nabaz-e-punjab.com

ਪੰਚਾਇਤ ਵਿਭਾਗ ਵਿੱਚ ਠੇਕੇਦਾਰ ਨਾਲ ਮਿਲ ਕੇ ਕਰੋੜਾਂ ਦੀ ਘਪਲੇਬਾਜ਼ੀ ਦੇ ਕਈ ਮਾਮਲੇ ਆਏ ਸਾਹਮਣੇ

ਪੰਜਾਬ ਸਰਕਾਰ ਵੱਲੋਂ ਦੋ ਬੀਡੀਪੀਓਜ਼ ਮੁਅੱਤਲ, ਡੀਡੀਪੀਓ ਨੂੰ ਐਫ਼ਆਈਆਰ ਦਰਜ ਕਰਵਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਅਨੁਰਾਗ ਵਰਮਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਖਰੜ ਵਿੱਚ ਕਰੋੜਾਂ ਰੁਪਏ ਦਾ ਘਪਲਾ ਫੜ੍ਹਿਆ ਗਿਆ ਹੈ ਤੇ ਇਸ ਸਬੰਧੀ ਜਤਿੰਦਰ ਸਿੰਘ ਢਿੱਲੋਂ ਅਤੇ ਮਾਲਵਿੰਦਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਤੇ ਇਸ ਸੰਮਤੀ ਦਾ ਵਿਸ਼ੇਸ਼ ਆਡਿਟ ਕਰਵਾਇਆ ਗਿਆ। ਆਡਿਟ ਵਿੱਚ ਸਾਹਮਣੇ ਆਇਆ ਕਿ ਗਰਾਮ ਪੰਚਾਇਤ, ਮਜਾਤੜੀ ਨੂੰ ਬੀ.ਡੀ.ਪੀ.ਓ. ਖਰੜ ਵੱਲੋਂ ਮਿਤੀ 5-6-2016 ਨੂੰ 22.00 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ। ਇਸ ਸਬੰਧੀ ਗਰਾਮ ਪੰਚਾਇਤ ਮਜਾਤੜੀ ਨੇ ਨਾ ਕੋਈ ਮੰਗ ਕੀਤੀ ਸੀ ਅਤੇ ਨਾ ਕੋਈ ਐਸਟੀਮੇਟ ਤਿਆਰ ਕੀਤਾ ਸੀ।
ਪੰਚਾਇਤ ਸੰਮਤੀ, ਖਰੜ ਵੱਲੋਂ ਵੀ ਇਸ ਸਬੰਧ ਵਿੱਚ ਕੋਈ ਮਤਾ ਨਹੀਂ ਪਾਇਆ ਗਿਆ ਸੀ। ਮਿਤੀ 6-6-2016 ਨੂੰ ਇਹ ਰਾਸ਼ੀ ਕੌੜਾ ਸੀਮਿੰਟ ਸਟੋਰ, ਸਨੌਰ ਨੂੰ ਟਰਾਂਸਫਰ ਕਰ ਦਿੱਤੀ ਗਈ। ਡੇਢ ਸਾਲ ਬਾਅਦ ਤੱਕ ਇਸ ਰਾਸ਼ੀ ਵਿਰੁੱਧ ਪਿੰਡ ਵਿੱਚ ਕੋਈ ਕੰਮ ਨਹੀਂ ਕਰਵਾਇਆ ਗਿਆ ਅਤੇ ਇਸ ਤਰ੍ਹਾਂ ਇਹ ਰਾਸ਼ੀ ਗਬਨ ਕੀਤੀ ਗਈ ਹੈ। ਇਸੇ ਤਰ੍ਹਾਂ ਮਜਾਤ ਪਿੰਡ ਨੂੰ 25 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਪਿੰਡ ਟੋਡਰ ਮਾਜਰਾ ਨੂੰ 12 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਜੋ ਕਿ ਨਾਲ ਦੀ ਨਾਲ ਕੌੜਾ ਸੀਮੇਂਟ ਸਟੋਰ, ਸਨੌਰ ਨੂੰ ਟਰਾਂਸਫਰ ਕਰ ਦਿੱਤੀ ਗਈ ਅਤੇ ਉਸ ਦਾ ਹੁਣ ਤੱਕ ਕੋਈ ਕੰਮ ਨਹੀਂ ਕਰਵਾਇਆ ਗਿਆ।
ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਬੀਡੀਪੀਓ ਖਰੜ ਨੇ ਮਿਤੀ 05-12-2016 ਤੋਂ 23-03-2017 ਦਰਮਿਆਨ 7 ਪਿੰਡਾਂ ਬੱਠਲਾਣਾ, ਚੋਲਟਾਂ ਖੁਰਦ, ਕੁਰੜੀ, ਸਿਆਓ, ਗੁਡਾਣਾ, ਕੁਰੜੀ ਅਤੇ ਮਲਕਪੁਰ ਆਦਿ ਦੇ ਨਾਂ ਤੇ 60 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ। ਇਸ ਵਾਸਤੇ ਨਾ ਤਾਂ ਕਿਸੇ ਪੰਚਾਇਤ ਨੇ ਮੰਗ ਕੀਤੀ ਸੀ ਅਤੇ ਨਾ ਹੀ ਸੰਮਤੀ ਵੱਲੋਂ ਕੋਈ ਮਤਾ ਪਾਇਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਭਾਵੇਂ ਰਿਕਾਰਡ ਅਨੁਸਾਰ ਇਹ ਰਾਸ਼ੀ ਇਨ੍ਹਾਂ 7 ਗਰਾਮ ਪੰਚਾਇਤਾਂ ਨੂੰ ਜਾਰੀ ਕੀਤੀ ਗਈ ਹੈ ਪੰ੍ਰਤੂ ਕੈਸ਼ ਬੁੱਕ ਅਨੁਸਾਰ ਇਹ ਰਾਸ਼ੀ ਇਨ੍ਹਾਂ ਗਰਾਮ ਪੰਚਾਇਤਾਂ ਨੂੰ ਕੇਅਰ ਆਫ਼ ਮੁਖਵਿੰਦਰ ਸਿੰਘ ਨੂੰ ਜਾਰੀ ਕੀਤੀ ਗਈ ਹੈ ਅਤੇ ਇਹ ਰਾਸ਼ੀ ਬੀਡੀਪੀਓ ਵੱਲੋਂ ਮੁਖਵਿੰਦਰ ਸਿੰਘ ਠੇਕੇਦਾਰ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ। ਅਜਿਹਾ ਕਰਨ ਤੋਂ ਪਹਿਲਾਂ ਕੋਈ ਟੈਂਡਰ ਨਹੀਂ ਕੱਢਿਆ ਗਿਆ ਤੇ ਹੁਣ ਜਾਂਚ ਵਿੱਚ ਪਾਇਆ ਗਿਆ ਕਿ 8-9 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਰਾਸ਼ੀ ਨਾਲ ਇਨ੍ਹਾਂ ਪਿੰਡਾਂ ਵਿੱਚ ਠੇਕੇਦਾਰ ਵੱਲੋਂ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ ਗਿਆ।
