ਠੇਕਾ ਮੁਲਾਜ਼ਮਾਂ ਵੱਲੋਂ ਕੁੰਭਕਰਨ ਦੀ ਨੀਂਦ ਵਿੱਚ ਸੁੱਤੀ ਕੈਪਟਨ ਸਰਕਾਰ ਨੂੰ ਜਗਾਉਣ ਲਈ ਰੋਸ ਮੁਜ਼ਾਹਰਾ

ਚੰਡੀਗੜ ਵਿੱਚ ਲੜੀਵਾਰ ਭੁੱਖ ਹੜਤਾਲ ਸੱਤਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਅਸੀਂ ਅਕਸਰ ਸੁਣਦੇ ਹਾਂ ਕਿ ਜਦ ਕੋਈ ਗੂੜੀ ਨੀਂਦ ਸੁੱਤਾ ਹੋਵੇ ਤਾਂ ਉਸ ਨੂੰ ਕੁੱਝ ਨਹੀਂ ਪਤਾ ਹੁੰਦਾ ਕਿ ਉਸ ਦੇ ਆਲੇ ਦੁਆਲੇ ਕੀ ਹੋ ਰਿਹਾ ਹੈ। ਇਹੀ ਹਾਲ ਮੌਜੂਦਾ ਸਮੇਂ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਹੈ। ਇਤਿਹਾਸ ਵਿੱਚ ਕੁੰਭਕਰਨ ਸਭ ਤੋਂ ਜ਼ਿਆਦਾ ਸੁੱਤਾ ਮੰਨਿਆ ਗਿਆ ਹੈ ਪ੍ਰੰਤੂ ਅਜੋਕੇ ਸਮੇਂ ਵਿੱਚ ਕੈਪਟਨ ਸਰਕਾਰ ਘੋੜੇ ਵੇਚ ਕੇ ਗਹਿਰੀ ਨੀਂਦਰ ਵਿੱਚ ਪਹੁੰਚ ਚੁੱਕੀ ਹੈ। ਪਿਛਲੇ ਇੱਕ ਸਾਲ ਤੋਂ ਪੰਜਾਬ ਦੇ ਨੌਜਵਾਨ ਸੜਕਾਂ ’ਤੇ ਹਨ ਪਰ ਕਾਂਗਰਸ ਸਰਕਾਰ ਨੂੰ ਉਨ੍ਹਾਂ ਦੀ ਕੋਈ ਫਿਕਰ ਨਹੀਂ ਹੈ। ਪੰਜਾਬ ਭਰ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੁੱਧਵਾਰ ਨੂੰ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਮੁਹਾਲੀ ਵਿੱਚ ਅਨੋਖੇ ਢੰਗ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਠੇਕਾ ਮੁਲਾਜ਼ਮਾਂ ਵੱਲੋਂ ਕਾਂਗਰਸ ਸਰਕਾਰ ਦਾ ਕੁੰਭਕਰਨ ਰੂਪੀ ਬੁੱਤ ਬਣਾ ਕੇ ਮੁਹਾਲੀ ਫੇਜ਼-1 ਤੋਂ ਫੇਜ਼-6 ਤੱਕ ਰੋਸ ਮਾਰਚ ਕਰਨ ਉਪਰੰਤ ਸਰਕਾਰ ਦੇ ਕੂੰਭਕਰਨੀ ਰੂਪ ਨੂੰ ਜਗਾਉਣ ਲਈ ਰਮਾਇਣ ਵਿੱਚ ਦੱਸੇ ਉਪਰਾਲੇ ਪਾਠ ਪੂਜਾ ਬੈਂਡ ਵਾਜ਼ੇ ਅਤੇ ਖਾਣ ਪੀਣ ਦੀ ਸਮੱਗਰੀ ਰਾਹੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਤੱਕ ਆਪਣੀ ਗੱਲ ਪੁੱਜਦੀ ਕਰਨ ਲਈ ਨੋਜਵਾਨ ਮੁਲਾਜ਼ਮਾਂ ਵੱਲੋਂ ਹਰ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਜਿਸਦੀ ਜਿਉਦੀਂ ਜਾਗਦੀ ਮਿਸਾਲ ਹੈ ਕਿ ਸੂਬੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਵਿਚ ਕੀਤੇ ਸਘੰਰਸ਼ ਨੂੰ ਤਾਂ ਸਰਕਾਰ ਨੇ ਨਹੀ ਦੇਖਿਆ ਪਰ ਹੁਣ ਸੂਬੇ ਦੀ ਰਾਜਧਾਨੀ ਚੰਡੀਗੜ ਦੇ ਸੈਕਟਰ 17 ਵਿਚ ਪਿਛਲੇ 6 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਦੀ ਵੀ ਕਿਸੇ ਕਾਂਗਰਸੀ ਨੇਤਾ ਨੇ ਸਾਰ ਨਹੀ ਲਈ ਹੈ।
