nabaz-e-punjab.com

ਮੁਹਾਲੀ ਵਿੱਚ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, ਕਿਸਾਨ ਮੰਗਾਂ ਦੀ ਪੂਰਤੀ ਦੀ ਜ਼ਿੱਦ ’ਤੇ ਅੜੇ

ਸੋਮਵਾਰ ਤੱਕ ਮੰਗਾਂ ਨਾ ਮੰਨੇ ਜਾਣ ’ਤੇ ਚੰਡੀਗੜ੍ਹ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਮਾਰਚ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬੀਤੇ ਕੱਲ ਤੋੱ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ ਅਤੇ ਕਿਸਾਨਾਂ ਨੇ ਵਾਈਪੀਐਸ ਚੌਂਕ ਨੇੜੇ (ਚੰਡੀਗੜ੍ਹ ਵਾਲੇ ਪਾਸੇ) ਪੱਕੇ ਡੇਰੇ ਲਗਾ ਲਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਨਹੀਂ ਹੁੰਦੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।
ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਧਰਨੇ ਦੌਰਾਨ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਮਾੜੀ ਸਾਬਿਤ ਹੋਈ ਹੈ ਅਤੇ ਇਸਨੇ ਕਿਸਾਨਾਂ ਦਾ ਕਿਤੇ ਵੱਧ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਜਿੱਥੇ ਕਿਸਾਨਾਂ ਦਾ ਕਰਜਾ ਬਹੁਤ ਵੱਧ ਗਿਆ ਹੈ। ਉੱਥੇ ਕਿਸਾਨਾਂ ਦੀ ਆਮਦਨ ਦੇ ਬਾਕੀ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਦੇ ਉ ਐਸ ਡੀ ਨੇ ਉਹਨਾਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਸੋਮਵਾਰ ਤਕ ਕਿਸਾਨ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜਿਸ ਕਰਕੇ ਉਹ ਸੋਮਵਾਰ ਤਕ ਸਰਕਾਰ ਵਲੋੱ ਕੀਤੀ ਜਾਣ ਵਾਲੀ ਕਾਰਵਾਈ ਦੀ ਉਡੀਕ ਕਰਣਗੇ ਅਤੇ ਜੇਕਰ ਸੋਮਵਾਰ ਤਕ ਉਹਨਾਂ ਦੇ ਮਸਲਿਆਂ ਦੇ ਹਲ ਲਈ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਭਰਦਿਆਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੇ ਤਹਿਤ ਚੰਡੀਗੜ੍ਹ ਨੂੰ ਪੰਜਾਬ ਤੋਂ ਹੋਣ ਵਾਲੀ ਕਿਸਾਨੀ ਵਸਤਾਂ ਦੀ ਮੁਕੰਮਲ ਸਪਲਾਈ ਰੋਕ ਦਿੱਤੀ ਜਾਵੇਗੀ। ਉਹਨਾਂ ਚਿਤਾਵਨੀ ਦਿੱਤੀ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਹੋਣ ਵਾਲੀ ਦੁੱਧ, ਸਬਜੀਆਂ, ਅਨਾਜ ਅਤੇ ਫਲਾਂ ਦੀ ਸਪਲਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ।
ਇਸ ਦੌਰਾਨ ਕਿਸਾਨਾਂ ਵੱਲੋਂ ਵਾਈਪੀਐਸ ਚੌਂਕ ਦੇ ਨਾਲ ਲੱਗਦੇ ਪਾਰਕ ਵਿੱਚ ਆਪਣੇ ਡੇਰੇ ਲਗਾ ਲਏ ਗਏ ਹਨ ਅਤੇ ਉੱਥੇ ਹੀ ਲੰਗਰ ਪਕਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਚੰਡੀਗੜ੍ਹ ਵੱਲ ਜਾਣ ਵਾਲੀ ਸੜਕ ’ਤੇ ਲੰਗਰ ਛਕਾਇਆ ਜਾ ਰਿਹਾ ਸੀ ਅਤੇ ਕਿਸਾਨ ਪੂਰੇ ਹੌਸਲੇ ਵਿੱਚ ਨਜ਼ਰ ਆ ਰਹੇ ਸਨ। ਇਸ ਦੌਰਾਨ ਮੁਹਾਲੀ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਧਰਨਾ ਖਤਮ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪ੍ਰੰਤੂ ਕਿਸਾਨ ਧਰਨਾ ਜਾਰੀ ਰੱਖਣ ਲਈ ਬਜਿੱਦ ਦਿਖਾਈ ਦੇ ਰਹੇ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…