ਸਿੱਖਿਆ ਮੰਤਰੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਨਾਲ ਮੰਗਾਂ ਸਬੰਧੀ ਮੀਟਿੰਗ, ਜਾਇਜ਼ ਮੰਗਾਂ ਮੰਨਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਮਈ:
ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਅੱਜ ਇੱਥੇ ਪੰਜਾਬ ਭਵਨ ਵਿੱਚ ਪੰਜਾਬ ਰਾਜ ਦੀਆਂ 24 ਅਧਿਆਪਕ ਜਥੇਬੰਦੀਆਂ ਦੇ ਇਸ ਸਾਂਝੇ ਮੋਰਚੇ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ-ਕਮ-ਵਾਇਸ ਚੇਅਰਮੈਨ ਸਿੱਖਿਆ ਬੋਰਡ ਅਤੇ ਸ. ਪਰਮਜੀਤ ਸਿੰਘ ਡੀ.ਪੀ.ਆਈ. (ਸੈਕੰਡਰੀ) ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਰਮਸਾ, ਐਸ.ਐਸ.ਏ. ਤੇ ਹੋਰ ਅਧਿਆਪਕਾਂ ਨੂੰ ਪੂਰੇ ਗਰੇਡ ਸਮੇਤ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ, ਵੱਖ ਵੱਖ ਕਾਡਰਾਂ ਉਤੇ ਤਾਇਨਾਤ ਅਧਿਆਪਕਾਂ ਦੀਆਂ ਤਰੱਕੀਆਂ, ਕੰਪਿਊਟਰ ਟੀਚਰਾਂ ਨੂੰ ਸਰਕਾਰ ਅਧੀਨ ਲੈਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਸਿੱਖਿਆ ਪ੍ਰੋਵਾਈਡਰਾਂ, ਪ੍ਰਾਈਵੇਟ ਤੇ ਜਨਤਕ ਭਾਈਵਾਲੀ ਨਾਲ ਚੱਲ ਰਹੇ ਆਦਰਸ਼ ਸਕੂਲਾਂ ਦੇ ਮਾਮਲੇ, ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਮਸਲੇ ਅਤੇ ਬਦਲੀਆਂ ਦੂਰ-ਦੁਰਾਡੇ ਹੋਣ ਬਾਰੇ ਵਿਚਾਰ ਕੀਤਾ ਗਿਆ।
ਮੀਟਿੰਗ ਮਗਰੋਂ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਅਤੇ ਪੰਜਾਬ ਵਿੱਚ ਵਿੱਦਿਅਕ ਮਾਹੌਲ ਨੂੰ ਜ਼ਿਆਦਾ ਉਸਾਰੂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਭ ਤੋਂ ਵੱਧ ਧਿਆਨ ਸਿੱਖਿਆ ਤੇ ਸਿਹਤ ਮਹਿਕਮੇ ਵੱਲ ਦਿੱਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਅਧਿਆਪਕ ਪੱਖੀ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਵਿਦੇਸ਼ ਜਾਣ ਦੀ ਛੁੱਟੀ, ਮਹਿਲਾ ਅਧਿਆਪਕਾਂ ਨੂੰ ਚਾਈਲਡ ਕੇਅਰ ਲੀਵ ਦੀ ਮਨਜ਼ੂਰੀ ਸਕੂਲ ਪੱਧਰ ’ਤੇ ਹੀ ਮਿਲਣੀ, 4-9-14 ਲਗਾਉਣ ਦਾ ਅਧਿਕਾਰ ਸਕੂਲ ਮੁਖੀ ਨੂੰ ਦੇਣਾ, ਪਰਖ ਕਾਲ ਸਮਾਂ ਪੂਰਾ ਹੋਣ ’ਤੇ ਮਿਲਣ ਵਾਲਾ ਪੱਤਰ ਸਕੂਲ ਮੁਖੀ ਵੱਲੋਂ ਜਾਰੀ ਕਰਨਾ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਇਕਲੌਤਾ ਵਿਭਾਗ ਹੈ ਜਿਸ ਦੇ ਅਧਿਆਪਕਾਂ ਲਈ ਮੈਡੀਕਲ ਛੁੱਟੀ ਦੇ ਨਿਯਮਾਂ ਵਿੱਚ ਅਧਿਆਪਕਾਂ ਦੀ ਮੰਗ ਅਨੁਸਾਰ ਬਦਲਾਅ ਕੀਤਾ ਗਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…