ਸਵੱਛ ਸਰਵੇਖਣ ਵਿੱਚ ਪੰਜਾਬ ਦੇ 32 ਸ਼ਹਿਰ ਦੇਸ਼ ਦੇ ਪਹਿਲੇ 100 ਸ਼ਹਿਰਾਂ ਵਿੱਚ ਆਏ: ਨਵਜੋਤ ਸਿੱਧੂ

ਜੁਲਾਈ 2018 ਤੱਕ ਪੰਜਾਬ ਦੇ ਸਾਰੇ ਸ਼ਹਿਰ ਖੁੱਲ੍ਹੇ ਵਿੱਚ ਸੌਚ ਤੋਂ ਮੁਕਤ ਹੋਣਗੇ

ਸਿੱਧੂ ਨੇ ਸ਼ਹਿਰਾਂ ਨੂੰ ਕੂੜੇ ਤੋਂ ਨਿਜਾਤ ਦਿਵਾਉਣ ’ਤੇ ਦਰਜਾਬੰਦੀ ਦੇਣ ਸਬੰਧੀ ਇਕ ਰੋਜ਼ਾ ਵਰਕਸ਼ਾਪ ਦਾ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਪਰੈਲ:
‘‘ਸਾਫ ਸਫਾਈ ਪ੍ਰਤੀ ਸੁਹਿਰਦ ਹੋਣਾ ਇਕ ਅਹਿਸਾਸ ਹੈ ਜੋ ਕਿ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ ਸੁਥਰਾ ਚੌਗਿਰਦਾ ਛੱਡ ਕੇ ਜਾਈਏ ਕਿਉਂ ਜੋ ਸਫ਼ਾਈ ਵਿੱਚ ਹੀ ਨਰੋਈ ਸਿਹਤ ਛੁਪੀ ਹੋਈ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਮਿਊਂਸੀਪਲ ਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕੂੜਾ-ਕਰਕਟ ਮੁਕਤ ਸ਼ਹਿਰਾਂ ਦੀ ਦਰਜਾਬੰਦੀ ਦੀ ਤੈਅ ਕਰਨ ਸਬੰਧੀ ਇੱਕ ਖੇਤਰੀ ਵਰਕਸ਼ਾਪ ਦੌਰਾਨ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਮਿਊਂਸੀਪਲ ਕਮਿਸ਼ਨਰ ਅਤੇ ਕਾਰਜਸਾਧਕ ਅਫ਼ਸਰ ਪ੍ਰਮੁੱਖ ਸਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਗੱਲ ਲਈ ਪੂਰਣ ਤੌਰ ’ਤੇ ਵਚਨਬੱਧ ਹੈ ਕਿ ਚੌਗਿਰਦੇ ਅਤੇ ਇਸ ਦੀ ਸਫ਼ਾਈ ਨਾਲ ਸਬੰਧਤ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ ਅਤੇ ਸੂਬੇ ਨੂੰ ਸਫ਼ਾਈ ਪੱਖੋਂ ਮੋਹਰੀ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਅਗਾਂਹ ਦੱਸਿਆ ਕਿ ਸਾਲ 2017 ਦੇ ਸਵੱਛ ਸਰਵੇਖਣ ਦੌਰਾਨ ਕੁੱਲ 438 ਸ਼ਹਿਰਾਂ ਨੂੰ ਸਫ਼ਾਈ ਨਾਲ ਸਬੰਧਤ ਵੱਖੋ-ਵੱਖ ਮਾਪਦੰਡਾਂ ’ਤੇ ਪਰਖਿਆ ਗਿਆ ਸੀ ਅਤੇ ਪੰਜਾਬ ਦੀ ਦਰਜਾਬੰਦੀ ਇਸ ਸਰਵੇਖਣ ਵਿੱਚ ਕਾਫ਼ੀ ਹੇਠਾਂ ਸੀ ਭਾਵ ਪਹਿਲੇ 100 ਸ਼ਹਿਰਾਂ ਵਿੱਚ ਸੂਬੇ ਦਾ ਕੋਈ ਵੀ ਸ਼ਹਿਰ ਸ਼ਾਮਲ ਨਹੀਂ ਸੀ ਕੀਤਾ ਗਿਆ ਅਤੇ ਸੂਬੇ ਦੇ ਕਈ ਸ਼ਹਿਰ 400-438 ਦੀ ਦਰਜਾਬੰਦੀ ਹੀ ਹਾਸਲ ਕਰ ਸਕੇ ਪਰ ਮੌਜੂਦਾ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸੂਬੇ ਨੂੰ ਸਾਫ਼-ਸਫ਼ਾਈ ਅਤੇ ਕੂੜਾ ਮੁਕਤ ਕਰਨ ਦੇ ਕੰਮ ਵਿੱਚ ਕਾਫ਼ੀ ਤੇਜ਼ੀ ਨਾਲ ਸੁਧਾਰ ਲਿਆਂਦਾ ਗਿਆ। ਜਿਸ ਦਾ ਨਤੀਜਾ ਸਵੱਛ ਸਰਵੇਖਣ ਸਾਲ 2018 ਵਿੱਚ ਵੇਖਣ ਨੂੰ ਮਿਲਿਆ। ਜਿਸ ਵਿੱਚ ਪੰਜਾਬ ਦੀਆਂ 32 ਸ਼ਹਿਰੀ ਸਥਾਨਕ ਇਕਾਈਆਂ ਨੂੰ ਪੂਰੇ ਦੇਸ਼ ਦੀਆਂ ਕੁੱਲ 4041 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ ਚੋਟੀ ਦੀਆਂ 100 ਇਕਾਈਆਂ ਵਿੱਚ ਸਥਾਨ ਦਿੱਤਾ ਗਿਆ। ਇਹ ਦਰਜਾਬੰਦੀ ਸਵੱਛਤਾ ਐਪ ’ਤੇ ਆਧਾਰਤ ਸੀ।
ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਕੂੜਾ ਮੁਕਤ ਸ਼ਹਿਰਾਂ ਦੀ ਧਾਰਣਾ ਦਾ ਸਵੱਛ ਭਾਰਤ ਮਿਸ਼ਨ ਨਾਲ ਬਹੁਤ ਗੂੜ੍ਹਾ ਸਬੰਧ ਹੈ। ਉਨ੍ਹਾਂ ਸਭਨਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਸਾਫ਼-ਸਫ਼ਾਈ ਅਤੇ ਸਿਹਤਮੰਦ ਵਾਤਾਵਰਣ ਦੇ ਪੈਮਾਨੇ ’ਤੇ ਮੋਹਰੀ ਸਥਾਨ ਦਿਵਾਉਣ ਲਈ ਤਨੋਂ-ਮਨੋਂ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚੋਂ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਦੀ ਲਾਹਣਤ ਨੂੰ ਖ਼ਤਮ ਕਰਨ ਪੱਖੋਂ ਕਾਫ਼ੀ ਸੁਧਾਰ ਵੇਖਣ ਵਿੱਚ ਆਇਆ ਹੈ ਅਤੇ ਉਨ੍ਹਾਂ ਨੇ ਇਹ ਭਰੋਸਾ ਦਿੱਤਾ ਕਿ ਜੁਲਾਈ 2018 ਤੱਕ ਸੂਬਾ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਦੀ ਲਾਹਣਤ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰਾਂ ਨੂੰ ਕੂੜੇ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਸਬੰਧੀ ਸੌਲਿਡ ਵੇਸਟ ਮੈਨੇਜਮੈਂਟ ਇੱਕ ਬੇਹੱਦ ਕਾਰਗਰ ਹਥਿਆਰ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਨੇ ਨਿਵੇਕਲੀ ਪਹਿਲ ਕਰਦੇ ਹੋਏ ਸੌਲਿਡ ਵੇਸਟ ਮੈਨੇਜਮੈਂਟ ਨੂੰ ਵਿਕੇਂਦਰੀਕ੍ਰਿਤ ਕੀਤਾ ਹੈ ਜਿਸ ਤਹਿਤ ਇਸ ਦੇ ਵੱਖੋ-ਵੱਖ ਹਿੱਸਿਆਂ ਲਈ ਮਾਹਿਰ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਪੰਜਾਬ ਮਿਊਂਸਪੀਲ ਇਨਫ਼੍ਰਾਸਟੱਕਚਰ ਡਿਵੈਲਪਮੈਂਟ ਕੰਪਨੀ ਦੇ ਸੀ.ਈ.