ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੋਰਟਿਸ ਹਸਪਤਾਲ ਮੁਹਾਲੀ ਨੂੰ 10 ਲੱਖ ਰੁਪਏ ਜੁਰਮਾਨਾ ਠੋਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਬੀਤੀ 2 ਫਰਵਰੀ ਨੂੰ ਇੱਥੋਂ ਦੇ ਅੰਤਰਰਾਸ਼ਟਰੀ ਫੋਰਟਿਸ ਹਸਪਤਾਲ ਵੱਲੋਂ ਕਬਾੜੀਆਂ ਨੂੰ ਦਿੱਤੇ ਜਾ ਰਹੇ ਬਾਇਓ ਮੈਡੀਕਲ ਵੇਸਟ ਬਰਾਮਦ ਕਰਨ ਦੇ ਮਾਮਲੇ ਵਿੱਚ ਅੱਜ ਫੋਰਟਿਸ ਹਸਪਤਾਲ ਨੂੰ 10 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਆਈਏਐਸ ਕਾਹਨ ਸਿੰਘ ਪੰਨੂ ਨੇ ਇਹ ਕਾਰਵਾਈ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼-2016 ਦੇ ਤਹਿਤ ਕੀਤੀ ਗਈ ਹੈ। ਜੁਰਮਾਨੇ ਦੀ ਰਾਸ਼ੀ ਪ੍ਰਦੂਸ਼ਣ ਬੋਰਡ ਦੇ ਵਾਤਾਵਰਨ ਇੰਜੀਨੀਅਰ ਸ਼ਾਖਾ ਦੇ ਖਾਤੇ ਵਿੱਚ ਜਮ੍ਹਾ ਕਰਵਾਈ ਹੋਵੇਗੀ।
ਸਰਕਾਰੀ ਪੱਤਰ ਅਨੁਸਾਰ ਇਹ ਕਾਰਵਾਈ ਕਰਨ ਤੋਂ ਪਹਿਲਾਂ ਹਸਪਤਾਲ ਪ੍ਰਸ਼ਾਸਨ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ। ਨੋਟਿਸ ਰੂਪੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਹਸਪਤਾਲ ਦੇ ਹਾਊਸ ਕੀਪਿੰਗ ਦੇ ਇੰਚਾਰਜ ਰਾਜੇਸ਼ ਸ਼ਰਮਾ ਨੂੰ ਮੁਅੱਤਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਇਸ ਤੋਂ ਇਲਾਵਾ ਬਾਇਓ ਮੈਡੀਕਲ ਵੇਸਟ ਚੁੱਕਣ ਵਾਲੇ ਠੇਕੇਦਾਰ ਦੇ ਖ਼ਿਲਾਫ਼ ਵੀ ਪੁਲੀਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸਬੰਧੀ ਹਾਊਸ ਕੀਪਿੰਗ ਦੀ ਸ਼ੱਕੀ ਭੂਮਿਕਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਜੇਕਰ ਸ਼ਰਮਾ ਕਸੂਰਵਾਰ ਪਾਏ ਜਾਂਦੇ ਹਨ ਤਾਂ ਠੇਕੇਦਾਰ ਵਿਰੁੱਧ ਦਰਜ ਹੋਣ ਵਾਲੇ ਪੁਲੀਸ ਕੇਸ ਵਿੱਚ ਉਨ੍ਹਾਂ (ਹਾਊਸ ਕੀਪਿੰਸ) ਨੂੰ ਵੀ ਨਾਮਜ਼ਦ ਕੀਤਾ ਜਾਵੇ।
