nabaz-e-punjab.com

ਬਾਰ੍ਹਵੀਂ ਦੀ ਪ੍ਰੀਖਿਆ: ਦੋ ਵਜੇ ਪ੍ਰੀਖਿਆ ਸ਼ੁਰੂ, ਅਬਜ਼ਰਵਰ ਡਿਊਟੀ ਲਈ ਅਧਿਆਪਕਾਂ ਨੂੰ ਡੇਢ ਵਜੇ ਈਮੇਲ ’ਤੇ ਮਿਲੇ ਹੁਕਮ

ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਅਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਸਖ਼ਤ ਨਿਖੇਧੀ

ਕਿਸੇ ਵੀ ਡਿਊਟੀ ਲਈ ਘੱਟੋ ਘੱਟ 24 ਘੰਟੇ ਪਹਿਲਾਂ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਵਿੱਚ ਬੁੱਧਵਾਰ ਨੂੰ ਬਾਰ੍ਹਵੀਂ ਦੀ ਪ੍ਰੀਖਿਆ ਸ਼ੁਰੂ ਹੋਈ। ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਵਜੇ ਦਾ ਸੀ ਲੇਕਿਨ ਸਿੱਖਿਆ ਵਿਭਾਗ ਵੱਲੋਂ ਅਬਜ਼ਰਵਰ ਡਿਊਟੀਆਂ ਲਈ ਅਧਿਆਪਕਾਂ ਨੂੰ ਕਰੀਬ ਡੇਢ ਵਜੇ ਈਮੇਲ ’ਤੇ ਲਿਖਤੀ ਆਦੇਸ਼ ਭੇਜੇ ਗਏ। ਜਿਸ ਕਾਰਨ ਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅਧਿਆਪਕਾਵਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਪ੍ਰੈਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਅਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਨੇ ਘਟੀਆ ਪ੍ਰਬੰਧਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਕਿਸੇ ਵੀ ਡਿਊਟੀ ’ਤੇ ਤਾਇਨਾਤ ਕਰਨ ਲਈ ਘੱਟੋ ਘੱਟ 24 ਘੰਟੇ ਪਹਿਲਾਂ ਸੂਚਨਾ ਦਿੱਤੀ ਜਾਵੇ ਤਾਂ ਜੋ ਸਬੰਧਤ ਕੰਮ ਵਿੱਚ ਕੋਈ ਵਿਘਨ ਨਾ ਪਵੇ।
ਜੀਟੀਯੂ ਆਗੂ ਸੁਰਜੀਤ ਸਿੰਘ ਮੁਹਾਲੀ ਨੇ ਉਨ੍ਹਾਂ ਇੱਕ ਅਧਿਆਪਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲ ਝੰਜੇੜੀ ਦੀ ਅਧਿਆਪਕਾ ਦੀ ਅਬਜ਼ਰਵਰ ਡਿਊਟੀ ਹਰਿਆਣਾ ਦੀ ਹੱਦ ਨਾਲ ਹੰਡੇਸਰਾ ਸਕੂਲ ਵਿੱਚ ਲਗਾਈ ਗਈ ਜੋ ਕਿ ਉਸ ਦੇ ਸਕੂਲ ਤੋਂ ਕਰੀਬ ਡੇਢ ਦੋ ਘੰਟੇ ਦਾ ਸਫਰ ਹੈ ਪ੍ਰੰਤੂ ਅਧਿਆਪਕਾ ਨੂੰ ਪ੍ਰੀਖਿਆ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਹੁਕਮ ਮਿਲੇ। ਉਨ੍ਹਾਂ ਕਿਹਾ ਕਿ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਹਰੇਕ ਡਿਊਟੀ ਖਿੜੇ ਮੱਥੇ ਸਵੀਕਾਰ ਕਰਦੇ ਹਨ ਪ੍ਰੰਤੂ ਸਾਲਾਨਾ ਪ੍ਰੀਖਿਆਵਾਂ ਵਿੱਚ ਬਤੌਰ ਅਬਜ਼ਰਵਰ ਡਿਊਟੀ ਪੇਪਰ ਸ਼ੁਰੂ ਹੋਣ ਤੋਂ 10 ਕੁ ਮਿੰਟ ਪਹਿਲਾਂ ਆਦੇਸ਼ ਮਿਲਣ ਕਾਰਨ ਅਧਿਆਪਕਾਂ ਵਿੱਚ ਬਹੁਤ ਰੋਸ ਹੈ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ, ਜਨਰਲ ਸਕੱਤਰ ਸੁਖਦੇਵ ਲਾਲ ਬੱਬਰ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਰੇਕ ਡਿਊਟੀ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ ਪ੍ਰੰਤੂ ਬੋਰਡ ਦੀਆਂ ਬਾਰ੍ਹਵੀਂ ਦੇ ਸਲਾਨਾ ਪੇਪਰਾਂ ਵਿੱਚ ਬਤੌਰ ਅਬਜ਼ਰਵਰ ਡਿਉਟੀ ਪੇਪਰ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾ ਸਕੂਲਾਂ ਵਿੱਚ ਪੁਜਣ ਕਾਰਨ ਸਾਰੇ ਵਰਗ ਵਿੱਚ ਬਹੁਤ ਰੋਸ ਹੈ। ਡਿਊਟੀ ਤੇ ਤਾਇਨਾਤ ਕੀਤੇ ਗਏ ਅਧਿਆਪਕਾਂ ਵੱਲੋਂ ਸਖ਼ਤ ਰੋਸ ਪ੍ਰਗਟਾਉਦਿਆਂ ਕਿਹਾ ਕਿ ਜੇਕਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਧਿਆਪਕਾਂ ਤੇ ਭਰੋਸਾ ਨਹੀਂ ਹੈ ਤਾਂ ਡਿਉਟੀ ਨਾ ਲਗਾਈ ਜਾਵੇ। ਜੇਕਰ ਵਿਭਾਗ ਜਰੂਰਤ ਮੰਨ ਦਾ ਹੈ ਤਾਂ ਡਿਉਟੀ ਪੇਪਰ ਤੋਂ ਇਕ ਦਿਨ ਪਹਿਲਾ ਸਕੂਲ਼ ਸਮੇ ਭੇਜੀ ਜਾਵੇ ਤਾਂ ਜੋ ਡਿਉਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾ ਸਕੇ। ਅਧਿਆਪਕਾਂ ਵੱਲੋਂ ਪੰਦਰਾਂ ਵੀਹ ਮਿੰਟ ਵਿੱਚ 40-50 ਕਿਲੋਮੀਟਰ ਦਾ ਸਫਰ ਤਹਿ ਕਰਕੇ ਡਿਉਟੀ ਤੇ ਜਾਣ ਕਾਰਨ ਜੇਕਰ ਸੜਕੀ ਹਾਦਸਾ ਵਾਪਰਨ ਤੇ ਕੌਣ ਜਿਮੇਵਾਰ ਹੋਵੇਗਾ। ਲੈਕਚਰਾਰ ਯੂਨੀਅਨ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਬੋਰਡ ਦੇ ਸਕੱਤਰ ਨੂੰ ਅਪੀਲ ਕਰਦੀ ਹੈ ਕਿ ਅਬਜ਼ਵਬਰ ਦੀਆਂ ਡਿਊਟੀਆਂ ਪੇਪਰ ਤੋਂ ਇੱਕ ਦਿਨ ਪਹਿਲਾਂ ਸਕੂਲ ਸਮੇਂ ਘੱਟ ਤੋਂ ਘੱਟ ਦੂਰੀ ’ਤੇ ਲਗਾਈ ਜਾਵੇ।
ਇਸ ਮੌਕੇ ਸਰਿੰਦਰ ਭਰੂਰ,ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ, ਅਮਰੀਕ ਸ਼ਿੰਘ ਨਵਾਂ ਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਮੇਜਰ ਸਿੰਘ,ਸੰਜੀਵ ਵਰਮਾ ਫਤਹਿਗੜ੍ਹ ਸਾਹਿਬ, ਇਕਬਾਲ ਸਿੰਘ ਬਠਿੰਡਾ,ਹਰਜੀਤ ਸਿੰਘ ਬਲਾੜੀ ਪ੍ਰਧਾਨ ਲੁਧਿਆਣਾ, ਅਮਰਜੀਤ ਵਾਲੀਆ ਪਟਿਆਲਾ, ਕਰਮਜੀਤ ਸਿੰਘ ਬਰਨਾਲਾ, ਅਜੀਤ ਪਾਲ ਸਿੰਘ ਮੋਗਾ, ਰਣਬੀਰ ਸਿੰਘ ਹੁਸ਼ਿਆਰਪੁਰ ਅਤੇ ਗੁਰਚਰਨ ਸਿੰਘ ਚਾਹਿਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…