ਐਰੋਸਿਟੀ ਐਕਸਟੈਸ਼ਨ ਲਈ ਜ਼ਮੀਨ ਐਕਵਾਇਰ ਕਰਨ ਸਬੰਧੀ ਭੇਜੀਆਂ ਸਰਵੇ ਟੀਮਾਂ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ

ਮੁਹਾਲੀ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਗਮਾਡਾ ਟੀਮ ਬੇਰੰਗ ਪਰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਗਮਾਡਾ ਵੱਲੋਂ ਐਰੋਸਿਟੀ ਐਕਸਟੈਂਸ਼ਨ ਲਈ 5300 ਏਕੜ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਦਾ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੀ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਦਾ ਵਿਰੋਧ ਜਾਰੀ ਰਿਹਾ। ਇਸ ਸਬੰਧੀ ਅੱਜ ਪਿੰਡ ਬਾਕਰਪੁਰ ਅਤੇ ਬੜੀ ਵਿੱਚ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੇ ਆਪਦੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਗਮਾਡਾ ਵੱਲੋਂ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਸਰਵੇ ਟੀਮਾਂ ਨੂੰ ਬੇਰੰਗ ਪਰਤਣਾ ਪਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਗਮਾਡਾ ਵੱਲੋਂ ਪਿੰਡਾਂ ਦੀਆਂ ਜਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਦੌਰਾਨ ਮਨਮਰਜੀ ਨਾਲ ਲੈਂਡ ਪੁਲਿੰਗ ਅਤੇ ਨਕਦ ਮੁਆਵਜ਼ੇ ਦੀ ਨੀਤੀ ਬਣਾਈ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣਾ ਹੈ। ਉਹਨਾਂ ਨੂੰ ਨਾ ਤਾਂ ਪਲਾਟਾਂ ਦਾ ਕੋਈ ਫਾਇਦਾ ਹੁੰਦਾ ਹੈ ਅਤੇ ਨਾ ਹੀ ਗਮਾਡਾ ਵੱਲੋਂ ਜ਼ਮੀਨ ਦੀ ਬਣਦੀ ਕੀਮਤ ਅਦਾ ਕੀਤੀ ਜਾਂਦੀ ਹੈ। ਉਹਨਾਂ ਇਲਜਾਮ ਲਗਾਇਆ ਕਿ ਗਮਾਡਾ ਵੱਲੋਂ ਕਿਸਾਨਾਂ ਨਾਲ ਧੋਖੇਬਾਜ਼ੀ ਕਰਕੇ ਉਹਨਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਨੂੰ ਜ਼ਬਰਦਸਤੀ ਐਕਵਾਇਰ ਕਰਨ ਦਾ ਪੁਰਜੋਰ ਵਿਰੋਧ ਕਰਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਇਸਦੇ ਖ਼ਿਲਾਫ਼ ਅਦਾਲਤ ਵਿੱਚ ਵੀ ਜਾਣਗੇ।
ਇਸ ਮੌਕੇ ਪਿੰਡ ਬੜੀ ਦੇ ਮੱਖਣ ਸਿੰਘ ਬੈਦਵਾਨ, ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਗਿਆਨ ਸਿੰਘ, ਮਨਫੂਲ ਸਿੰਘ, ਗਿਆਨ ਸਿੰਘ ਤੇ ਦੀਦਾਰ ਸਿੰਘ ਅਤੇ ਪਿੰਡ ਬਾਕਰਪੁਰ ਦੇ ਭੁਪਿੰਦਰ ਸਿੰਘ, ਜਤਿੰਦਰ ਸਿੰਘ, ਹਰਨੇਕ ਸਿੰਘ ਅਮਰ ਸਿੰਘ ਅਤੇ ਸੇਵਾ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਉਹ ਗਮਾਡਾ ਨੂੰ ਕੌਡੀਆ ਦੇ ਭਾਅ ਆਪਣੀ ਇੱਕ ਇੰਚ ਵੀ ਜ਼ਮੀਨ ਨਹੀਂ ਦੇਣਗੇ। ਜ਼ਿਆਦਾਤਰ ਕਿਸਾਨਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਅਵਾਈ ਅੱਡੇ ਨੇੜਿਓਂ ਉੱਜੜਨਾ ਨਹੀਂ ਚਾਹੁੰਦੇ ਹਨ। ਕਿਸਾਨਾਂ ਨੇ ਕਿਹਾ ਕਿ ਗਮਾਡਾ ਵੱਲੋਂ ਐਰੋਸਿਟੀ ਦੇ ਵਿਸਥਾਰ ਲਈ ਕਰੀਬ 5300 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਕਿਸਾਨਾਂ ਨੇ ਦੱਸਿਆ ਕਿ 10 ਸਾਲ ਪਹਿਲਾਂ ਐਰੋਸਿਟੀ ਲਈ ਢਾਈ ਤੋਂ 3 ਕਰੋੜ ਅਤੇ ਇਸ ਤੋਂ ਪਹਿਲਾਂ ਹਵਾਈ ਅੱਡੇ ਲਈ ਡੇਢ ਕਰੋੜ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਸੀ ਲੇਕਿਨ ਹੁਣ ਸਰਕਾਰ ਗਮਾਡਾ ਰਾਹੀਂ ਮਹਿਜ਼ 35 ਤੋਂ 40 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਜਬਰਦਸਤੀ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ।
ਮੱਖਣ ਸਿੰਘ ਬੈਦਵਾਨ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਗਮਾਡਾ ਵੱਲੋਂ ਵੱਖ ਵੱਖ ਪ੍ਰਾਜੈਕਟਾਂ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ। ਜਿਨ੍ਹਾਂ ’ਚੋਂ ਕਾਫੀ ਹਾਲੇ ਵੀ ਸੋਅਰੂਮਾਂ ਦਾ ਕਬਜ਼ਾ ਲੈਣ ਨੂੰ ਤਰਸ ਰਹੇ ਹਨ ਅਤੇ ਮਾਰਕੀਟ ਰੇਟ ਅਨੁਸਾਰ ਯੋਗ ਮੁਆਵਜ਼ਾ ਲੈਣ ਲਈ ਅਦਾਲਤਾਂ ਵਿੱਚ ਕੇਸ ਵਿਚਾਰ ਅਧੀਨ ਹਨ ਅਤੇ ਕਈ ਮਾਮਲਿਆਂ ਵਿੱਚ ਅਦਾਲਤਾਂ ਨੇ ਗਮਾਡਾ ਨੂੰ ਮਾਰਕੀਟ ਭਾਅ ਅਨੁਸਾਰ ਮੁਆਵਜ਼ਾ ਦੇਣ ਅਤੇ ਯੋਗ ਮੁਆਵਜ਼ਾ ਨਾ ਦੇਣ ਦੇ ਦੋਸ਼ ਵਿੱਚ ਗਮਾਡਾ ਦੀ ਇਮਾਰਤ ਅਤੇ ਫਰਨੀਚਰ ਵਗੈਰਾ ਅਟੈਚ ਕਰਨ ਦੇ ਫੈਸਲੇ ਸੁਣਾਏ ਜਾ ਚੁੱਕੇ ਹਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…