nabaz-e-punjab.com

ਨਵਾਂ ਗਰਾਓਂ ਤੋਂ ਭੇਤਭਰੀ ਹਾਲਤ ਗਾਇਬ ਅਭਿਸ਼ੇਕ ਦੇ ਕਤਲ ਦੇ ਮਾਮਲੇ ਵਿੱਚ ਕਰਨਲ ਸੰਧੂ ਦੀ ਗ੍ਰਿਫ਼ਤਾਰੀ ਦੀ ਚਰਚਾ ਜ਼ੋਰਾਂ ’ਤੇ

ਡੀਜੀਪੀ ਵੱਲੋਂ ਮਾਮਲੇ ਦੀ ਜਾਂਚ ਲਈ ਆਈਜੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਬੀਤੇ ਦਿਨੀ ਪਿੰਜੌਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਗਲੀ-ਸੜੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਨਾਮੀ ਇੰਮੀ ਗਰੇਸ਼ਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕਰਨਲ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਦੇ ਮੁਖੀ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਆਈਜੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਬਣਾਈ ਗਈ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਮੁਹਾਲੀ ਦੇ ਐਸਐਸਪੀ ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਅੱਜ ਸਾਰਾ ਦਿਨ ਇਹ ਚਰਚਾ ਜੋਰਾਂ ’ਤੇ ਰਹੀ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕਰਨਲ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਐਸਐਸਪੀ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਸੰਧੂ ਨੂੰ ਪੁਲੀਸ ਵੱਲੋਂ ਸਿਰਫ਼ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਪ੍ਰੰਤੂ ਉਹ ਹੁਣ ਤੱਕ ਪੁਲੀਸ ਕੋਲ ਹਾਜ਼ਰ ਨਹੀਂ ਹੋਇਆ।
ਇੱਥੇ ਜ਼ਿਕਰਯੋਗ ਹੈ ਕਿ ਬੀਤੀ 13 ਮਾਰਚ ਨੂੰ ਨਵਾਂ ਗਰਾਓਂ ਤੋਂ ਲਾਪਤਾ ਹੋਏ ਅਭਿਸ਼ੇਕ ਨਾਮ ਦੇ ਇੱਕ ਵਿਅਕਤੀ (ਸੀਟੀਯੂ ਚੰਡੀਗੜ੍ਹ ਦੀ ਵਰਕਸ਼ਾਪ ਵਿੱਚ ਬਤੌਰ ਡਾਟਾ ਐਟਰੀ ਆਪ੍ਰੇਟਰ ਕੰਮ ਕਰਦਾ ਸੀ) ਦੀ ਲਾਸ਼ ਬੀਤੇ ਦਿਨੀਂ ਪਿੰਜੌਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਸੀ। ਇਹ ਲਾਸ਼ ਇੱਕ ਬੋਰੀ ਵਿੱਚ ਬੰਦ ਕਰਕੇ ਸੁੱਟੀ ਹੋਈ ਸੀ ਅਤੇ ਗਲੀ ਸੜੀ ਹਾਲਤ ਵਿੱਚ ਸੀ। ਇਸ ਮਾਮਲੇ ਵਿੱਚ ਮੁੱਢਲੀ ਜਾਂਚ ਉਪਰੰਤ ਪੁਲੀਸ ਨੇ ਨਵਾਂ ਗਰਾਓਂ ਦੇ ਫੋਰੈਸਟ ਹਿੱਲ ਰਿਜ਼ੋਰਟ ਦੇ ਤਿੰਨ ਮੁਲਾਜ਼ਮਾਂ ਬਲਵਿੰਦਰ ਸਿੰਘ ਬੈਂਸ, ਗੁਰਵਿੰਦਰ ਸਿੰਘ ਅਤੇ ਤਰਸੇਮ ਚੰਦ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸੰਬੰਧੀ ਪੁਲੀਸ ਵੱਲੋਂ ਧਾਰ 302, 365, 201 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਸਬੰਧਿਤ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ 29 ਮਾਰਚ ਤੱਕ ਪੁਲੀਸ ਰਿਮਾਂਡ ’ਤੇ ਲੈ ਲਿਆ ਸੀ।
ਇਹਨਾਂ ਵਿਅਕਤੀਆਂ ਦੀ ਪੁੱਛਗਿੱਛ ਉਪੰਰਤ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕਰਨਲ ਸੰਧੂ ਵੀ ਕਤਲ, ਅਗਵਾ ਕਰਨ ਅਤੇ ਸਬੂਤ ਖੁਰਦ-ਬੁਰਦ ਕਰਨ ਦੇ ਕਥਿਤ ਦੋਸ਼ ਵਿੱਚ ਨਾਮਜ਼ਦ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪ੍ਰੰਤੂ ਹਾਲੇ ਤੱਕ ਉਹ ਪੁਲੀਸ ਕੋਲ ਪੇਸ਼ ਨਹੀਂ ਹੋਏ। ਇਸ ਸਬੰਧੀ ਪੁਲੀਸ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤੀ ਗਈ ਸਕਾਰਪਿਓ ਅਤੇ ਮਹਿੰਦਰਾ ਗੱਡੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ, ਜੋ ਕਿ ਫੋਰੈਸਟ ਹਿੱਲ ਰਿਜ਼ੋਰਟ ਦੇ ਨਾਂ ’ਤੇ ਰਜਿਸਟਰਡ ਹਨ।
ਉਧਰ, ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਲਾਸ਼ ਨਵਾਂ ਗਰਾਓਂ ਦੇ ਫੋਰੈਸਟ ਹਿੱਲ ਰਿਜ਼ੋਰਟ ਦੇ ਅੰਦਰ ਬਣੇ ਪਾਣੀ ਦੇ ਟੈਂਕ ਵਿੱਚ ਪਈ ਸੀ। ਜਿਸ ਨੂੰ ਖੁਰਦ-ਬੁਰਦ ਕਰਨ ਲਈ ਉਹ ਉਸ ਨੂੰ ਪਿੰਜੌਰ ਦੇ ਜੰਗਲਾਂ ਵਿੱਚ ਲੈ ਕੇ ਗਏ ਸਨ ਅਤੇ ਲਾਸ਼ ਨੂੰ ਉੱਥੇ ਹੀ ਸੁੱਟ ਦਿੱਤਾ ਗਿਆ ਸੀ। ਉਕਤ ਮੁਲਜ਼ਮਾਂ ਨੇ ਇਹ ਵੀ ਕਬੂਲ ਕੀਤਾ ਸੀ ਕਿ ਇਸ ਲਾਸ਼ ਸਬੰਧੀ ਸੰਧੂ ਨੂੰ ਪੂਰੀ ਜਾਣਕਾਰੀ ਸੀ। ਐਸਐਸਪੀ ਅਨੁਸਾਰ ਸੰਧੂ ਨੂੰ ਉਕਤ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਅਭਿਸ਼ੇਕ ਦੀ ਮੌਤ ਦੀ ਵਜ੍ਹਾ ਬਾਰੇ ਜਾਣਕਾਰੀ ਹਾਸਲ ਕੀਤੀ ਜਾਣੀ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…