ਓ. ਸ੍ਰੀ ਅਜੌਏ ਸ਼ਰਮਾ ਨੇ ਵਿਭਾਗ ਦੁਆਰਾ ਪੰਜਾਬ ਨੂੰ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਲਈ ਚੁੱਕੇ ਜਾ ਰਹੇ ਕਦਮਾਂ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਘਰਾਂ ਵਿੱਚ ਮੁਹੱਈਆ ਕਰਵਾਏ ਜਾ ਰਹੇ ਨਿੱਜੀ ਪਖ਼ਾਨਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਸੂਬੇ ਦੇ 120 ਸ਼ਹਿਰਾਂ ਨੇ ਖ਼ੁਦ ਨੂੰ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਐਲਾਨਿਆ ਹੋਇਆ ਹੈ ਅਤੇ 32 ਸ਼ਹਿਰਾਂ ਨੂੰ ਕੁਆਲਿਟੀ ਕੌਂਸਲ ਆਫ਼ ਇੰਡੀਆ ਤੋਂ ਪ੍ਰਮਾਣੀਕਰਨ ਹਾਸਲ ਹੋ ਚੁੱਕਿਆ ਹੈ ਕਿਉਂਕਿ ਇਹ ਸ਼ਹਿਰ ਨਾ ਸਿਰਫ਼ ਸਾਫ਼-ਸਫ਼ਾਈ ਸਗੋਂ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਚੁੱਕੇ ਗਏ ਨਿਵੇਕਲੇ ਕਦਮਾਂ ਵਿੱਚ ਮੋਹਰੀ ਸਨ।
ਇਸ ਮੌਕੇ ਕੇਂਦਰ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਵੱਛ ਭਾਰਤ ਮਿਸ਼ਨ ਦੇ ਵਧੀਕ ਮਿਸ਼ਨ ਡਾਇਰੈਕਟਰ ਸ੍ਰੀ ਨਵੀਨ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਪੂਰੀ ਤਰ੍ਹਾਂ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਬਣਾਉਣ ਅਤੇ ਸਫ਼ਾਈ ਦੇ ਪੈਮਾਨੇ ’ਤੇ ਖ਼ਰਾ ਉਤਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਰੱਜਵੀਂ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸ੍ਰੀ ਸਿੱਧੂ ਨੇ ਵੱਖੋ-ਵੱਖ ਗ਼ੈਰ ਸਰਕਾਰੀ ਸੰਗਠਨਾਂ ਅਤੇ ਬਠਿੰਡਾ, ਪਟਿਆਲਾ ਅਤੇ ਜਲੰਧਰ ਵਿਖੇ ਤੈਨਾਤ ਸਥਾਨਕ ਸਰਕਾਰ ਵਿਭਾਗ ਦੇ ਤਿੰਨ ਡਿਪਟੀ ਡਾਇਰੈਕਟਰਾਂ ਦਾ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਅਤੇ ਸਾਫ਼-ਸੁਥਰੇ ਵਾਤਾਵਰਣ ਸਬੰਧੀ ਜਾਗਰੂਕਤਾ ਦਾ ਪਸਾਰਾ ਕਰਨ ਬਾਬਤ ਪਾਏ ਗਏ ਵਡਮੁੱਲੇ ਯੋਗਦਾਨ ਲਈ ਸਨਮਾਨ ਵੀ ਕੀਤਾ। ਇਸ ਮੌਕੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸ਼ਾਦ ਅਤੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …