ਜ਼ਿਲ੍ਹਾ ਮੁਹਾਲੀ ਵਿੱਚ ਆਮ ਲੋਕਾਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ: ਗੁਰਅਮਨਪ੍ਰੀਤ ਸਿੰਘ

‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਵੱਲੋਂ ਮੁਫ਼ਤ ਬੂਟੇ ਵੰਡਣ ਦੀ ਸ਼ੁਰੂਆਤ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਮੁਹਾਲੀ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਿਸ਼ਨ ਤੰਦਰੁਸਤ ਤਹਿਤ ਲੋਕਾਂ ਨੂੰ ਚੰਗੀ ਸਿਹਤ, ਸਾਫ਼ ਹਵਾ, ਸਵੱਛ ਵਾਤਾਵਰਣ ਪ੍ਰਦਾਨ ਕਰਨ ਦੇ ਮੱਦੇਨਜ਼ਰ ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਦੀ ਸਵੱਛਤਾ ਲਈ ਜ਼ਿਲ੍ਹੇ ਵਿਚ ਵੱਧ ਤੋ ਵੱਧ ਰੁੱਖ ਲਗਾਏ ਜਾਣਗੇ ਅਤੇ ਰੁੱਖਾਂ ਦੀ ਸਾਂਭ ਸੰਭਾਲ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਨੇ ਸਵੱਛ ਵਾਤਾਵਰਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਲੋਕਾਂ ਨੂੰ ਮੁਫ਼ਤ ਪੌਦੇ ਵੰਡ ਕੇ ਕਰਨ ਉਪਰੰਤ ਦਿੱਤੀ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਅਜੌਕੇ ਯੁੱਗ ਵਿਚ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਰੁੱਖਾਂ ਦੀ ਅੰਨੇਵਾਹ ਕਟਾਈ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਠੱਲ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਹਰਿਆਲੀ ਮਿਸ਼ਨ ਤਹਿਤ ਇਸ ਸਾਲ 20 ਲੱਖ ਬੂਟੇ ਲਾਏ ਜਾਣਗੇ ਅਤੇ ਕਿਸਾਨਾਂ ਨੂੰ ਮੁੱਲਾਂਪੁਰ ਸਥਿਤ ਵਣ ਵਿਭਾਗ ਦੀ ਨਰਸਰੀ ਤੋਂ ਚੰਦਨ ਦੇ ਬੂਟੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਖਰੜ, ਬਹੇੜਾ, ਆਵਲਾ, ਨਿੰਮ, ਤੂਤ, ਪਿੱਪਲ ਜਾਮਣ ਕਿੱਕਰ ਆਦਿ ਦੇ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਵਾਸੀ ਨੂੰ ਘਰ-ਘਰ ਹਰਿਆਲੀ ਸਕੀਮ ਤਹਿਤ ਆਪਣੇ ਘਰ ਜਾਂ ਆਲੇ ਦੁਆਲੇ ਰੁੱਖ ਲਗਾਉਣ ਲਈ ਵੀ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਜ਼ਿਲ੍ਹਾ ਜੰਗਲਾਤ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੜਕਾਂ ਦੇ ਕਿਨਾਰਿਆਂ ਦੇ ਦੁਆਲੇ ਅਤੇ ਖਾਸ ਤੌਰ ’ਤੇ ਸਕੂਲਾਂ ਹੋਰ ਵਿੱਦਿਅਕ ਸੰਸਥਾਵਾਂ, ਪੰਚਾਇਤਾਂ ਨਗਰ ਨਿਗਮ, ਨਗਰ ਕੌਂਸਲਾਂ ਵਿਖੇ ਵੀ ਢੁੱਕਵੀਆਂ ਥਾਵਾਂ ’ਤੇ ਰੁੱਖ ਲਗਾਏ ਜਾਣਗੇ। ਇਸ ਤੋਂ ਇਲਾਵਾ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ।
ਸ੍ਰੀ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10.75 ਫੀਸਦੀ ਰਕਬਾ ਵਣਾਂ ਹੇਠ ਹੈ ਅਤੇ ਕੁਦਰਤੀ ਵਣ ਰਕਬੇ ਦਾ ਤਕਰੀਬਨ 10 ਹਜ਼ਾਰ ਹੈਕਟੇਅਰ ਰਕਬਾ ਪਹਾੜੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਖਰੜ, ਸੋਤਲ, ਮੁੱਲਾਂਪੁਰ ਗ਼ਰੀਬਦਾਸ, ਸੁਲਤਾਨਪੁਰ, ਸਿਉਂਕ, ਪੀਰਸੋਹਾਣਾ, ਸ਼ਾਮਪੁਰ ਅਤੇ ਪਲਣਪੁਰ ਵਿਖੇ ਵਣ ਵਿਭਾਗ ਦੀਆਂ ਨਰਸਰੀਆਂ ਹਨ, ਜਿੱਥੋਂ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ ਵੱਖ ਕਿਸਮ ਦੇ ਬੂਟੇ ਦਿੱਤੇ ਜਾਂਦੇ ਹਨ। ਇਨ੍ਹਾਂ ਬੂਟਿਆਂ ਵਿੱਚ ਫ਼ਲ ਅਤੇ ਫੁਲਦਾਰ ਬੂਟਿਆਂ ਦੇ ਨਾਲ ਨਾਲ ਪੰਜਾਬ ਦੇ ਰਿਵਾਇਤੀ ਬੂਟੇ ਮੁਫ਼ਤ ਦਿੱਤੇ ਜਾਂਦੇ ਹਨ। ਇਸ ਮੌਕੇ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…