ਲਾਂਡਰਾਂ ਟੀ-ਪੁਆਇੰਟ ’ਤੇ ਟਰੈਫ਼ਿਕ ਸਮੱਸਿਆ ਦੇ ਸਥਾਈ ਹੱਲ ਲਈ ਕਵਾਇਤ ਸ਼ੁਰੂ

ਲਖਨੌਰ ਤੋਂ ਲੈ ਕੇ ਫਤਹਿਗੜ੍ਹ ਸਾਹਿਬ ਮਾਰਗ ’ਤੇ ਰੇਲਵੇ ਕਰਾਸਿੰਗ ਤੱਕ ਸਿੱਧੀ ਬਣਾਈ ਜਾਵੇਗੀ ਚਹੁੰ ਮਾਰਗੀ ਸੜਕ: ਵਿਜੈ ਇੰਦਰ ਸਿੰਗਲਾ

ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂੁ ਵੱਲੋਂ ਲਾਂਡਰਾਂ ਟੀ-ਪੁਆਇੰਟ ਦਾ ਦੌਰਾ

ਸੜਕ ਨੂੰ ਚੌੜੀ ਕਰਨ ਸਬੰਧੀ ਬਣਾਈ ਯੋਜਨਾ ਦਾ ਜਾਇਜ਼ਾ ਲਿਆ, ਸਿੱਧੂ ਵੱਲੋਂ ਸਾਥੀ ਮੰਤਰੀ ਦੇ ਯਤਨਾਂ ਦੀ ਭਰਵੀਂ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਇੱਥੋਂ ਦੇ ਲਾਂਡਰਾਂ ਟੀ-ਪੁਆਇੰਟ ’ਤੇ ਟਰੈਫ਼ਿਕ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਨੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਇਸ ਸੜਕ ’ਤੇ ਜਾਮ ਦੀ ਸਮੱਸਿਆ ਨੂੰ ਖ਼ਤਮ ਕਰਕੇ ਲਖਨੌਰ ਤੋਂ ਫਤਹਿਗੜ੍ਹ ਸਾਹਿਬ ਮਰਗ ਤੋਂ ਲੰਘਦੀ ਰੇਲਵੇ ਲਾਈਨ ਤੱਕ ਸਿੱਧੀ ਚਹੁੰ ਮਾਰਗੀ ਸੜਕ ਬਣਾਈ ਜਾਵੇਗੀ। ਇਹ ਗੱਲ ਦਾ ਖੁਲਾਸਾ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ, ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਸਮੇਤ ਲਾਂਡਰਾਂ ਟੀ-ਪੁਆਇੰਟ ਦਾ ਦੌਰਾ ਕਰਨ ਮਗਰੋਂ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਇਸ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਉਲੀਕੀ ਯੋਜਨਾ ਦਾ ਜਾਇਜ਼ਾ ਲੈਂਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ 25.33 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਮੀ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 7.25 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ ਅਤੇ ਤੁਰੰਤ ਬਾਅਦ ਸੜਕ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਸਿੰਗਲਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ’ਤੇ ਤੁਰੰਤ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਸ੍ਰੀ ਸਿੰਗਲਾ ਨੇ ਕਿਹਾ ਕਿ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਨਿੱਠ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਲਾਂਡਰਾਂ ਟੀ-ਪੁਆਇੰਟ ’ਤੇ ਟਰੈਫ਼ਿਕ ਦੀ ਸਮੱਸਿਆ ਸਿਰਫ਼ ਮੁਹਾਲੀ ਵਾਸੀਆਂ ਦੀ ਸਮੱਸਿਆ ਨਹੀਂ ਹੈ, ਸਗੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਥੋਂ ਲੰਘਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਦੇ ਨਿਰਮਾਣ ਲਈ ਪਹਿਲਕਦਮੀ ਕਰਨ ਲਈ ਉਨ੍ਹਾਂ ਨੇ ਸਾਥੀ ਮੰਤਰੀ ਦੀ ਭਰਵੀਂ ਸ਼ਲਾਘਾ ਵੀ ਕੀਤੀ।
ਇਸ ਮੌਕੇ ਨੈਸ਼ਨਲ ਕਾਂਗਰਸ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ, ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਹਰਚੰਦ ਸਿੰਘ ਸਾਬਕਾ ਸਰਪੰਚ ਲਾਂਡਰਾਂ, ਜਗਦੀਸ਼ ਸਿੰਘ ਲਾਂਡਰਾਂ, ਮਨਜਿੰਦਰ ਸਿੰਘ ਬਿੱਟੂ, ਗੁਰਮਿੰਦਰ ਸਿੰਘ ਘੋਲਾ, ਨੰਬਰਦਾਰ ਦਿਲਬਾਗ ਸਿੰਘ, ਗੁਰਮੁੱਖ ਸਿੰਘ ਸਰਪੰਚ ਨਿਊ ਲਾਂਡਰਾਂ, ਸੁਖਵੰਤ ਸਿੰਘ, ਸੰਤ ਸਿੰਘ, ਜੀਐਸ ਰਿਆੜ, ਜੈ ਕ੍ਰਿਸ਼ਨ ਵਰਮਾ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਲਾਂਡਰਾਂ ਦੇ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…