ਇੱਕ ਸਾਲ ਪਹਿਲਾਂ ਸਰਕਾਰ ਬਨਣ ਸਮੇਂ 13 ਮਾਰਚ 2017 ਨੂੰ ਉਕਤ ਮੁਲਾਜ਼ਮਾਂ ਦੀ ਭੁੱਖ ਹੜਤਾਲ ਮੁੱਖ ਮੰਤਰੀ ਦੇ ਓ.ਐਸ.ਡੀ ਗੁਰਿੰਦਰ ਸਿੰਘ ਸੋਢੀ ਅਤੇ ਕੈਪਟਨ ਸੰਦੀਪ ਸੰਧੂ ਨੇ ਖਤਮ ਕਰਵਾਈ ਸੀ ਪਰ ਮੰਗਾਂ ਸਬੰਧੀ ਠੋਸ ਗੱਲਬਾਤ ਨਾ ਹੋਣ ਕਰਕੇ ਮੁਲਾਜ਼ਮ ਇੱਕ ਸਾਲ ਬਾਅਦ ਫਿਰ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜ਼ਬੂਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਦੇ ਦਿਨ ਤਤੋਂ ਲੈ ਕੇ ਹੁਣ ਤੱਕ ਕਈ ਪ੍ਰਦਰਸ਼ਨ ਕੀਤੇ ਗਏ।ਨਵੇਂ ਸਾਲ ਵਾਲੇ ਦਿਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਾਂਗਰਸ ਦੇ ਵਾਅਦਿਆ ਦੇ ਫੋਟੋ ਫਰੇਮ ਦਿੱਤੈ ਗਏ ਇਸ ਉਪਰੰਤ ਇਹੀ ਫੋਟੋ ਫਰੇਮ ਕਾਂਗਰਸ ਭਵਨ ਚੰਡੀਗੜ ਵਿਖੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ 2 ਦਿਨ ਵਿਚ ਮੀਟਿੰਗ ਕਰਵਾਈ ਜਾਵੇਗੀ ਪਰ ਮੀਟਿੰਗ ਦਾ ਸਮਾਂ ਨਹੀ ਮਿਲਿਆ। ਇਸ ਉਪਰੰਤ ਮੁਲਾਜ਼ਮਾਂ ਵੱਲੋਂ 13 ਜਨਵਰੀ ਨੂੰ ਵਿਧਾਇਕਾਂ ਘਰ ਲੋਹੜੀ ਮੰਗੀ, 24 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਕੇਕ ਕੱਟਿਆ ਗਿਆ, 17 ਫਰਵਰੀ ਨੂੰ ਮੁੱਖ ਮੰਤਰੀ ਮਿਲਾਓ ਇਨਾਮ ਪਾਓ ਸਕੀਮ ਚਲਾਈ ਗਈ, 9 ਮਾਰਚ ਨੂੰ ਵਿਧਾਇਕਾਂ ਨੂੰ ਧੱਕੇਸ਼ਾਹੀ ਅਵਾਰਡ ਦਿੱਤਾ ਗਿਆ ਅਤੇ 16 ਮਾਰਚ ਨੂੰ ਸਰਕਾਰ ਦੇ ਇਕ ਸਾਲ ਪੂਰਾ ਹੋਣ ਤੇ ਲੋਲੀਪੋਪ ਵੰਢ ਕੇ ਲੋਲੀਪੋਪ ਦਿਵਸ ਮਨਾਇਆ ਗਿਆ।
ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਅਸ਼ੀਸ਼ ਜੁਲਾਹਾ,ਰਵਿੰਦਰ ਰਵੀ ਅਮ੍ਰਿੰਤਪਾਲ ਸਿੰਘ ਰਜਿੰਦਰ ਸਿੰਘ ਸੰਧਾ,ਦਵਿੰਦਰ ਸਿੰਘ, ਪ੍ਰਵੀਨ ਸ਼ਰਮਾਂ ਚਮਕੋਰ ਸਿੰਘ,ਪਵਨ ਗਡਿਆਲ, ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਗਹਿਰੀ ਨੀਂਦ ਨੂੰ ਤੋੜਨ ਲਈ ਮੁਲਾਜ਼ਮਾਂ ਨੂੰ ਇਹ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੀਤੇ ਵਾਅਦਿਆ ਤੋਂ ਮੁੰਹ ਹੋੜ ਰਹੀ ਹੈ ਇਸ ਲਈ ਮੁਲਾਜ਼ਮ ਅੱਜ ਅਨੋਖੇ ਤਰੀਕੇ ਦੇ ਪ੍ਰਦਰਸ਼ਨ ਨਾਲ ਆਮ ਜਨਤਾ ਦੀ ਕਚਿਹਿਰੀ ਵਿਚ ਆਏ ਹਨ ਤੇ ਸਰਕਾਰ ਦੀ ਮਾੜੀ ਸੋਚ ਨੂੰ ਲੋਕਾਂ ਨੂੰ ਦੱਸ ਰਹੇ ਹਨ। ਆਗੂਆਂ ਨੇ ਕਿਹਾ ਕਿ ਜਨਤਾ ਦੀ ਕਚਿਹਰੀ ਵਿਚ ਆ ਕੇ ਆਮ ਜਨਤਾ ਨੂੰ ਅਪੀਲ ਕਰਦੇ ਹਨ ਕਿ ਸੁੱਤੀ ਸਰਕਾਰ ਨੂੰ ਜਗਾਇਆ ਜਾਵੇ ਮੌਜੂਦਾ ਸਰਕਾਰ ਜਨਤਾ ਨੂੰ ਸਹੂਲਤਾਂ ਦੇਣ ਦੀ ਬਜਾਏ ਮਿਲ ਰਹੀਆ ਸਹੂਲਤਾਂ ਨੂੰ ਖੋਹਣ ’ਤੇ ਉਤਰ ਆਈ ਹੈ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਆਪਣੇ ਹੱਕ ਲੈਣ ਤੱਕ ਸੰਘਰਸ਼ ਜਾਰੀ ਰੱਖਣਗੇ। ਸੈਕਟਰ-17 ਵਿਚ ਚੱਲ ਰਹੀ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…