ਬੋਰਡ ਮੁਖੀ ਨੇ ਦੱਸਿਆ ਕਿ ਬੀਤੀ 2 ਫਰਵਰੀ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਵਿਸ਼ੇਸ਼ ਟੀਮ ਨੇ ਫੋਰਟਿਸ ਹਸਪਤਾਲ ਦੇ ਬਾਹਰੋਂ ਵੱਡੀ ਮਾਤਰਾ ਵਿੱਚ ਇੱਕ ਵਾਹਨ ਵਿੱਚ ਲੱਦ ਕੇ ਲਿਜਾਇਆ ਜਾ ਰਿਹਾ ਬਾਇਓ ਮੈਡੀਕਲ ਵੇਸਟ ਫੜਿਆ ਗਿਆ ਸੀ। ਪ੍ਰਦੂਸ਼ਣ ਬੋਰਡ ਨੇ ਇਹ ਕਾਰਵਾਈ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ। ਉਨ੍ਹਾਂ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਆਪਣਾ ਕੁਝ ਬਾਇਓ ਮੈਡੀਕਲ ਵੇਸਟ ਕਬਾੜੀਆਂ ਨੂੰ ਦਿੱਤਾ ਜਾ ਰਿਹਾ ਹੈ। ਸੂਚਨਾ ਦੇ ਅਧਾਰ ’ਤੇ ਬੋਰਡ ਦੀ ਟੀਮ ਵੱਲੋਂ ਹਸਪਤਾਲ ਦੇ ਬਾਹਰ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਇੱਕ ਅਜਿਹੇ ਵਾਹਨ ਨੂੰ ਫੜਿਆ ਗਿਆ ਜਿਸ ਵਿੱਚ ਬਾਇਓ ਮੈਡੀਕਲ ਵੇਸਟ, ਜੋ ਕਿ ਬਾਇਓ ਮੈਡੀਕਲ ਵੇਸਟ ਫਸੀਲਿਟੀ ਤੋਂ ਟਰੀਟ ਹੋਣਾ ਸੀ।
ਉਧਰ, ਹਸਪਤਾਲ ਦੇ ਬਾਹਰੋਂ ਫੜੇ ਗਏ ਵਾਹਨ ਦੇ ਚਾਲਕ ਨੇ ਦੱਸਿਆ ਕੀ ਬਾਇਓ ਮੈਡੀਕਲ ਵੇਸਟ ਡੱਡੂਮਾਜਰਾ ਵਿੱਚ ਕਬਾੜੀਏ ਕੋਲ ਜਾ ਰਿਹਾ ਹੈ ਅਤੇ ਇਸ ਪਹਿਲਾਂ ਵੀ ਉੱਥੇ ਬਾਇਓ ਮੈਡੀਕਲ ਲਿਜਾਇਆ ਜਾਂਦਾ ਹੈ। ਇਸ ਮਗਰੋਂ ਬੋਰਡ ਦੀ ਟੀਮ ਨੇ ਪਿੰਡ ਡੱਡੂਮਾਜਰਾ ਸਥਿਤ ਕਬਾੜੀਏ ਦੇ ਗੁਦਾਮ ਥਾਂ ’ਤੇ ਛਾਪਾ ਮਾਰਕੇ ਉੱਥੋਂ ਭਾਰੀ ਮਾਤਰਾ ਵਿੱਚ ਫੋਰਟਿਸ ਹਸਪਤਾਲ ਦਾ ਬਾਇਓ ਮੈਡੀਕਲ ਵੇਸਟ ਬਰਾਮਦ ਕੀਤਾ ਗਿਆ। ਬਾਅਦ ਵਿੱਚ ਬਰਾਮਦ ਹੋਏ ਸਾਰੇ ਮੈਡੀਕਲ ਵੇਸਟ ਨੂੰ ਬਲੌਂਗੀ ਨੇੜਲੇ ਪਿੰਡ ਬਰਿਆਲੀ ਸਥਿਤ ਕਾਮਨ ਫਸੀਲਿਟੀ ਨੂੰ ਵਿਗਿਆਨਕ ਤਰੀਕੇ ਨਾਲ ਨਸ਼ਟ ਕਰਨ ਲਈ ਭੇਜਿਆ ਗਿਆ ਸੀ।
(ਬਾਕਸ ਆਈਟਮ)
ਉਧਰ, ਫੋਰਟਿਸ ਹਸਪਤਾਲ ਮੁਹਾਲੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਫੋਰਟਿਸ ਹਸਪਤਾਲ ਵੱਲੋਂ ਨਿਯਮਾਂ ਅਧੀਨ ਸ਼ੁਰੂ ਤੋਂ ਹੀ ਬਾਇਓ ਮੈਡੀਕਲ ਵੇਸਟ ਨੂੰ ਨਸ਼ਟ ਕਰਨ ਲਈ ਅਤਿ ਆਧੁਨਿਕ ਤਕਨੀਕ ਵਰਤੀ ਜਾ ਰਹੀ ਹੈ। ਫੋਰਟਿਸ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਇਸ ਸਬੰਧੀ ਫੋਰਟਿਸ ਪ੍ਰਸ਼ਾਸਨ ਪੁਲੀਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਪੜਤਾਲ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਪ੍ਰਦੂਸ਼ਣ ਬੋਰਡ ਅਤੇ ਮੁਹਾਲੀ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …