ਝਿਊਰਹੇੜੀ ਮਾਮਲਾ: ਪੰਜਾਬ ਵਿਜੀਲੈਂਸ ਵੱਲੋਂ ਮੁਹਾਲੀ ਅਦਾਲਤ ਵਿੱਚ 10 ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਪੇਸ਼

ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਪੰਚ ਤੇ ਦਲਾਲਾਂ ਨੇ ਆਪਸ ਮਿਲ ਕੇ ਖੂਬ ਖਾਧੀ ਮਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਝਿਊਰਹੇੜੀ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਵਿੱਚ 10 ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਕੀਤਾ ਗਿਆ। ਜਿਨ੍ਹਾਂ ਵਿੱਚ ਏਡੀਸੀ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਮਾਲਵਿੰਦਰ ਸਿੰਘ ਸਿੱਧੂ ਤੇ ਜਤਿੰਦਰ ਸਿੰਘ ਢਿੱਲੋਂ, ਗਰਾਮ ਸੇਵਕ ਰਵਿੰਦਰ ਸਿੰਘ, ਝਿਊਰਹੇੜੀ ਦੇ ਅਕਾਲੀ ਸਰਪੰਚ ਗੁਰਪਾਲ ਸਿੰਘ, ਦਲਾਲ ਮੁਹੰਮਦ ਸੁਹੇਲ ਵਾਸੀ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮਿੱਤਲ ਟਰੇਡਰਜ਼ ਦੇ ਮਾਲਕਾਂ ਸੁਰਿੰਦਰਪਾਲ ਮਿੱਤਲ, ਉਸ ਦੇ ਪੁੱਤਰ ਵਿਨੀਤ ਮਿੱਤਲ ਅਤੇ ਜੀਤਪਾਲ ਮਿੱਤਲ ਤੇ ਇੱਕ ਹੋਰ ਸ਼ਾਮਲ ਹਨ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਇੱਕ ਹਜ਼ਾਰ ਤੋਂ ਵੱਧ ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ। ਜਿਸ ਵਿੱਚ 47 ਵਿਅਕਤੀਆਂ ਨੂੰ ਗਵਾਹ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਵਿਸਥਾਰ ਕਰਨ ਲਈ ਪਿੰਡ ਝਿਊਰਹੇੜੀ ਦੀ 306 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਜਿਸ ਵਿੱਚ ਕਰੀਬ 36 ਏਕੜ ਪੰਚਾਇਤ ਦੇਹ ਸ਼ਾਮਲ ਹੈ। ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ। ਇਹ ਰਕਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਨਿਗਰਾਨੀ ਹੇਠ ਰੱਖੀ ਗਈ ਸੀ ਪਰ ਸਾਲ 2013 ਵਿੱਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ ਗਈ। ਵਿਜੀਲੈਂਸ ਅਨੁਸਾਰ ਮੁਲਜ਼ਮਾਂ ਨੇ ਜ਼ਮੀਨ ਖਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ ’ਤੇ ਖਰੀਦ ਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਇਸ ਸਬੰਧੀ ਉਕਤ ਮੁਲਜ਼ਮਾਂ ਏਡੀਸੀ, ਬੀਡੀਪੀਓ ਅਤੇ ਗਰਾਮ ਸੇਵਕ ਸਮੇਤ ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੂਲੇਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਦਰਸ਼ਨ ਸਿੰਘ ਵਾਸੀ ਹੱਲੋਮਾਜਰਾ (ਯੂਟੀ), ਸਵਰਨ ਸਿੰਘ ਪਿੰਡ ਟਿਵਾਣਾ ਤਹਿਸੀਲ ਡੇਰਾਬੱਸੀ ਅਤੇ ਦਰਸ਼ਨ ਸਿੰਘ ਵਾਸੀ ਕੰਵਰਪੁਰ (ਊਕਸੀ ਜੱਟਾਂ) ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਧਾਰਾ 409, 420, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਏਡਸੀ ਗੁਰਬਿੰਦਰ ਸਿੰਘ ਸਰਾਓ, ਬੀਡੀਪੀਓ ਮਾਲਵਿੰਦਰ ਸਿੰਘ ਸਿੱਧੂ ਤੇ ਜਤਿੰਦਰ ਸਿੰਘ ਢਿੱਲੋਂ, ਗਰਾਮ ਸੇਵਕ ਰਵਿੰਦਰ ਸਿੰਘ, ਝਿਊਰਹੇੜੀ ਦੇ ਅਕਾਲੀ ਸਰਪੰਚ ਗੁਰਪਾਲ ਸਿੰਘ, ਦਲਾਲ ਮੁਹੰਮਦ ਸੁਹੇਲ ਵਾਸੀ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਮਿੱਤਲ ਟਰੇਡਰਜ਼ ਦੇ ਮਾਲਕਾਂ ਸੁਰਿੰਦਰਪਾਲ ਮਿੱਤਲ, ਉਸ ਦੇ ਪੁੱਤਰ ਵਿਨੀਤ ਮਿੱਤਲ ਅਤੇ ਜੀਤਪਾਲ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ’ਚੋਂ ਏਡੀਸੀ ਸਰਾਓ ਅਤੇ ਮਿੱਤਲ ਟਰੇਡਰਜ਼ ਦੇ ਮਾਲਕ ਪਿਊ ਪੁੱਤ ਤੇ ਪਾਟਨਰ ਭਰਾ ਦੀ ਜ਼ਮਾਨਤ ਹੋ ਗਈ ਹੈ। ਜਦੋਂਕਿ ਬਾਕੀ ਸਾਰੇ ਮੁਲਜ਼ਮ ਜੇਲ੍ਹ ਵਿੱਚ ਬੰਦ ਹਨ। ਮਿੱਤਲ ਫਰਮ ਦੇ ਪ੍ਰਬੰਧਕਾਂ ’ਤੇ ਆਰਸੀਸੀ ਬੈਂਚਾਂ ਦੀ ਖਰੀਦ ਮਾਮਲੇ ਵਿੱਚ ਗਰਾਮ ਪੰਚਾਇਤ ਝਿਊਰਹੇੜੀ ਨੂੰ 82 ਲੱਖ ਦਾ ਚੂਨਾ ਲਗਾਉਣ ਦਾ ਦੋਸ਼ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…