ਸ਼੍ਰੀ ਵਰਮਾ ਨੇ ਦੱਸਿਆ ਕਿ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਪਰੋਕਤ 60 ਲੱਖ ਰੁਪਏ ਤੋਂ ਇਲਾਵਾ 91 ਲੱਖ ਰੁਪਏ ਦੀ ਹੋਰ ਰਾਸ਼ੀ ਵੀ ਬੀ.ਡੀ.ਪੀ.ਓ ਵੱਲੋਂ ਮੁੱਖਵਿੰਦਰ ਸਿੰਘ ਠੇਕੇਦਾਰ ਨੁੂੰ ਟਰਾਂਸਫਰ ਕੀਤੀ ਗਈ, ਜਿਸ ਸਬੰਧੀ ਪੰਚਾਇਤ ਸੰਮਤੀ ਦੇ ਰਿਕਾਰਡ ਵਿੱਚ ਕੋਈ ਸਪੱਸਟੀਕਰਨ ਨਹੀਂ ਮਿਲਦਾ ਹੈ। ਪੰਚਾਇਤ ਸੰਮਤੀ ਖਰੜ੍ਹ ਵੱਲੋਂ 30 ਲੱਖ ਰੁਪਏ ਦੀ ਰਕਮ ਦਾ ਖਰਚਾ ਗ੍ਰਾਮ ਪੰਚਾਇਤ ਬਲੌਂਗੀ ਕਲੋਨੀ ਵਿੱਚ ਵਿਕਾਸ ਕਾਰਜਾਂ ਤੇ ਕੀਤਾ ਦਿਖਾਇਆ ਗਿਆ ਹੈ। ਇਹ ਕੰਮ ਪਹਿਲਾਂ ਹੀ ਗ੍ਰਾਮ ਪੰਚਾਇਤ ਬਲੌਂਗੀ ਕਲੋਨੀ ਵੱਲੋਂ ਗ੍ਰਾਂਟਾਂ ਨਾਲ ਕਰਵਾਏ ਜਾ ਚੁੱਕੇ ਸਨ। ਇਸ ਤਰ੍ਹਾਂ ਪੰਚਾਇਤ ਸੰਮਤੀ ਵੱਲੋਂ ਇਹ ਬੋਗਸ ਖਰਚਾ ਪਾਇਆ ਗਿਆ ਹੈ। ਇਸ ਤਰ੍ਹਾਂ ਮੁੱਖਵਿੰਦਰ ਸਿੰਘ ਠੇਕੇਦਾਰ ਨੂੰ ਟਰਾਂਸਫਰ ਕੀਤੇ 1.51 ਕਰੋੜ ਰੁਪਏ ਵਿੱਚੋਂ 1.23 ਕਰੋੜ ਰੁਪਏ ਦੀ ਰਕਮ ਦੇ ਬੋਗਸ ਖਰਚੇ ਵਿਖਾਏ ਗਏ ਹਨ। ਸ੍ਰੀ ਵਰਮਾ ਨੇ ਦੱਸਿਆ ਕਿ ਪੜਤਾਲ ਸ਼ੁਰੂ ਹੋਣ ਉਪਰੰਤ ਮੁੱਖਵਿੰਦਰ ਸਿੰਘ, ਠੇਕੇਦਾਰ ਵੱਲੋਂ 36.5 ਲੱਖ ਰੁਪਏ ਦੀ ਰਾਸ਼ੀ ਪੰਚਾਇਤ ਸੰਮਤੀ, ਖਰੜ ਦੇ ਖਾਤੇ ਵਿੱਚ ਮੁੜ ਜਮ੍ਹਾਂ ਕਰਵਾ ਦਿੱਤੀ ਗਈ।
ਸ੍ਰੀ ਵਰਮਾ ਨੇ ਦੱਸਿਆ ਕਿ ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਪ੍ਰਵਾਨਗੀ ਲੈ ਕੇ ਡੀਡੀਪੀਓ ਮੁਹਾਲੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਤੁਰੰਤ ਇਸ ਕੇਸ ਵਿੱਚ ਐਫ.ਆਈ.ਆਰ ਦਰਜ ਕਰਵਾਉਣ ਤਾਂ ਜੋ ਦੋਸ਼ੀ ਵਿਅਕਤੀਆਂ ਦੇ ਵਿਰੱੁਧ ਸਖਤ ਕਾਰਵਾਈ ਹੋ ਸਕੇ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਵਿਸ਼ੇ ਦਾ ਗੰਭੀਰ ਨੋਟਿਸ ਲੈਂਦੇ ਹੋਏੇ ਜਤਿੰਦਰ ਸਿੰਘ ਢਿਲੋਂ ਅਤੇ ਮਾਲਵਿੰਦਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਵਿਰੁੱਧ (ਮੇਜਰ ਪਨਿਸ਼ਮੈਂਟ) ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…