ਠੇਕੇਦਾਰ ਵੱਲੋਂ ਡੀਐਸਪੀ ’ਤੇ ਤਿੰਨ ਮੰਜ਼ਿਲਾਂ ਕੋਠੀ ਬਣਵਾ ਕੇ 28 ਲੱਖ 62 ਹਜ਼ਾਰ ਦੀ ਅਦਾਇਗੀ ਨਾ ਕਰਨ ਦਾ ਦੋਸ਼

ਜੇਕਰ ਪੈਸਿਆਂ ਦੀ ਅਦਾਇਗੀ ਨਾ ਹੋਈ ਤਾਂ ਡੀਐਸਪੀ ਦੀ ਕੋਠੀ ਅੱਗੇ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ: ਬਲਵਿਦਰ ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਮਕਾਨ ਉਸਾਰੀ ਦਾ ਕੰਮ ਕਰਨ ਵਾਲੇ ਇੱਕ ਠੇਕੇਦਾਰ ਰਣਜੀਤ ਸਿੰਘ ਵੱਲੋਂ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਪੁਲੀਸ ਦੇ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ’ਤੇ ਦੋਸ਼ ਲਗਾਇਆ ਹੈ ਕਿ ਡੀਐਸਪੀ ਵੱਲੋਂ ਉਸ ਕੋਲੋਂ ਸਥਾਨਕ ਸੈਕਟਰ-79 ਵਿੱਚ ਆਪਣੀ 12 ਮਰਲੇ ਦੀ ਕੋਠੀ ਦੀ ਉਸਾਰੀ ਕਰਵਾ ਕੇ ਹੁਣ ਉਸਦੀ 28 ਲੱਖ 62 ਹਜਾਰ ਰੁਪਏ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਬਲਕਿ ਉਲਟਾ ਉਸ ਨੂੰ ਪੁਲੀਸ ਦੀ ਵਰਦੀ ਦੀ ਧੌਂਸ ਦੇ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ।
ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਡੀਐਸਪੀ ਦੀ ਕੋਠੀ ਬਣਾਉਣ ਲਈ ਸਮੇਤ ਮੈਟੀਰੀਅਲ 775 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਠੇਕਾ ਕੀਤਾ ਸੀ ਅਤੇ ਇਸ ਦਾ ਬਕਾਇਦਾ ਐਗਰੀਮੈਂਟ ਵੀ ਡੀਐਸਪੀ ਨਾਲ ਹੋਇਆ ਸੀ। ਕੋਠੀ ਦਾ ਕੰਮ ਚਲਦਿਆਂ ਤੱਕ ਤਾਂ ਡੀਐਸਪੀ ਉਸ ਨੂੰ ਭੁਗਤਾਨ ਕਰਦਾ ਰਿਹਾ ਜਿਸ ਦੌਰਾਨ ਵੱਖ ਵੱਖ ਚੈੱਕਾਂ ਰਾਹੀਂ ਅਤੇ ਨਕਦ ਕੁੱਲ 30 ਲੱਖ 95 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ ਪ੍ਰੰਤੂ ਹੁਣ ਬਾਕੀ 28 ਲੱਖ 62 ਹਜ਼ਾਰ ਰੁਪਏ ਦਾ ਭੁਗਤਾਨ ਰੋਕ ਲਿਆ ਗਿਆ ਹੈ।
ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਡੀਐਸਪੀ ਕੋਲ ਪੈਸੇ ਮੰਗਣ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਡਰਾਉਣ ਧਮਕਾਉਣ ਲੱਗ ਜਾਂਦਾ ਹੈ ਕਿ ਉਹ ਉਸ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਵਿੱਚ ਫਸਾ ਦੇਵੇਗਾ। ਉਸਨੇ ਦੱਸਿਆ ਕਿ ਡੀਐਸਪੀ ਵੱਲੋਂ ਭੁਗਤਾਨ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਡੀਐਸਪੀ ਨੂੰ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਇਨੀਂ ਦਿਨੀਂ ਉਸ ਦੀ ਮਾਤਾ ਦੀਆਂ ਕਿਡਨੀਆਂ ਖਰਾਬ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਚੱਲ ਰਿਹਾ ਹੈ ਅਤੇ ਹਰ ਰੋਜ਼ ਮਾਤਾ ਜੀ ਦਾ ਡਾਇਲਸਿਸ ਕਰਵਾਉਣਾ ਪੈਂਦਾ ਹੈ। ਡੀਐਸਪੀ ਵੱਲੋਂ ਕੋਠੀ ਦੀ ਕੰਸਟਰੱਕਸ਼ਨ ਦੀ ਪੇਮੈਂਟ ਨਾ ਕੀਤੇ ਜਾਣ ਕਾਰਨ ਉਸ ਦੀ ਪ੍ਰੇਸ਼ਾਨੀ ਹੋਰ ਵੱਧ ਰਹੀ ਹੈ।
ਇਸ ਮੌਕੇ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੁੱਖ ਮੰਤਰੀ ਪੰਜਾਬ ਕੋਲੋੱ ਮੰਗ ਕੀਤੀ ਕਿ ਖੂਨ ਪਸੀਨੇ ਦੀ ਕਮਾਈ ਕਰਨ ਵਾਲੇ ਠੇਕੇਦਾਰ ਰਣਜੀਤ ਸਿੰਘ ਦੀ ਬਕਾਇਆ ਰਾਸ਼ੀ ਦਬਾਉਣ ਵਾਲੇ ਡੀਐਸਪੀ ਦੇ ਖ਼ਿਲਾਫ਼ ਸ਼ਖਤ ਕਾਰਵਾਈ ਕਰਦਿਆਂ ਠੇਕੇਦਾਰ ਦਾ ਭੁਗਤਾਨ ਤੁਰੰਤ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਵੇਂ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਪੁਲੀਸ ਉਤੇ ਹਰ ਵੇਲੇ ਲਗਾਮ ਕਸਣ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੇ ਪੁਲੀਸ ਅਫਸਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇਸ ਦੀ ਮਿਸਾਲ ਉਕਤ ਡੀਐਸਪੀ ਵੱਲੋਂ ਆਪਣੀ ਸੈਕਟਰ-79 ਵਿੱਚ ਪ੍ਰਾਈਵੇਟ ਠੇਕੇਦਾਰ ਤੋਂ ਬਣਵਾਈ ਤਿੰਨ ਮੰਜ਼ਿਲਾਂ ਕੋਠੀ ਦਾ ਲੱਖਾਂ ਰੁਪਏ ਦਾ ਭੁਗਤਾਨ ਨਾ ਕਰਨ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਜੇਕਰ ਡੀਐਸਪੀ ਨੇ ਠੇਕੇਦਾਰ ਰਣਜੀਤ ਸਿੰਘ ਨੂੰ ਬਕਾਇਆ ਰਾਸ਼ੀ 28 ਲੱਖ 62 ਹਜਾਰ ਰੁਪਏ ਦਾ ਤੁਰੰਤ ਭੁਗਤਾਨ ਨਾ ਕੀਤਾ ਤਾ ਫਰੰਟ ਵੱਲੋਂ ਠੇਕੇਦਾਰ ਨਾਲ ਮਿਲ ਕੇ ਡੀਐਸਪੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਜਿਹੜਾ ਬਕਾਇਆ ਰਾਸ਼ੀ ਦਾ ਭੁਗਤਾਨ ਕੀਤੇ ਜਾਣ ਤੱਕ ਜਾਰੀ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …