ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲੇਗਾ ਸਨਮਾਨ: ਕ੍ਰਿਸ਼ਨ ਕੁਮਾਰ

ਦੋ ਤੋਂ 10 ਲੱਖ ਰੁਪਏ ਦੀ ਰਾਸ਼ੀ ਮਿਲੇਗਾ,, ਅਧਿਆਪਕਾਂ ਵਿਚਾਲੇ ਉਸਾਰੂ ਮੁਕਾਬਲੇ ਦੀ ਭਾਵਨਾ ਨੂੰ ਮਿਲੇਗਾ ਉਤਸ਼ਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪੰਜਾਬ ਦੇ ਬਹੁਤ ਸਾਰੇ ਸਕੂਲ ਅਧਿਆਪਕਾਂ ਵੱਲੋਂ ਆਪਣੇ ਪੱਧਰ ਉਤੇ ਕੀਤੀਆਂ ਉਸਾਰੂ ਕੋਸ਼ਿਸ਼ਾਂ ਨਾਲ ਸਕੂਲ ਸਿੱਖਿਆ ਦੇ ਢਾਂਚੇ ਵਿੱਚ ਲਿਆਂਦੀਆਂ ਗਈਆਂ ਬਿਹਤਰੀਨ ਤਬਦੀਲੀਆਂ ਨੂੰ ਪਛਾਣ ਦੇਣ ਲਈ ਰਾਜ ਸਰਕਾਰ ਨੇ ਸਕੂਲਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਨਿਵੇਕਲੀ ਪਹਿਲ ਦਾ ਮੰਤਵ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲੀ ਸਿੱਖਿਆ ਵਿੱਚ ਮਿਆਰੀ ਸੁਧਾਰ ਅਤੇ ਸਕੂਲਾਂ ਵਿਚਾਲੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ, ਜਿਸ ਤਹਿਤ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਨੂੰ ਐਵਾਰਡ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀ ਤਹਿਤ ਹਰੇਕ ਜ਼ਿਲ੍ਹੇ ਵਿੱਚ ਇਕ ਬਲਾਕ, ਇਕ ਮਿਡਲ, ਇਕ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ਉਤੇ ਚੁਣਿਆ ਜਾਵੇਗਾ। ਇਸ ਵਿੱਚੋਂ ਚੁਣੇ ਪ੍ਰਾਇਮਰੀ ਸਕੂਲ ਨੂੰ ਅਕਾਦਮਿਕ ਸੈਸ਼ਨ ਖ਼ਤਮ ਹੋਣ ਉਤੇ 2 ਲੱਖ ਰੁਪਏ, ਮਿਡਲ ਸਕੂਲ ਨੂੰ ਪੰਜ ਲੱਖ ਰੁਪਏ, ਹਾਈ ਸਕੂਲ ਨੂੰ 7.5 ਲੱਖ ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਮਿਲਣਗੇ। ਇਸ ਫੰਡ ਦੀ ਵਰਤੋਂ ਸਕੂਲਾਂ ਵਿੱਚ ਸਿੱਖਿਆ ਤੇ ਸਹੂਲਤਾਂ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਕੀਤੀ ਜਾਵੇਗੀ। ਇਸ ਪਹਿਲਕਦਮੀ ਅਧੀਨ ਸਕੂਲਾਂ ਦੀ ਚੋਣ ਦਾ ਪੈਮਾਨਾ ਉਨ੍ਹਾਂ ਦੇ ਨਤੀਜੇ, ਬੁਨਿਆਦੀ ਢਾਂਚਾ, ਸਹਿ-ਵਿੱਦਿਅਕ ਗਤੀਵਿਧੀਆਂ, ਹਾਜ਼ਰੀ ਅਤੇ ਉੱਘੀਆਂ ਸ਼ਖ਼ਸੀਅਤਾਂ ਦੇ ਦੌਰੇ ਆਦਿ ਨੂੰ ਬਣਾਇਆ ਜਾਵੇਗਾ। ਸਰਕਾਰ ਵੱਲੋਂ ਰਾਜ ਦੇ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਇਸ ਮੁਹਿੰਮ ਦਾ ਖਾਕਾ ਉਲੀਕਿਆ ਗਿਆ ਹੈ ਤਾਂ ਜੋ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਆਧੁਨਿਕਤਾ ਦੀ ਪੁੱਠ ਚਾੜ੍ਹੀ ਜਾ ਸਕੇ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਖਿੱਚਿਆ ਜਾ ਸਕੇ।
ਇਸ ਮੁਹਿੰਮ ਤਹਿਤ ਬੱਚਿਆਂ ਵਿੱਚ ਵੀ ਮੁਕਾਬਲੇ ਦੀ ਭਾਵਨਾ ਭਰੀ ਜਾਵੇਗੀ, ਜੋ ਮੌਜੂਦਾ ਯੁੱਗ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੀ ਸਫ਼ਲਤਾ ਵਿੱਚ ਸਹਾਈ ਹੋਵੇਗੀ। ਇਸ ਤੋਂ ਪਹਿਲਾਂ ਵਿਭਾਗ ਨੇ ਕਾਗਜ਼ੀ ਕਾਰਵਾਈ ਖ਼ਤਮ ਕਰਨ ਅਤੇ ਅਧਿਆਪਕਾਂ ਦੀ ਖੱਜਲ ਖੁਆਰੀ ਰੋਕਣ ਲਈ ਛੁੱਟੀਆਂ ਦੇ ਕੰਮ ਨੂੰ ਆਨਲਾਈਨ ਕਰ ਦਿੱਤਾ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਇਸ ਪਹਿਲਕਦਮੀ ਨੂੰ ਸਕੂਲੀ ਸਿੱਖਿਆ ਦਾ ਮੌਜੂਦਾ ਸਰੂਪ ਬਦਲਣ ਵਾਲੀ ਕਰਾਰ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਾਲਿਆਂ ਨੂੰ ਸਨਮਾਨ ਮਿਲਣ ਨਾਲ ਅਧਿਆਪਕਾਂ ਵਿੱਚ ਉਸਾਰੂ ਮੁਕਾਬਲਾ ਸ਼ੁਰੂ ਹੋਵੇਗਾ, ਜਿਸ ਨਾਲ ਸਿੱਖਿਆ ਦੀ ਬਿਹਤਰੀ ਦੀ ਦਿਸ਼ਾ ਵਿੱਚ ਪੰਜਾਬ ਵੱਡੀ ਪੁਲਾਂਘ ਭਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਸਿੱਖਿਆ ਵਿੱਚ ਬੁਨਿਆਦੀ ਸੁਧਾਰ ਲਈ ਯਤਨਸ਼ੀਲ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…