ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ: ਵਿਧਾਇਕ ਸਿੱਧੂ

ਕਾਂਗਰਸੀ ਸਰਕਾਰਾਂ ਸਮੇਂ ਕਿਸਾਨਾਂ ਨੂੰ ਕਦੇ ਵੀ ਮੰਡੀਆਂ ਵਿੱਚ ਨਹੀਂ ਹੋਣਾ ਪਿਆ ਖੱਜਲ-ਖ਼ੁਆਰ

ਵਿਧਾਇਕ ਸਿੱਧੂ ਨੇ ਭਾਗੋਮਾਜਰਾ ਮੰਡੀ ਵਿੱਚ ਲਿਆ ਕਣਕ ਦੀ ਸਰਕਾਰੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਪੰਜਾਬ ਸਰਕਾਰ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਸਰਕਾਰ ਨੇ ਸਾਲਾਨਾ ਬਜਟ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ 4250 ਕਰੋੜ ਰੁਪਏ ਦੀ ਵਿਵਸਥਾ ਕਰ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਅਤੇ ਵਿਰੋਧੀਆਂ ਕੋਲ ਕੋਈ ਵੀ ਗੱਲ ਕਹਿਣ ਨੂੰ ਬਾਕੀ ਨਹੀਂ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੁ ਨੇ ਨੇੜਲੇ ਪਿੰਡ ਭਾਗੋਮਾਜਰਾ ਦੀ ਫੋਕਲ ਪੁਆਇੰਟ ਮੰਡੀ ਵਿਖੇ ਪੁੱਜੀ ਕੁਲਜੀਤ ਸਿੰਘ ਪਿੰਡ ਸੁਹਾਣਾ ਦੀ ਕਣਕ ਦੀ ਢੇਰੀ ਦੀ ਬੋਲੀ ਲਗਾ ਕੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਵਿਖੇ ਕਰਵਾਏ ਸਮਾਗਮ ਵਿੱਚ 6 ਜ਼ਿਲ੍ਹਿਆਂ ਦੇ 26,998 ਕਿਸਾਨਾਂ ਨੂੰ 156.12 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਪਹਿਲਾਂ ਵੀ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਤੇ ਜਦੋਂ ਵੀ ਰਾਜ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ, ਉਦੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਖੁੱਜਲ ਖ਼ੁਆਰ ਨਹੀਂ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਮੰਡੀਆਂ ਵਿੱਚ ਕਣਕ ਵੇਚਣ ਲਈ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ੍ਰੀ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਫੋਕਲ ਪੁਆਇੰਟ ਵਿਖੇ ਸਥਾਪਤ ਮੰਡੀ ਦਾ ਇਸ ਇਲਾਕੇ ਦੇ 30 ਪਿੰਡਾਂ ਨੂੰ ਫਾਇਦਾ ਹੋਵੇਗਾ ਅਤੇ ਉਹ ਆਪਣੀ ਕਣਕ ਦੀ ਫ਼ਸਲ ਆਪਣੇ ਨੇੜੇ ਪੈਂਦੀ ਮੰਡੀ ਫੋਕਲ ਪੁਆਇੰਟ ਭਾਗੋਮਾਜਰਾ ਵਿਖੇ ਵੇਚ ਸਕਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਸਬੰਧੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਇਸ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਮਨੁੱਖੀ ਸਿਹਤ ਉਤੇ ਵੀ ਮਾੜਾ ਅਸਰ ਪੈਂਦਾ ਹੈ।
ਇਸ ਮੌਕੇ ਵਿਧਾਇਕ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ਚੰਦ ਸ਼ਰਮਾ ਮੱਛਲੀ ਕਲਾਂ, ਡੀਐਫਐਸਓ ਸ੍ਰੀ ਹੇਮਰਾਜ ਸ਼ਰਮਾ, ਏਐਫਐਸਓ ਰਾਜਨ ਗੁਪਤਾ, ਸਕੱਤਰ ਮਾਰਕੀਟ ਕਮੇਟੀ ਖਰੜ ਮਲਕੀਅਤ ਸਿੰਘ, ਇੰਸਪੈਕਟਰ ਖੁਰਾਕ ਤੇ ਸਿਵਲ ਸਪਲਾਈ ਸ੍ਰੀ ਸ਼ਿਵ ਸ਼ੰਕਰ, ਮਨਜੀਤ ਕੌਰ, ਸੁਪਰਵਾਈਜ਼ਰ ਹਰਜੀਤ ਸਿੰਘ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਗੁਰਚਰਨ ਸਿੰਘ ਭੰਵਰਾ, ਭਾਗੋਮਾਜਰਾ ਦੇ ਸਰਪੰਚ ਜਸਵਿੰਦਰ ਸਿੰਘ ਭੋਲਾ, ਚੌਧਰੀ ਹਰਨੇਕ ਸਿੰੰਘ ਨੇਕੀ ਸਨੇਟਾ, ਸਾਬਕਾ ਸਰਪੰਚ ਸਨੇਟਾ ਚੌਧਰੀ ਰਿਸ਼ੀਪਾਲ, ਬਲਬੀਰ ਸਿੰਘ ਸਾਬਕਾ ਸਰਪੰਚ ਮੌਜਪੁਰ, ਰਣਧੀਰ ਸਿੰਘ ਧੀਰਾ, ਮਨੌਲੀ ਦੇ ਸਾਬਕਾ ਸਰਪੰਚ ਮੇਜਰ ਸਿੰਘ, ਜਗਤਾਰ ਸਿੰਘ ਮਨੌਲੀ, ਤੰਗੋਰੀ ਦੇ ਸਾਬਕਾ ਸਰਪੰਚ ਮਨਜੀਤ ਸਿੰਘ, ਕਿਸਾਨ ਟਹਿਲ ਸਿੰਘ ਮਾਣਕਪੁਰ ਕੱਲਰ, ਸ਼ੇਰ ਸਿੰਘ ਦੈੜੀ, ਸਰਪੰਚ ਗਡਾਣਾ ਕੁਲਵੀਰ ਸਿੰਘ, ਸਾਬਕਾ ਸਰਪੰਚ ਸੋਮਨਾਥ, ਮੋਹਨ ਲਾਲ, ਅਮਰੀਕ ਸਿੰਘ ਕੰਬਾਲਾ, ਨਛੱਤਰ ਸਿੰਘ ਕੰਬਾਲਾ, ਐਚ.ਐਸ.ਢਿੱਲੋਂ, ਅਤੇ ਸਤਪਾਲ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…