪ੍ਰੇਰਨਾ ਲੈ ਸੱਕਣ। ਉਨ੍ਹਾਂ ਦੱਸਿਆ ਕਿ ਇਹ ਲੇਖ ਸ਼ਾਮਲ ਕਰਨ ਲਈ ਐਨਸੀਈਆਰਟੀ ਨੂੰ ਵੀ ਪੱਤਰ ਲਿੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰ ਸਾਲ ਅਟਾਰੀ ਵਿੱਚ ਪੱਛਮੀ ਕਮਾਂਡ ਦੇ ਸਾਬਕਾ ਫੌਜੀਆਂ ਦੀ ਰੈਲੀ ਕਰਵਾਇਆ ਕਰਨ।
ਉਨ੍ਹਾਂ ਕਿਹਾ ਕਿ ਹਰ ਸਾਲ ਅਟਾਰੀ ਆਉਂਦੇ ਲੱਖਾਂ ਸੈਲਾਨੀਆਂ ਨੂੰ ਵੇਖਦੇ ਹੋਏ ਅਟਾਰੀ ਪਿੰਡ ਨੂੰ ਵਾਈ ਫਾਈ ਜੌਨ ਬਣਾਉਣ ਲਈ ਸੰਚਾਰ ਮੰਤਰਾਲਾ ਨੂੰ ਪੱਤਰ ਲਿੱਖਿਆ ਗਿਆ ਹੈ। ਉਨ੍ਹਾਂ ਇਸ ਮੌਕੇ ਅਟਾਰੀ ਸਥਿਤ ਸਰੋਵਰ ਵਿੱਚ ਹਰ ਸਾਲ ਖੇਡ ਮੇਲਾ ਕਰਾਉਣ ਦੀ ਹਦਾਇਤ ਵੀ ਖੇਡ ਵਿਭਾਗ ਨੂੰ ਕੀਤੀ। ਸ: ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਟਰੱਸਟ ਵਲੋਂ ਕੀਤੀ ਮੰਗ ਉੱਪਰ ਉਨ੍ਹਾਂ ਨੇ ਅਟਾਰੀ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਬਤੌਰ ਗਾਈਡ ਅਟਾਰੀ ਵਿਖੇ ਲਗਾਉਣ ਲਈ ਵੀ ਨਾਮ ਪੰਜਾਬ ਹੈਰੀਟੇਜ ਅਤੇ ਟੂਰਿਜਮ ਬੋਰਡ ਨੂੰ ਭੇਜਣ ਦੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਸ: ਸ਼ਾਮ ਸਿੰਘ ਅਟਾਰੀਵਾਲਾ ਦੇਸ਼ ਅਤੇ ਕੌਮ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸਲਾਮੀ ਦਿੱਤੀ।
ਇਸ ਮੌਕੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਸ: ਸੁਖਬਿੰਦਰ ਸਿੰਘ ਸਰਕਾਰੀਆ, ਸ੍ਰੀ ਓ.ਪੀ ਸੋਨੀ, ਡਾ: ਰਾਜਕੁਮਾਰ ਵੇਰਕਾ, ਸ: ਇੰਦਰਜੀਤ ਸਿੰਘ ਬੁਲਾਰੀਆ, ਸ: ਹਰਪ੍ਰਤਾਪ ਸਿੰਘ ਅਜਨਾਲਾ , ਸ: ਹਰਮਹਿੰਦਰ ਸਿੰਘ ਗਿੱਲ, ਸ: ਤਰਸੇਮ ਸਿੰਘ ਡੀਸੀ, ਸ: ਸੰਤੋਖ ਸਿੰਘ ਭਲਾਈਪੁਰਾ, ਸ੍ਰੀ ਸੁਨੀਲ ਦੱਤੀ, ਸ੍ਰੀ ਸੁਖਵਿੰਦਰ ਸਿੰਘ ਡੈਨੀ, ਡਾ: ਧਰਮਵੀਰ ਅਗਨੀਹੋਤਰੀ (ਸਾਰੇ ਵਿਧਾਇਕ ਸਹਿਬਾਨ), ਮੇਅਰ ਸ੍ਰੀ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਸ੍ਰੀ ਐਸ ਐਸ ਸ੍ਰੀਵਾਸਤ, ਪ੍ਰੋ: ਦਰਬਾਰੀ ਲਾਲ, ਸ਼ਹਿਰੀ ਪ੍ਰਧਾਨ ਸ੍ਰੀ ਯੁਗਲ ਕਿਸ਼ੋਰ ਸ਼ਰਮਾ, ਦੇਹਾਤੀ ਪ੍ਰਧਾਨ ਸ:ਭਗਵੰਤ ਪਾਲ ਸਿੰਘ ਸੱਚਰ, ਸ: ਜਸਬੀਰ ਸਿੰਘ ਡਿੰਪਾ, ਸ੍ਰੀ ਹਰਜਿੰਦਰ ਸਿੰਘ ਠੇਕੇਦਾਰ, ਸ: ਸੁਖਦੇਵ ਸਿੰਘ ਚਾਹਲ, ਸ: ਗੁਰਦੇਵ ਸਿੰਘ ਝੀਤਾ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…