ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਤਿਹਾਸ ਨਾਲ ਜੋੜਨਾ ਜ਼ਰੂਰੀ: ਸਿੱਧੂ

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਬਾ (ਲੁਧਿਆਣਾ) ਤੋਂ ਚੱਪੜਚਿੜੀ ਤੱਕ ਫਤਹਿ ਮਾਰਚ ਕੱਢਿਆ

ਪਸ਼ੂ ਪਾਲਣ ਮੰਤਰੀ ਸਿੱਧ ਵੱਲੋਂ ਚੱਪੜਚਿੜੀ ਜੰਗੀ ਯਾਦਗਾਰ ਵਿੱਚ ਪੁੱਜਣ ’ਤੇ ਇਤਿਹਾਸਿਕ ਮਾਰਚ ਦਾ ਸ਼ਾਨਦਾਰ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਦੀ ਧਰਤੀ ਉੱਤੇ ਬੇਅੰਤ ਕੁਰਬਾਨੀਆਂ ਕਰਕੇ ਸ਼ਾਨਮੱਤਾ ਇਤਿਹਾਸ ਸਿਰਜਿਆ ਗਿਆ ਹੈ ਤੇ ਅੱਜ ਦੀ ਪੀੜ੍ਹੀ ਨੂੰ ਚੰਗੀ ਸੇਧ ਦੇਣ ਦੇ ਨਾਲ ਨਾਲ ਨਸ਼ਿਆਂ ਵਰਗੀਆਂ ਅਲ੍ਹਾਮਤਾਂ ਤੋਂ ਬਚਾਉਣ ਲਈ ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਲਾਜ਼ਮੀ ਹੈ। ਸ਼ਹੀਦਾਂ ਵੱਲੋਂ ਦਰਸਾਏ ਮਾਰਗ ਉੱਤੇ ਚੱਲ ਕੇ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਹ ਗੱਲ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਸਰਹਿੰਦ ਫਤਿਹ ਦਿਵਸ ਸਬੰਧੀ ਚੱਪੜਚਿੜੀ (ਐਸ.ਏ.ਐਸ. ਨਗਰ) ਸਥਿਤ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਕੱਢੇ ਗਏ ਇਤਿਹਾਸਿਕ ਮਾਰਚ ਦਾ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਨਾਲ ਜੋੜਨ ਦੇ ਮੰਤਵ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 14 ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਗੇਟ ਵੀ ਬਣਵਾਇਆ ਸੀ ਅਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਸਬੰਧੀ 16 ਅਕਤੂਬਰ ਦੀ ਰਾਖਵੀਂ ਛੁੱਟੀ ਵੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁਖੀ ਕ੍ਰਿਸ਼ਨ ਕੁਮਾਰ ਬਾਵਾ ਪਿਛਲੇ 30 ਸਾਲ ਤੋਂ ਵੱਖ ਵੱਖ ਸਮਾਗਮ ਕਰਵਾ ਕੇ ਲੋਕਾਂ ਨੂੰ ਪੰਜਾਬ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ ਦਾ ਸਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਦੀ ਜ਼ਾਲਮ ਹਕੂਮਤ ਨਾਲ ਜੂਝਦਿਆਂ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਜਿਸ ਧਰਤੀ ’ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਅੰਤ ਕੀਤਾ ਉਹ ਧਰਤੀ ਉਨ੍ਹਾਂ ਦੇ ਹਲਕੇ ਵਿੱਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਅਸਥਾਨ ਉਨ੍ਹਾਂ ਦੇ ਹਲਕੇ ਦੀ ਸ਼ਾਨ ਹੈ। ਇਸ ਤੋਂ ਪਹਿਲਾਂ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ (ਸਾਬਕਾ ਮੰਤਰੀ), ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਅਤੇ ਨਿਹੰਗ ਮੁਖੀ ਤਰਨਾਦਲ ਚੌਕ ਮਹਿਤਾ ਬਾਬਾ ਤਰਸੇਮ ਸਿੰਘ ਦੀ ਅਗਵਾਈ ਵਿੱਚ ਫਤਿਹ ਮਾਰਚ ਰਕਬਾ (ਲੁਧਿਆਣਾ) ਤੋਂ ਸਾਹਨੇਵਾਲ, ਦੋਰਾਹਾ, ਖੰਨਾ, ਗੋਬਿੰਦਗੜ੍ਹ ਤੋਂ ਗੁਰਦੁਆਰਾ ਜੋਤੀਸਰੂਪ ਫਤਿਹਗੜ੍ਹ ਸਾਹਿਬ ਵਿਖੇ ਪੁੱਜਿਆ ਅਤੇ ਇਸ ਤੋਂ ਉਪਰੰਤ ਹੰਸਾਲੀਵਾਲੇ ਮਹਾਂਪੁਰਸ਼ਾਂ ਦੇ ਅਸਥਾਨ ਤੇ ਹੁੰਦਾ ਹੋਇਆ ਇਤਿਹਾਸਿਕ ਸਥਾਨ ਚੱਪੜਚਿੜੀ ਵਿਖੇ ਪੁੱਜਿਆ, ਜਿਸ ਦਾ ਸਥਾਨਕ ਲੋਕਾਂ ਨੇ ਵੀ ਭਰਵਾਂ ਸਵਾਗਤ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਕਰਵਾਏ ਸਮਾਗਮ ਦੌਰਾਨ ਢਾਡੀ ਜਥਿਆਂ ਨੇ ਵਾਰਾਂ ਗਾਈਆਂ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਵੱਖ ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਫਾਊਂਡੇਸ਼ਨ ਵੱਲੋਂ ਕੈਬਨਿਟ ਮੰਤਰੀ ਸ. ਬਲਬੀਰ ਸਿੰਧ ਸਿੱਧੂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਸ. ਹਰਜੀਤ ਸਿੰਘ ਗਰੇਵਾਲ, ਇਤਿਹਾਸਕਾਰ ਡਾ. ਰਾਜ ਸਿੰਘ, ਜੋਰਾ ਸਿੰਘ ਚੱਪੜਚਿੜੀ, ਸਮਾਜ ਸੇਵੀ ਸੁਰਜੀਤ ਸਿੰਘ ਬਾਵਾ, ਇੰਦਰਜੀਤ ਸਿੰਘ ਅਤੇ ਫਾਊਂਡੇਸ਼ਨ ਦੇ ਹਰਿਆਣਾ ਦੇ ਪ੍ਰਧਾਨ ਉਮਰਾਓ ਸਿੰਘ, ਉਦੈ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜਥੇਦਾਰ ਸੁਰਜੀਤ ਸਿੰਘ ਮਾਣਕੀ, ਮਨੋਜ ਕਾਲੜਾ ਪ੍ਰਧਾਨ ਬੈਰਾਗੀ ਮਹਾਂਮੰਡਲ ਚੰਡੀਗੜ੍ਹ, ਕਰਨ ਸਿੰਘ ਪ੍ਰਧਾਨ ਹਰਿਆਣਾ ਬੈਰਾਗੀ ਸਭਾ, ਬਹਾਦਰ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਬਲਵੰਤ ਧਨੋਆ, ਮਨਜੀਤ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ ਫੌਜੀ, ਕਾਕਾ ਸਿੰਘ, ਅਜੀਤ ਸਿੰਘ, ਅਜੀਤ ਸਿੰਘ ਸਾਬਕਾ ਪੰਚ, ਅਜਾਇਬ ਸਿੰਘ ਸਾਬਕਾ ਪੰਚ, ਦੇਸ ਰਾਜ ਫੌਜੀ, ਹਰਭਜਨ ਸਿੰਘ ਇੰਸਪੈਕਟਰ, ਧਰਮਪਾਲ ਫੌਜੀ, ਗੁਰਮੇਲ ਸਿੰਘ ਫੌਜੀ, ਗੁਰਦੇਵ ਕੌਰ ਸਾਬਕਾ ਸਰਪੰਚ, ਨਿਰਮਲ ਸਿੰਘ ਪੰਡੋਰੀ, ਸਮੇਤ ਵੱਖ ਵੱਖ ਸਖ਼ਸੀਅਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…