ਪੰਛੀ ਹੱਤਿਆ ਕਾਂਡ: ਬਨੂੜ ਪੁਲੀਸ ’ਤੇ ਕਾਨੂੰਨ ਨੂੰ ਛਿੱਕੇ ’ਤੇ ਟੰਗਣ ਦਾ ਦੋਸ਼, ਥਾਣਾ ਮੁਖੀ ਨੇ ਦੋਸ਼ ਨਕਾਰੇ

ਨਿਰਮਲਜੀਤ ਨਿੰਮਾ ਨੂੰ ਬਨੂੜ ਥਾਣੇ ਦੀ ਹਵਾਲਾਤ ਦੀ ਥਾਂ ਸੀਆਈਏ ਪਟਿਆਲਾ ਵਿੱਚ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਬਨੂੜ ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਵਾਲੀਆ ਦੀ ਹੱਤਿਆ ਦੀ ਸਾਜ਼ਿਸ਼ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਬਨੂੜ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੇ ਵਕੀਲ ਗੁਰਦੀਪ ਸਿੰਘ ਨੇ ਬਨੂੜ ਪੁਲੀਸ ’ਤੇ ਕਾਨੂੰਨ ਦੀ ਉਲੰਘਣਾ ਦਾ ਦੋਸ਼ ਮੜਿਆ ਹੈ। ਬਚਾਅ ਪੱਖ ਦੇ ਵਕੀਲ ਨੇ ਦੋਸ਼ ਲਾਇਆ ਕਿ ਬਨੂੜ ਪੁਲੀਸ ਨੇ ਨਿੰਮਾ ਨੂੰ ਬਨੂੜ ਥਾਣੇ ਦੀ ਹਵਾਲਾਤ ਵਿੱਚ ਰੱਖਣ ਦੀ ਬਜਾਏ ਸੀਆਈਏ ਸਟਾਫ਼ ਪਟਿਆਲਾ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਅਦਾਲਤ ਨੇ ਨਿੰਮੇ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਬਨੂੜ ਪੁਲੀਸ ਦੇ ਹਵਾਲੇ ਕੀਤਾ ਗਿਆ ਸੀ ਲੇਕਿਨ ਪੁਲੀਸ ਨੇ ਨਿੰਮਾ ਨੂੰ ਬਨੂੜ ਥਾਣੇ ਵਿੱਚ ਪੁੱਛਗਿੱਛ ਕਰਨ ਦੀ ਬਜਾਏ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਪਟਿਆਲਾ ਭੇਜ ਦਿੱਤਾ। ਅਜਿਹਾ ਕਰਕੇ ਪੁਲੀਸ ਨੇ ਕਾਨੂੰਨ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਹੈ।
ਵਕੀਲ ਗੁਰਦੀਪ ਸਿੰਘ ਨੇ ਕਾਫੀ ਸਮਾਂ ਰੂਪੋਸ਼ ਰਹਿਣ ਮਗਰੋਂ ਨਿੰਮਾ ਨੇ ਬੀਤੀ 12 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਅਤੇ ਅਦਾਲਤ ਨੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ। ਜਿੱਥੋਂ ਬਨੂੜ ਪੁਲੀਸ ਨੇ ਨਿੰਮਾ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਗ੍ਰਿਫ਼ਤਾਰ ਕਰਕੇ ਦੇਰ ਸ਼ਾਮ ਉਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦੋਂ ਅਦਾਲਤਾਂ ਬੰਦ ਹੋ ਚੁੱਕੀਆਂ ਸਨ। ਜਿਸ ਕਾਰਨ ਕੇਸ ਦੀ ਸੁਣਵਾਈ ਲਈ ਜੱਜ ਨੂੰ ਘਰੋਂ ਦੁਬਾਰਾ ਅਦਾਲਤ ਆਉਣਾ ਪਿਆ। ਇਸ ਦੌਰਾਨ ਜੱਜ ਨੇ ਪੁਲੀਸ ਦੀ ਝਾੜ ਝੰਬ ਵੀ ਕੀਤੀ ਸੀ। ਵਕੀਲ ਨੇ ਦੱਸਿਆ ਕਿ ਭਲਕੇ 17 ਫਰਵਰੀ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਇਨ੍ਹਾਂ ਸਾਰੇ ਪਹਿਲੂਆਂ ਤੋਂ ਜਾਣੂ ਕਰਵਾ ਕੇ ਪੁਲੀਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਜਾਵੇਗੀ। ਬਚਾਅ ਪੱਖ ਨੇ ਇਹ ਵੀ ਕਿਹਾ ਕਿ ਨਿੰਮਾ ਨੂੰ ਜਾਣਬੁੱਝ ਕੇ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ ਜਦੋਂਕਿ ਪੰਛੀ ਨੂੰ ਮਾਰਨ ਵਾਲੇ ਵਿਅਕਤੀਆਂ ਨੇ ਸ਼ੋਸ਼ਲ ਮੀਡੀਆ ’ਤੇ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਬਨੂੜ ਥਾਣਾ ਦੇ ਐਸਐਚਓ ਗੁਰਜੀਤ ਸਿੰਘ ਨੇ ਬਚਾਅ ਪੱਖ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬਿੁਨਆਦ ਦੱਸਦਿਆਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਕਾਰਨ ਮੁਲਜ਼ਮ ਨਿੰਮਾ ਨੂੰ ਸੀਆਈਏ ਪਟਿਆਲਾ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੁਲੀਸ ਨੂੰ ਇਹ ਕਾਨੂੰਨਨ ਅਧਿਕਾਰ ਹੈ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਨੂੰ ਪੁੱਛਗਿੱਛ ਲਈ ਕਿਸੇ ਵੀ ਸੁਰੱਖਿਅਤ ਥਾਂ ’ਤੇ ਲਿਜਾਇਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…