ਜਲ ਸੰਕਟ: ਕੰਬਾਲਾ ਨੇ ਲੋਕਾਂ ਵੱਲੋਂ ਧਰਮਗੜ੍ਹ ਵਿੱਚ ਪੰਪ ਅਪਰੇਟਰ ’ਤੇ ਜਾਨਲੇਵਾ ਹਮਲਾ, ਲੱਤਾਂ ਬਾਂਹਾ ਤੋੜੀਆਂ

ਜਲ ਸਪਲਾਈ ਮੁਲਾਜ਼ਮ ਯੂਨੀਅਨ ਵੱਲੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ, ਕੰਡਾਲਾ ਨੂੰ ਪਾਣੀ ਸਪਲਾਈ ਨਾ ਦੇਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸ਼ਹਿਰੀ ਖੇਤਰ ਅਤੇ ਨੇੜਲੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਚੱਲਦਿਆਂ ਗਰਮੀ ਵਿੱਚ ਲੋਕਾਂ ਦਾ ਪਾਰਾ ਵਧਦਾ ਜਾ ਰਿਹਾ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਧਰਮਗੜ੍ਹ ਸਥਿਤ ਜਲ ਸਪਲਾਈ ਘਰ ਵਿੱਚ ਤਾਇਨਾਤ ਪੰਪ ਅਪਰੇਟਰ ਰਾਮ ਪ੍ਰਸ਼ਾਦ ’ਤੇ ਲੰਘੀ ਦੇਰ ਰਾਤ ਪਿੰਡ ਕੰਡਾਲਾ ਦੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਰਾਮ ਪ੍ਰਸ਼ਾਦ ਦੀ ਇੱਕ ਲੱਤ ਟੁੱਟ ਗਈ ਹੈ ਅਤੇ ਦੂਜੀ ਲੱਤ ਅਤੇ ਬਾਹਾਂ ਅਤੇ ਸਿਰ ਵਿੱਚ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ। ਉਸ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਕੰਡਾਲਾ ਦੇ ਵਸਨੀਕ ਸਤਵੀਰ ਸਿੰਘ, ਮਨਦੀਪ ਸਿੰਘ, ਬਲਬੀਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323, 324,354,183,34 ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਸੋਹਾਣਾ ਦੇ ਐਸਐਚਓ ਮਨਜੀਤ ਸਿੰਘ ਨੇ ਇਸ ਸਬੰਧੀ ਸੰਪਰਕ ਕਰਨ ਤੇ ਦੱਸਿਆ ਕਿ ਪੁਲੀਸ ਵੱਲੋਂ ਹਮਲੇ ਵਿੱਚ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪੀੜਤ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਲ ਸਪਲਾਈ ਘਰ ਦੀ ਮੋਟਰ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਸੀ। ਇਸ ਸਬੰਧੀ ਸਰਪੰਚ ਗਿਆਨ ਸਿੰਘ ਅਤੇ ਹੋਰ ਪਿੰਡ ਵਾਸੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲੇ ਸੀ। ਜਿਨ੍ਹਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਨਵੀਆਂ ਮੋਟਰਾਂ ਲਗਾਉਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਤੋਂ ਲੈ ਕੇ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਨਵੀਆਂ ਮੋਟਰਾਂ ਅਤੇ ਪੰਪ ਫਿੱਟ ਕਰਨ ਵਿੱਚ ਲੱਗੇ ਹੋਏ ਸਨ ਅਤੇ ਰਾਤ ਨੂੰ ਕਰੀਬ 8 ਵਜੇ ਇਹ ਕੰਮ ਨੇਪਰੇ ਚੜ੍ਹਿਆ ਪ੍ਰੰਤੂ ਬਦਕਿਸਮਤੀ ਨਾਲ ਸਵਾ 8 ਵਜੇ ਪਾਵਰ ਬਿਜਲੀ ਸਪਲਾਈ ਗੁੱਲ ਹੋ ਗਈ ਅਤੇ ਰਾਤ ਕਰੀਬ ਸਾਢੇ 10 ਵਜੇ ਬਿਜਲੀ ਆਉਣ ’ਤੇ ਮੋਟਰ ਚਾਲੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ 10 ਵਜੇ ਅਤੇ ਅੱਧੀ ਰਾਤ 12 ਵਜੇ ਫਿਰ ਪਿੰਡ ਕੰਡਾਲਾ ਦੇ ਕੁਝ ਵਿਅਕਤੀ ਉੱਥੇ ਆਏ ਅਤੇ ਅਪਰੇਟਰ ਨੂੰ ਪਾਣੀ ਛੱਡਣ ਲਈ ਜ਼ੋਰ ਪਾਉਣਗੇ। ਇਸ ’ਤੇ ਰਾਮ ਪ੍ਰਸ਼ਾਦ ਨੇ ਕਿਹਾ ਕਿ ਪਹਿਲਾਂ ਟੈਂਕੀ ਭਰ ਲੈਣ ਦਿਓ। ਅਪਰੇਟਰ ਨੇ ਭਰੋਸਾ ਦਿੱਤਾ ਕਿ ਸਵੇਰੇ ਉਨ੍ਹਾਂ ਦੇ ਉੱਠਣ ਤੋਂ ਪਹਿਲਾਂ ਤੜਕੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਤਰ੍ਹਾਂ ਉਹ ਉੱਥੇ ਚਲੇ ਗਏ ਲੇਕਿਨ 20 ਕੁ ਮਿੰਟ ਬਾਅਦ ਉਹ ਦੁਬਾਰਾ ਫਿਰ ਉਥੇ ਪਹੁੰਚ ਗਏ ਅਤੇ ਰਾਮ ਪ੍ਰਸ਼ਾਦ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਮੂੰਹ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਹਮਲਾਵਰ ਉਸ ਨੂੰ ਅੱਧ ਮਰਿਆ ਕਰਕੇ ਉੱਥੋਂ ਫਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਹੋਸ਼ ਆਉਣ ’ਤੇ ਅਪਰੇਟਰ ਨੇ ਪਿੰਡ ਦੇ ਸਰਪੰਚ ਗਿਆਨ ਸਿੰਘ ਨੂੰ ਫੋਨ ’ਤੇ ਇਤਲਾਹ ਦਿੰਦਿਆਂ ਉਸ ਦੀ ਜਾਨ ਬਚਾਉਣ ਦੀ ਗੁਹਾਰ ਲਗਾਈ। ਇਸ ਮਗਰੋਂ ਸਰਪੰਚ ਨੇ ਆਪਣੇ ਭਰਾ ਸੁਰਿੰਦਰ ਸਿੰਘ ਅਤੇ ਦੋ ਪੰਚਾਇਤ ਮੈਂਬਰਾਂ ਲਖਵੀਰ ਸਿੰਘ ਅਤੇ ਵਿਜੇ ਕੁਮਾਰ ਨੂੰ ਜਗਾਇਆ ਅਤੇ ਜ਼ਖ਼ਮੀ ਰਾਮ ਪ੍ਰਸ਼ਾਦ ਨੂੰ ਸੈਕਟਰ-16, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਇਲਾਜ ਕਰਵਾਉਣਾ ਹੈ ਤਾਂ ਉਹ ਹਸਪਤਾਲ ਵਿੱਚ ਦਾਖ਼ਲ ਕਰ ਲੈਣਗੇ। ਜੇਕਰ ਉਹ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਮੁਹਾਲੀ ਜਾ ਕੇ ਦਾਖ਼ਲ ਹੋਣਾ ਪਵੇਗਾ। ਇਸ ਤਰ੍ਹਾਂ ਰਾਮ ਪ੍ਰਸ਼ਾਦ ਨੂੰ ਮੁਹਾਲੀ ਦਾਖ਼ਲ ਕਰਵਾਇਆ ਗਿਆ।
ਉਧਰ, ਅਕਾਲੀ ਦਲ ਐਸਸੀ ਵਿੰਗ ਦੇ ਸਰਕਲ ਪ੍ਰਧਾਨ ਪ੍ਰੇਮ ਸਿੰਘ ਝਿਊਰਹੇੜੀ, ਗੁਰਦੇਵ ਸਿੰਘ ਭੁੱਲਰ ਅਤੇ ਹੋਰਨਾਂ ਨੇ ਉਕਤ ਘਟਨਾ ਨੂੰ ਮੰਦਭਾਗਾ ਦੱਸਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਲ ਸੰਕਟ ਦੀ ਸਮੱਸਿਆ ਦੌਰਾਨ ਉਹ ਜ਼ਾਬਤੇ ਵਿੱਚ ਰਹਿਣ ਅਤੇ ਆਪੇ ਤੋਂ ਬਾਹਰ ਨਾ ਹੋਣ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਧਾਰਾ 307 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਜਾਵੇ।
ਉਧਰ, ਪੰਜਾਬ ਸਟੇਟ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਸੁਖਚੈਨ ਸਿੰਘ ਅਤੇ ਪੰਪ ਅਪਰੇਟਰ ਗੁਰਮੀਤ ਸਿੰਘ ਨੇ ਪੁਲੀਸ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਨੇ ਹਮਲਾਵਰਾਂ ਦੇ ਖ਼ਿਲਾਫ਼ ਨਰਮ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਜਦੋਂਕਿ ਰਾਮ ਪ੍ਰਸ਼ਾਦ ਦੀ ਇੱਕ ਲੱਤ ਟੁੱਟ ਗਈ ਹੈ ਅਤੇ ਦੂਜੀ ਲੱਤ ਅਤੇ ਬਾਹਾਂ ਅਤੇ ਸਿਰ ਵਿੱਚ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ। ਉਹ ਹਾਲੇ ਵੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜੇਰੇ ਇਲਾਜ ਹੈ। ਇਸ ਲਿਹਾਜ਼ ਨਾਲ ਹਮਲਾਵਰਾਂ ਦੇ ਖ਼ਿਲਾਫ਼ ਧਾਰਾ 307 ਤਹਿਤ ਇਰਾਦਾ-ਏ-ਕਤਲ ਅਤੇ ਲੱਤ ਤੋੜਨ ਦੇ ਦੋਸ਼ ਵਿੱਚ ਧਾਰਾ 326 ਦਰਜ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਦੇ ਚੱਲਦਿਆਂ ਜਲ ਘਰਾਂ ਵਿੱਚ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਉਧਰ, ਪੰਪ ਅਪਰੇਟਰ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੇ ਰੋਸ ਵਜੋ ਅੱਜ ਦੂਜੇ ਦਿਨ ਵੀ ਹਮਲਾਵਰਾਂ ਦੇ ਪਿੰਡ ਕੰਡਾਲਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤੀ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਧਰਾਵਾਂ ਨਹੀਂ ਜੋੜੀਆਂ ਜਾਂਦੀਆਂ। ਉਦੋਂ ਤੱਕ ਕੰਡਾਲਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਅਪੀਲ ’ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੰਡਾਲਾ ਪਿੰਡ ਨੂੰ ਪਾਣੀ ਦੀ ਸਪਲਾਈ ਦੇਣ ਲਈ ਆਖਿਆ ਗਿਆ ਹੈ ਪ੍ਰੰਤੂ ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦਾ ਗੁੱਸਾ ਹਾਲੇ ਠੰਢਾ ਨਹੀਂ ਹੋਇਆ ਹੈ ਅਤੇ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਕੰਡਾਲਾ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…