ਸੀਬੀਐਸਈ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ, ਮੁਹਾਲੀ ਦੇ ਸਕੂਲਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਮਾਨਵ ਮੰਗਲ ਸਮਾਰਟ ਸਕੂਲ ਦਾ ਸਮਰਪ੍ਰੀਤ ਸਿੰਘ 97.8 ਫੀਸਦੀ ਅੰਕ ਹਾਸਲ ਕਰਕੇ ਸ਼ਹਿਰ ਵਿੱਚ ਅੱਵਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਸੀਬੀਐਸਈ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਮਾਨਵ ਮੰਗਲ ਸਮਾਰਟ ਸਕੂਲ ਦੇ ਵਿਦਿਆਰਥੀ ਸਮਰਪ੍ਰੀਤ ਸਿੰਘ ਨੇ 500 ’ਚੋਂ 489 (97.8 ਫੀਸਦੀ) ਅੰਕ ਹਾਸਲ ਕੀਤੇ ਹਨ। ਸਮਰਪ੍ਰੀਤ ਸਿੰਘ ਵੱਡਾ ਹੋ ਕੇ ਆਈਆਈਟੀ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਅਤੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਉਹ ਕੜੀ ਮਿਹਨਤ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵਲੋੱ ਦਿੱਤੇ ਸਹਿਯੋਗ ਨੂੰ ਦਿੰਦਾ ਹੈ। ਪੁੱਤਰ ਦੀ ਇਸ ਪ੍ਰਾਪਤੀ ਤੇ ਖੁਸ਼ੀ ਨਾਲ ਖੀਵੇ ਹੋਏ ਉਸ ਦੇ ਪਿਤਾ ਮਨਮੋਹਨ ਸਿੰਘ ਸੱਗੂ (ਜੋ ਕੈਮਿਸਟ ਦੀ ਦੁਕਾਨ ਕਰਦੇ ਹਨ) ਅਤੇ ਮਾਤਾ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਮਾਣ ਹੈ। ਉਧਰ, ਇੱਥੋਂ ਦੇ ਫੇਜ਼-3ਏ ਦੀ ਵਸਨੀਕ ਜਸਲੀਨ ਕੌਰ ਨੇ 91 ਫੀਸਦੀ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾ ਰੋਸ਼ਨ ਕੀਤਾ ਹੈ। ਉਸ ਦੇ ਪਿਤਾ ਦਮਨਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਅਦਾਲਤ ਵਿੱਚ ਵਕੀਲ ਹਨ।
ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਬੇਦੀ ਨੇ ਦੱਸਿਆ ਕਿ ਸਕੂਲ ਦੇ 88 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ ਅਤੇ ਸਾਰੇ ਬੱਚੇ 90 ਤੋਂ 96 ਫੀਸਦੀ ਅੰਕ ਲੈ ਕੇ ਪਾਸ ਹੋਏ। ਕਰਨਪ੍ਰੀਤ ਸਿੰਘ ਨੇ 96.4 ਫੀਸਦੀ ਅੰਕਾਂ ਨਾਲ ਪਹਿਲਾਂ, ਸਰੇਆ ਅੱਤਰੀ 96 ਫੀਸਦੀ ਅੰਕਾਂ ਨਾਲ ਦੂਜਾ ਅਤੇ ਤਨੀਸ਼ਾ ਪਰਾਸ਼ਰ ਅਤੇ ਪ੍ਰਭਜੋਤ ਸਿੰਘ ਨੇ 95.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐਸ ਬੇਦੀ ਅਤੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਸੀਬੀਐਸਈ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਮੁਖੀ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 92 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਨੰਬਰ ਤੇ ਇਸ਼ਨੂਰ ਸਿੰਘ ਅਤੇ ਤੀਜੇ ਨੰਬਰ ਤੇ ਧਨਜੋਤ ਰਹੇ। ਸ੍ਰੀ ਸ਼ੇਰਗਿੱਲ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਸੀਬੀਐਸਈ ਵੱਲੋਂ ਲਈ ਗਈ ਦਸਵੀ ਜਮਾਤ ਦੀ ਪ੍ਰੀਖਿਆ ਦੌਰਾਨ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 71 ਵਿਦਿਆਰਥੀਆਂ ਨੇ 10 ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋੱ ਵਿਕਰਮ ਆਦਿਤਿਆ ਸਿੰਘ ਪਹਿਲੇ, ਅਮਨਦੀਪ ਕੌਰ ਦੂਜੇ ਅਤੇ ਸਿਮਰਨਜੀਤ ਕੌਰ ਤੀਜੇ ਸਥਾਨ ਤੇ ਰਹੀ। 71 ਵਿਦਿਆਰਥੀਆਂ 42 ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਪ੍ਰਾਪਤ ਕੀਤੀ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…