ਗ਼ੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਸੁਨੀਲ ਜਾਖੜ ਦਾ ਸੁਖਬੀਰ ਬਾਦਲ ’ਤੇ ਪਲਟਵਾਰ

ਕਿਹਾ ਇਹ ਤਾਂ ‘ਤਵੇ ਵੱਲੋਂ ਪਤੀਲੇ ਨੂੰ ਕਾਲਾ ਕਹਿਣ’ ਵਾਲੀ ਗੱਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਮਾਰਚ:
ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸੀ ਵਿਧਾਇਕਾਂ ’ਤੇ ਸਰਕਾਰ ਦੇ ਕਮਕਾਜ਼ ਵਿੱਚ ਦਖਲਅੰਦਾਜ਼ੀ ਕਰਨ ਅਤੇ ਗੈਰ ਕਾਨੂੰਨੀ ਰੇਤ ਖੁਦਾਈ ਵਿੱਚ ਸ਼ਾਮਿਲ ਹੋਣ ਸਬੰਧੀ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਪ੍ਰਧਾਨ ਦੇ ਇਹ ਦੋਸ਼ ‘ਤਵੇ ਵੱਲੋਂ ਪਤੀਲੇ ਨੂੰ ਕਾਲਾ ਕਹਿਣ’ ਦੀ ਕਹਾਵਤ ਦਾ ਬੇਮਿਸਾਲ ਉਦਾਹਰਣ ਹੈ। ਉਨ੍ਹਾਂ ਨੇ ਸ. ਸੁਖਬੀਰ ਬਾਦਲ ਦੇ ਇਸ ਦੋਸ਼ ਨੂੰ ਵੀ ਖਾਰਜ਼ ਕਰ ਦਿੱਤਾ ਕਿ ਅਧਿਕਾਰੀ ਮੁੱਖ ਮੰਤਰੀ ਦੇ ਕਾਬੂ ਹੇਠ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪ੍ਰਸ਼ਾਸਨਿਕ ਸਮਰੱਥਾ ਅਤੇ ਕਾਰਜ਼-ਕੁਸ਼ਲਤਾ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ. ਸੁਖਬੀਰ ਵਰਗੇ ਕਿਸੇ ਵਿਅਕਤੀ ਤੋਂ ਕਿਸੇ ਸਬਕ ਦੀ ਕੋਈ ਲੋੜ ਨਹੀਂ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਸ ਤੋਂ ਇਲਾਵਾ ਸ੍ਰੀ ਸੁਖਬੀਰ ਨੂੰ ਇਹ ਵੀ ਸ਼ੋਬਾ ਨਹੀਂ ਦਿੰਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ’ਤੇ ਅਜਿਹੇ ਦੋਸ਼ ਲਾਉਣ ਜਿੰਨ੍ਹਾਂ ਦੋਸ਼ਾਂ ’ਚ ਉਹ ਖੁਦ ਘਿਰੇ ਰਹੇ। ਸ੍ਰ ਬਾਦਲ ਨੇ ਖੁਦ ਸੂਬੇ ਦੇ ਅਧਿਕਾਰੀਆਂ ਅਤੇ ਪੁਲਿਸ ਦੇ ਅਹੁਦੇ ਨੂੰ ਠੇਸ ਪਹੁੰਚਾਉਂਦਿਆਂ ਉਨ੍ਹਾਂ ’ਤੇ ਆਪਣੀ ਪਾਰਟੀ ਦੇ ਜਥੇਦਾਰਾਂ ਨੂੰ ਹਾਵੀ ਕੀਤਾ ਹੋਇਆ ਸੀ।’’
ਕਾਂਗਰਸੀ ਵਿਧਾਇਕਾਂ ’ਤੇ ਗੈਰ ਕਾਨੂੰਨੀ ਰੇਤ ਖੁਦਾਈ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨੈਤਿਕ ਅਧਿਕਾਰ ’ਤੇ ਪ੍ਰਸ਼ਨ ਚਿੰਨ ਲਾਉਂਦਿਆਂ ਸ੍ਰੀ ਜਾਖੜ ਨੇ ਕਿਹਾ, ‘‘ਇਹ ਦੁੱਖ ਦੀ ਗੱਲ ਹੈ ਕਿ ਜਿਸ ਵਿਅਕਤੀ ਨੇ ਦਸ ਸਾਲਾਂ ਤੱਕ ਰਾਜ ਦੇ ਸਾਧਨਾਂ ਦੀ ਲੁੱਟ ਅਤੇ ਡਕੈਤੀ ਦੀ ਪ੍ਰਧਾਨਗੀ ਕੀਤੀ ਹੋਵੇ ਉਹ ਹੁਣ ਇਸ ਸੱਭ ਦਾ ਦੋਸ਼ ਕਾਂਗਰਸ ਦੇ ਸਿਰ ਮੜ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।’’ ਉਨ੍ਹਾਂ ਨੇ ਅਕਾਲੀ ਆਗੂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਕੋਈ ਇੱਕ ਮਸਾਲ ਪੇਸ਼ ਕਰਨ ਜੋ ਸੂਬੇ ’ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਕੈਪਟਨ ਅਮਰਿੰਦਰ ਵੱਲੋਂ ਚੁੱਕੇ ਗਏ ਦਲੇਰ ਅਤੇ ਠੋਸ ਕਦਮਾਂ ਨਾਲ ਮੇਲ ਖਾਂਦੀ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਅਕਾਲੀ-ਭਾਜਪਾ ਸਰਕਾਰ ਤੋਂ ਵਿਰਸੇ ’ਚ ਮਿਲੀ ਗੈਰ ਕਾਨੂੰਨੀ ਰੇਤ ਖੁਦਾਈ ਹੋਵੇ ਤੇ ਨਸ਼ਿਆਂ ਦਾ ਕਾਰੋਬਾਰ ਵੀ ਸ਼ਾਮਲ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸ ਸਰਕਾਰ ਦੇ ਕੰਮ ਬਾਰੇ ਚਿੰਤਤ ਨਾ ਹੋਣ ਦੀ ਸਲਾਹ ਦਿੰਦਿਆਂ ਸ੍ਰੀ ਜਾਖੜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਸਾਰੇ ਵਾਅਦੇ ਪੂਰੇ ਹੁੰਦੇ ਦੇਖਣਗੇ ਅਤੇ ਇਸ ਦੀ ਸ਼ੁਰੂਵਾਤ ਸਰਕਾਰ ਦੇ ਪਹਿਲੇ ਸਾਲ ਤੋਂ ਹੀ ਹੋ ਚੁੱਕੀ ਹੈ। ‘‘ਅਸੀਂ ਪਹਿਲੇ ਸਾਲ ਵਿੱਚ ਹੀ ਉਹ ਕੰਮ ਕਰ ਚੁੱਕੇ ਹਾਂ ਜੋ ਤੁਹਾਡੇ ਤੋਂ 10 ਸਾਲਾਂ ਵਿੱਚ ਨਹੀਂ ਹੋਏ ਭਾਂਵੇ ਇਹ ਨੌਕਰੀਆਂ ਦੇਣ, ਕਰਜ਼ੇ ਮੁਆਫ ਕਰਨ ਜਾਂ ਨਸ਼ਾ ਤਸਕਰੀ ਨੂੰ ਠੱਲ ਪਾਉਣ ਦਾ ਮਾਮਲਾ ਹੋਵੇ ਅਤੇ ਅਸੀਂ ਆਪਣੇ ਇੰਨ੍ਹਾਂ ਸਾਰੇ ਕੰਮਾਂ ਨੂੰ ਢੁਕਵੇਂ ਸਿੱਟੇ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ’’, ਇਹ ਕਹਿੰਦਿਆਂ ਸ੍ਰੀ ਜਾਖਣ ਨੇ ਸ. ਬਾਦਲ ਨੂੰ ਜਿਤਾਇਆ ਕਿ, ‘‘ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ 10 ਸਾਲਾਂ ਦੌਰਾਨ ਕੀਤੀ ਗੜਬੜ ਨੂੰ ਦੁਰਸਤ ਕਰਨ ਲਈ ਕੁਝ ਸਮਾਂ ਲੱਗੇਗੇ ਅਤੇ ਇਸ ਲਈ ਉਨ੍ਹਾਂ ਨੂੰ ਥੋੜਾ ਸਬਰ ਰੱਖਣਾ ਪਵੇਗਾ।’’

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…