ਮੁਹਾਲੀ ਫੇਜ਼-7 ਦੇ ਐਚਈ ਮਕਾਨਾਂ ਵਿੱਚ ਫੁੱਟਪਾਥਾਂ ਦੀ ਉਸਾਰੀ ਲਈ ਰੁੱਖ ਕੱਟੇ ਜਾਣ ਕਾਰਨ ਲੋਕਾਂ ਵਿੱਚ ਤਣਾਅ

ਮੁਹੱਲੇ ਦੇ ਲੋਕ ਦੋ ਗਰੁੱਪਾਂ ’ਚ ਵੰਡੇ ਇੱਕ ਧੜੇ ਵੱਲੋਂ ਵਿਰੋਧ ਅਤੇ ਦੂਜੇ ਧੜੇ ਵੱਲੋਂ ਭਾਜਪਾ ਕੌਂਸਲਰ ਦੇ ਵਿਕਾਸ ਲਈ ਯਤਨਾਂ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਫੇਜ਼-7 ਦੇ ਐਚ ਈ ਕੁਆਟਰਾਂ ਵਿੱਚ ਕੌਂਸਲਰ ਸੈਹਬੀ ਆਨੰਦ ਦੀ ਨਿਗਰਾਨੀ ਹੇਠ ਨਿਗਮ ਵੱਲੋਂ ਬਣਵਾਏ ਜਾ ਰਹੇ ਫੁੱਟਪਾਥਾਂ ਦੀ ਉਸਾਰੀ ਦੌਰਾਨ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਫੁੱਟਪਾਥ ਬਣਾਉਣ ਲਈ ਉੱਥੇ ਲੱਗੇ ਕੁਝ ਰੁੱਖ ਪੁੱਟ ਦਿੱਤੇ ਗਏ। ਇਹਨਾਂ ਰੁੱਖਾਂ ਨੂੰ ਉਖਾੜਨ ਦਾ ਵੱਡੀ ਗਿਣਤੀ ਐਚ ਈ ਕੁਆਟਰ ਵਾਸੀਆਂ ਨੇ ਵਿਰੋਧ ਕੀਤਾ ਜਦੋੱ ਕਿ ਕੁਝ ਲੋਕ ਇਸ ਕੰਮ ਦੇ ਪੱਖ ਵਿੱਚ ਆ ਗਏ। ਇਸ ਮੌਕੇ ਐਚ ਈ ਮਕਾਨਾਂ ਦੇ ਵਸਨੀਕਾਂ ਦੇ ਦੋ ਧੜੇ ਬਣ ਗਏ, ਜਿਹਨਾਂ ਵਿਚਾਲੇ ਕਾਫੀ ਸਮਾਂ ਬਹਿਸ ਹੁੰਦੀ ਰਹੀ।
ਇਕ ਧੜਾ ਕਹਿ ਰਿਹਾ ਸੀ ਕਿ ਫੁੱਟਪਾਥ ਬਣਾਉਣ ਦਾ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਅਤੇ ਇਸ ਨੂੰ ਜਲਦੀ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਜਦੋੱ ਕਿ ਇਸ ਕੰਮ ਦਾ ਵਿਰੋਧ ਕਰ ਰਹੇ ਧੜੇ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਫੁੱਟਪਾਥ ਬਣਾਉਣ ਲਈ ਇਥੇ ਲੱਗੇ ਕਈ ਰੁੱਖ ਵੀ ਪੁੱਟ ਦਿੱਤੇ ਗਏ ਹਨ ਜੋ ਕਿ ਗਲਤ ਹੈ। ਇਸ ਤੋਂ ਇਲਾਵਾ ਫੁੱਟਪਾਥ ਬਣਾਉਣ ਲਈ ਮਕਾਨਾਂ ਦੀਆਂ ਨੀਹਾਂ ਦੇ ਨੇੜੇ ਹੀ ਖੁਦਾਈ ਕਰ ਦਿੱਤੀ ਗਈ ਹੈ, ਜਿਸ ਕਾਰਨ ਮਕਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਅਤੇ ਇਸ ਕਾਰਨ ਇਹ ਮਕਾਨ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਸ ਮੌਕੇ ਮੌਜੂਦ ਐਮ ਸੀ ਸੈਹਬੀ ਆਨੰਦ ਨੇ ਕਿਹਾ ਕਿ ਇਸ ਇਲਾਕੇ ਵਿੱਚ ਘਰਾਂ ਦੇ ਕਿਨਾਰੇ ਕਰੀਬ 10 ਫੁੱਟ ਤਕ ਫੁੱਟਪਾਥ ਬਣਾਏ ਜਾ ਰਹੇ ਹਨ ਇਹਨਾਂ ਫੁੱਟਪਾਥਾਂ ਉਪਰ ਵਾਹਨ ਖੜੇ ਕੀਤੇ ਜਾ ਸਕਣਗੇ। ਉਹਨਾਂ ਕਿਹਾ ਕਿ ਫੁੱਟਪਾਥ ਬਣਾਉਣ ਵਿੱਚ ਅੜਿਕਾ ਬਣ ਰਹੇ ਛੋਟੇ ਬੂਟਿਆਂ ਨੂੰ ਪੁੱਟਿਆ ਜਰੂਰ ਗਿਆ ਹੈ ਪਰ ਵੱਡੇ ਰੁੱਖਾਂ ਨੂੰ ਨਹੀਂ ਛੇੜਿਆ ਗਿਆ।
ਇਸ ਮੌਕੇ ਐਚ ਈ ਕੁਆਟਰਾਂ ਦੇ ਪ੍ਰਧਾਨ ਐਮ ਐਨ ਵੋਹਰਾ ਨੇ ਕਿਹਾ ਕਿ ਭਾਜਪਾ ਕੌਂਸਲਰ ਸੈਹਬੀ ਆਨੰਦ ਵੱਲੋਂ ਕਰਵਾਇਆ ਜਾ ਰਿਹਾ ਵਿਕਾਸ ਕੰਮ ਲੋਕਾਂ ਦੀ ਲੋੜ ਅਨੁਸਾਰ ਬਿਲਕੁਲ ਸਹੀ ਹੈ ਅਤੇ ਇਸ ਨੂੰ ਜਲਦੀ ਪੂਰਾ ਕਰ ਦੇਣਾ ਚਾਹੀਦਾ ਹੈ। ਉਧਰ, ਐਚਈ ਕੁਆਟਰਾਂ ਦੇ ਜਨਰਲ ਸੈਕਟਰੀ ਨਰਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਫੁੱਟਪਾਥ ਬਣਾਉਣ ਦੀ ਆੜ ਵਿੱਚ ਰੁੱਖ ਵੀ ਕਟੇ ਜਾ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ। ਇੱਥੋਂ ਦੀ ਵਸਨੀਕ ਰੰਜਤ ਬਾਲਾ ਨੇ ਕਿਹਾ ਕਿ ਉਹਨਾ ਨੇ ਕਈ ਸਾਲ ਪਹਿਲਾਂ ਇਥੇ ਰੁੱਖ ਲਗਾਏ ਸੀ, ਜਿਹਨਾਂ ਦੀ ਛਾਂ ਹੇਠਾਂ ਉਹ ਬੈਠਦੇ ਸੀ ਪਰ ਹੁਣ ਫੁੱਟਪਾਥ ਬਣਾਉਣ ਦੇ ਬਹਾਨੇ ਉਹ ਰੁੱਖ ਪੁੱਟ ਦਿਤੇ ਗਏ ਹਨ। ਇੱਕ ਹੋਰ ਵਸਨੀਕ ਧਰਮਿੰਦਰ ਸਿੰਘ ਨੇ ਕਿਹਾ ਕਿ ਇਥੇ ਫੁਟਪਾਥ ਬਣਾਉਣ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ, ਗਲੀਆਂ ਵਿੱਚ ਜੋ ਵਾਹਨ ਖੜੇ ਹੁੰਦੇ ਸੀ ਉਹ ਹੁਣ ਫੁੱਟਪਾਥ ਉਪਰ ਖੜੇ ਹੋਇਆ ਕਰਨਗੇ। ਇਸ ਤਰ੍ਹਾਂ ਰਸਤਾ ਸਾਫ਼ ਹੋਵੇਗਾ ਅਤੇ ਪਾਰਕਿੰਗ ਨੂੰ ਲੈ ਕੇ ਕੋਈ ਝਗੜਾ ਵੀ ਨਹੀਂ ਹੋਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…