ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਭਾਰੀ ਹੰਗਾਮਾ, ਸਥਿਤੀ ਤਣਾਅਪੂਰਨ, ਮੇਅਰ ਨੇ ਸੰਭਾਲਿਆ ਮੋਰਚਾ

ਕਮਿਸ਼ਨਰ ਅਤੇ ਭਾਜਪਾ ਕੌਂਸਲਰ ਉਲਝੇ, ਤਲਖਕਲਾਮੀ ਤੋਂ ਬਾਅਦ ਹੱਥੋਪਾਈ ਹੁੰਦੀ ਹੁੰਦੀ ਮਸਾਂ ਹੀ ਬਚੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਹੰਗਾਮਾ ਭਰਪੂਰ ਰਹੀ ਅਤੇ ਇਸ ਦੌਰਾਨ ਨਿਗਮ ਦੇ ਕਮਿਸ਼ਨਰ ਅਤੇ ਭਾਜਪਾ ਕੌਂਸਲਰ ਬੌਬੀ ਕੰਬੋਜ ਅਤੇ ਹਰਦੀਪ ਸਿੰਘ ਸਰਾਉੱ ਵਿਚਾਲੇ ਤਲਖਕਲਾਮੀ ਹੋਣ ਤੋਂ ਬਾਅਦ ਹੱਥੋੱਪਾਈ ਦੀ ਨੋਬਤ ਆ ਗਈ ਅਤੇ ਇਸ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਅਤੇ ਹੋਰਨਾਂ ਕੌਂਸਲਰਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਹੋਇਆ। ਇਸ ਮਗਰੋਂ ਮੇਅਰ ਨੇ ਬੜੇ ਠਰੰਮੇ ਨਾਲ ਮੋਰਚਾ ਸੰਭਾਲਿਆ ਅਤੇ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਸੈਕਟਰ-68 ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਸੈਕਟਰ-68 ਵਿੱਚ ਬਣਾਏ ਗਏ ਕੂੜੇਦਾਨ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਮੀਟਿੰਗ ਹਾਲ ਵਿੱਚ ਮੇਅਰ ਦੀ ਕੁਰਸੀ ਦੇ ਸਾਮਹਣੇ (ਜ਼ਮੀਨ ਉੱਤੇ) ਧਰਨੇ ’ਤੇ ਬੈਠ ਗਏ।
ਇਸ ਤੋਂ ਬਾਅਦ ਸ਼ਹਿਰ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਅਤੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਬਾਰੇ ਬੋਲਦਿਆਂ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਅਤੇ ਨਾਜਾਇਜ ਕਬਜਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਲਈ ਕੌਂਸਲਰਾਂ ਦਾ ਸਹਿਯੋਗ ਮੰਗਿਆ। ਇਸ ਮੌਕੇ ਭਾਜਪਾ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਕਿਹਾ ਕਿ ਉਹ ਇਸ ਕਾਰਵਾਈ ਵਿੱਚ ਸਾਥ ਦੇਣ ਲਈ ਤਿਆਰ ਹਨ ਪਰੰਤੂ ਇਹ ਕਾਰਵਾਈ ਪਿਕ ਅਤੇ ਚੂਜ ਦੇ ਆਧਾਰ ਤੇ ਨਾ ਹੋਵੇ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਫੇਜ਼-10 ਅਤੇ 11 ਦੇ ਵਸਨੀਕਾਂ ਵੱਲੋਂ ਗਰੀਨ ਬੈਲਟਾਂ ਤੇ ਕੀਤੇ ਗਏ ਨਾਜਾਇਜ ਕਬਜ਼ਿਆਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਦੂਜੇ ਪਾਸੇ ਉਦਯੋਗਿਕ ਖੇਤਰ ਵਿੱਚ ਇੱਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਬਣਾ ਕੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਸ੍ਰੀ ਸਰਾਓ ਨੇ ਨਾਲ ਭਾਜਪਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਅਤੇ ਸ੍ਰੀ ਬੌਬੀ ਕੰਬੋਜ ਨੇ ਵੀ ਆਪਣਾ ਵਿਰੋਧ ਜਾਹਿਰ ਕੀਤਾ ਅਤੇ ਮੇਅਰ ਕੁਲਵੰਤ ਸਿੰਘ ਵੱਲੋਂ ਇਹਨਾਂ ਕੌਂਸਲਰਾਂ ਨੂੰ ਸ਼ਾਂਤ ਕਰਦਿਆਂ ਕਮਿਸ਼ਨਰ ਦੀ ਗੱਲ ਸੁਨਣ ਲਈ ਕਿਹਾ। ਉਹਨਾਂ ਕਿਹਾ ਕਿ ਨਿਗਮ ਵਲੋੱ ਬਿਨਾ ਕਿਸੇ ਭੇਦਭਾਵ ਦੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਕੌਂਸਲਰ ਵਲੋੱ ਕਮਿਸ਼ਨਰ ਤੇ ਭੇਦਭਾਵ ਦੀ ਨੀਤੀ ਤਹਿਤ ਕਾਰਵਾਈ ਕਰਨ ਦੇ ਇਲਜਾਮ ਤੇ ਕਮਿਸ਼ਨਰ ਵੀ ਭੜਕ ਗਏ ਅਤੇ ਅਚਾਨਕ ਹੀ ਮਾਹੌਲ ਬੁਰੀ ਤਰ੍ਹਾਂ ਗਰਮੀ ਫੜ ਗਿਆ। ਕਮਿਸ਼ਨਰ ਵੱਲੋਂ ਸ੍ਰੀ ਸਰਾਓ ਨੂੰ ਇਹ ਕਹਿਣ ਤੇ ਕਿ ਉਹਨਾਂ ਨੇ ਇੱਕ ਵਿਅਕਤੀ ਦੇ ਖ਼ਿਲਾਫ਼ ਤਾਂ ਕਾਰਵਾਈ ਕੀਤੀ ਹੈ ਫਿਰ ਕੌਂਸਲਰ ਇਤਰਾਜ ਕਿਉ ਕਰ ਰਹੇ ਹਨ ਭਾਜਪਾ ਦੇ ਕੌਂਸਲਰ ਵੀ ਭੜਕ ਪਏ। ਇਸ ਮੌਕੇ ਕਮਿਸ਼ਨਰ ਆਪਣੀ ਕੁਰਸੀ ਤੋਂ ਖੜੇ ਹੋ ਗਏ ਅਤੇ ਬਾਹਾਂ ਉਲਾਰ ਕੇ ਭਾਜਪਾ ਕੌਂਸਲਰਾਂ ਨੂੰ ਬੋਲਣ ਲੱਗ ਪਏ ਜਿਹਨਾਂ ਨੂੰ ਮੇਅਰ ਅਤੇ ਨਿਗਮ ਦੇ ਹੋਰਨਾਂ ਅਧਿਕਾਰੀਆਂਨੇ ਸ਼ਾਂਤ ਕੀਤਾ। ਦੂਜੇ ਪਾਸੇ ਕੌਂਸਲਰ ਬੌਬੀ ਕੰਬੋਜ ਵੀ ਭੜਕ ਗਏ ਤੇ ਕਮਿਸ਼ਨਰ ਵੱਲੋਂ ਵਧੇ ਜਿਹਨਾਂ ਨੂੰ ਸਾਥੀ ਕੌਂਸਲਰਾਂ ਨੇ ਰੋਕਿਆ ਅਤੇ ਉਥੇ ਹੱਥੋਪਾਈ ਤੋੱ ਬਚਾਉ ਹੋ ਗਿਆ।
ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਤ ਕਰਦਿਆ ਕਿਹਾ ਕਿ ਨਿਗਮ ਵੀ ਮਜਬੂਰ ਹੈ ਕਿਉੱਕਿ ਆਵਾਰਾ ਪਸ਼ੂਆਂ ਦੇ ਮਾਲਕ ਨਿਗਮ ਕਰਮਚਾਰੀਆਂ ਤੇ ਹਮਲੇ ਕਰ ਦਿੰਦੇ ਹਨ ਤੇ ਇਸ ਸਬੰਧੀ ਨਿਗਮ ਦੇ ਕਮਿਸ਼ਨਰ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਪੁਲੀਸ ਮਾਮਲਾ ਦਰਜ ਨਹੀਂ ਕਰਦੀ। ਇਸ ਮੌਕੇ ਹੋਰਨਾਂ ਕੌਂਸਲਰਾਂ ਵੱਲੋੱ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਗਈ। ਕੌਂਸਲਰਾਂ ਵਲੋੱ ਇੱਕ ਇੱਕ ਕਰਕੇ ਆਪਣੇ ਵਾਰਡਾਂ ਦੇ ਮੁੱਦੇ ਵੀ ਚੁੱਕੇ ਜਾਂਦੇ ਰਹੇ।
ਮੀਟਿੰਗ ਦੌਰਾਨ ਦਰਖਤਾਂ ਦੀ ਛਾਂਗਾਈ ਲਈ ਖਰੀਦੀ ਗਈ ਪ੍ਰਸਿੰਗ ਮਸ਼ੀਨ ਦਾ ਮੁੱਦਾ ਵੀ ਉੱਠਿਆ ਅਤੇ ਕੌਂਸਲਰਾਂ ਵੱਲੋਂ ਇਸ ਮੁੱਦੇ ਤੇ ਮਤਾ ਪਾਸ ਕਰਨ ਦੀ ਮੰਗ ਕੀਤੀ ਗਈ। ਸ੍ਰੀ ਆਰਪੀ ਸ਼ਰਮਾ ਨੇ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋੱ ਜਾਣ ਬੁੱਝ ਕੇ ਨਿਗਮ ਵਲੋੱ ਪਾਸ ਕੀਤੇ ਮਤਿਆਂ ਤੇ ਰੋਕ ਲਗਾ ਕੇ ਸ਼ਹਿਰ ਕੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਖੜੀ ਕੀਤੀ ਜਾ ਰਹੀ ਹੈ। ਕੌਂਸਲਰ ਹਰਮਨਪ੍ਰੀਤ ਪ੍ਰਿੰਸ ਨੇ ਫੇਜ਼-3ਬੀ2 ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਚੁੱਕਦਿਆਂ ਇਸਦਾ ਚਾਰਜ ਗਮਾਡਾ ਤੋਂ ਲੈਣ ਦੀ ਮੰਗ ਕੀਤੀ ਜਿਸ ’ਤੇ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ। ਕੌਂਸਲਰ ਰੂਬੀ ਵੱਲੋਂ ਐਨ ਚੋਅ ਵਿੱਚ ਖੜ੍ਹੀਆਂ ਜੰਗਲੀ ਝਾੜੀਆਂ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ ਗਈ। ਅਕਾਲੀ ਕੌਸਲਰ ਸਤਵੀਰ ਸਿੰਘ ਧਨੋਆ ਨੇ ਫੇਜ਼-8 ਦੇ ਬੱਸ ਅੱਡੇ ਨੂੰ ਬੰਦ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੜ ਚਾਲੂ ਕਰਨ ਲਈ ਮਤਾ ਪਾਸ ਕਰਨ ਦੀ ਮੰਗ ਕੀਤੀ। ਇਸ ਗਹਿਮਾ ਗਹਿਮੀ ਦੇ ਮਾਹੌਲ ਵਿੱਚ ਮੀਟਿੰਗ ਵਿੱਚ ਪੇਸ਼ ਮਤੇ ਇੱਕ ਇੱਕ ਕਰਕੇ ਪਾਸ ਕਰ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…