ਕਾਂਗਰਸ ਸਰਕਾਰ ਨੇ ਅਕਾਲੀ ਆਗੂਆਂ ਤੇ ਝੂਠੇ ਕੇਸ ਦਰਜ ਕਰਕੇ ਲੋਕਤੰਤਰ ਦਾ ਘਾਣ ਕੀਤਾ: ਕੈਪਟਨ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਪੰਜਾਬ ਦੀ ਕਾਂਗਰਸ ਸਰਕਾਰ ਨੇ ਰਾਜ ਵਿੱਚ ਲੋਕਤੰਤਰ ਦਾ ਘਾਣ ਕਰ ਦਿੱਤਾ ਹੈ ਅਤੇ ਇਸ ਸਰਕਾਰ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਕਰਦਿਆਂ ਅਕਾਲੀ ਵਰਕਰਾਂ ਖਿਲਾਫ ਕਥਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਵੀਰਵਾਰ ਨੂੰ ਫੇਜ਼-5 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੈਪਟਨ ਸਿੱਧੂ ਨੇ ਕਾਂਗਰਸ ਸਰਕਾਰ ਦੀ ਤੁਲਨਾ ਅੌਰੰਗਜੇਬ ਦੀ ਸਰਕਾਰ ਨਾਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਮਨ ਦੀ ਨੀਤੀ ਉੱਪਰ ਚੱਲ ਰਹੀ ਹੈ ਅਤੇ ਅਕਾਲੀ ਪੰਚਾਂ ਸਰਪੰਚਾਂ ਤੇ ਵਰਕਰਾਂ ਖਿਲਾਫ ਕਥਿਤ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਹਰ ਸੰਭਵ ਢੰਗ ਨਾਲ ਇਸਦਾ ਜਵਾਬ ਦੇਣ ਲਈ ਤਿਆਰ ਅਤੇ ਸਮਰਥ ਹੈ।
ਕੈਪਟਨ ਸਿੱਧੂ ਨੇ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਇਕ ਮੁਹਿੰਮ ਵਿੱਢ ਕੇ ਜਲਦ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਵੀ ਹਲਕੇ ਵਿੱਚ ਰਖਾਉਣਗੇ। ਉਹਨਾਂ ਹਲਕੇ ਵਿੱਚ ਪੈਂਦੇ ਪਿੰਡ ਬੈਰੋਪੁਰ, ਤੰਗੋਰੀ, ਗੋਬਿੰਦਗੜ੍ਹ, ਪੱਤੋਂ, ਲਖਨੌਰ, ਦਾਊਂ, ਬਠਲਾਣਾ ਸਮੇਤ ਹੋਰ ਕਈ ਪਿੰਡਾਂ ਵਿੱਚ ਅਕਾਲੀ ਆਗੂਆਂ ਉੱਪਰ ਹੋਏ ਪਰਚਿਆਂ ਨੂੰ ਸਿਆਸੀ ਬਦਲੇਖੋਰੀ ਦਾ ਹਿੱਸਾ ਦਸਦਿਆਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਉਹਨਾਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੇਨ ਰੇਸ਼ਮ ਸਿੰਘ ਬੈਂਰੋਪੁਰ ਨੂੰ ਅਹੁਦੇ ਤੋਂ ਹਟਾਉਣ ਲਈ ਬਹੁਤ ਯਤਨ ਕੀਤੇ ਗਏ ਜਦੋੱ ਉਹਨਾਂ ਨੂੰ ਅਹੁਦੇ ਤੋੱ ਨਾ ਲਾਹਿਆ ਜਾ ਸਕਿਆ ਤਾਂ ਉਹਨਾਂ ਉੱਪਰ ਕੇਸ ਪਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਜਾਵੇ।
ਉਹਨਾਂ ਦੋਸ਼ ਲਗਾਇਆ ਕਿ ਇਸੇ ਤਰ੍ਹਾਂ ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਨੂੰ ਵੀ ਕਾਂਗਰਸ ਸਰਕਾਰ ਵਲੋੱ ਧੱਕੇਸ਼ਾਹੀ ਨਾਲ ਸਸਪੈਂਡ ਕੀਤਾ ਗਿਆ ਹੈ। ਪਿੰਡ ਪੱਤੋੱ ਦੇ ਸਰਪੰਚ ਸ੍ਰ. ਹਰਮਿੰਦਰ ਸਿੰਘ ਨੂੰ ਉਹਨਾਂ ਦੇ ਕੇਸ ਦੀ ਤਾਰੀਕ ਤੋੱ ਪਹਿਲਾਂ ਹੀ ਸਸਪੈਂਸਨ ਦੇ ਆਰਡਰ ਦੇ ਦਿਤੇ ਗਏ। ਤੰਗੋਰੀ ਦੇ ਸਰਪੰਚ ਗੁਰਪ੍ਰੀਤ ਸਿੰਘ, ਗੋਬਿੰਦਗੜ੍ਹ ਤੋਂ ਨੰਬਰਦਾਰ ਜਗਦੀਸ ਪੁਰੀ ਉੱਤੇ ਪਰਚੇ, ਬਠਲਾਣਾ ਤੋਂ ਐਸਸੀ ਸਰਪੰਚ ਧਰਮ ਸਿੰਘ ਨਾਲ ਹੋਈ ਧੱਕੇਸ਼ਾਹੀ ਵੀ ਕਾਂਗਰਸ ਸਰਕਾਰ ਦੀ ਇਸੇ ਰਾਜਨੀਤੀ ਦਾ ਹਿੱਸਾ ਹੈ। ਇਸ ਮੌਕੇ ਲੇਬਰਫੈਡ ਪੰਜਾਬ ਦੇ ਐਮਡੀ ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਕਲੇਰ ਅਤੇ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੋਸਲ ਅਤੇ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…