ਮੁਹਾਲੀ ਵਿੱਚ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ ਈਦ ਉਲ ਫਿਤਰ

ਪਿੰਡ ਸਨੇਟਾ ਵਿੱਚ ਈਦ ਮੌਕੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨੇਦ ਖਾਨ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਕਿਹਾ। ਸਥਾਨਕ ਫੇਜ਼-11 ਦੀ ਮਸਜਿਦ, ਇਤਿਹਾਸਿਕ ਪਿੰਡ ਸੋਹਾਣਾ ਦੀ ਮਸਜਿਦ ਅਤੇ ਇਲਾਕੇ ਦੀਆਂ ਹੋਰਨਾਂ ਮਸਜਿਦਾਂ ਵਿੱਚ ਵੀ ਅੱਜ ਈਦ ਉਲ ਫਿਤਰ ਦੀ ਨਮਾਜ ਅਦਾ ਕੀਤੀ ਗਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਲੱਗ ਕੇ ਇਕ ਦੂਜੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ।
ਇਸੇ ਤਰਾਂ ਪਿੰਡ ਸਨੇਟਾ ਵਿੱਚ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨੇਦ ਰਜਾ ਖਾਨ ਨੇ ਵੀ ਈਦ ਦੀ ਨਮਾਜ ਅਦਾ ਕੀਤੀ। ਇਸ ਮੌਕੇ ਜਨੇੇਦ ਖਾਨ ਨੇ ਕਿਹਾ ਕਿ ਰਮਜਾਨ ਦਾ ਮਹੀਨਾ ਬਖਸ਼ਿਸ਼ਾਂ ਦਾ ਮਹੀਨਾ ਹੁੰਦਾ ਹੈ, ਇਸ ਲਈ ਇਸਲਾਮ ਵਿੱਚ ਰਮਜਾਨ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਰਮਜਾਨ ਦੇ ਮਹੀਨੇ ਦੇ ਅੰਤਲੇ ਦਿਨ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਅਨਵਰ ਹੁਸੈਨ ਚੇਅਰਮੈਨ ਘੱਟ ਗਿਣਤੀਆਂ ਸੈਲ ਕਾਂਗਰਸ ਜ਼ਿਲ੍ਹਾ ਮੁਹਾਲੀ ਨੇ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਇਸ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਇਕ ਦੂਜੇ ਨੂੰ ਗਲੇ ਲਗਾ ਕੇ ਈਦ ਮੁਬਾਰਕ ਕਿਹਾ ਜਾਣਾ ਚਾਹੀਦਾ ਹੈ।
ਇਸ ਮੌਕੇ ਡਾ ਅਨਵਰ ਹੁਸੈਨ ਅਤੇ ਮੁਸਲਿਮ ਵੈਲਫੇਅਰ ਕਮੇਟੀ ਸਨੇਟਾ ਵੱਲੋਂ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨੇੇਦ ਰਜਾ ਖਾਨ ਨੂੰ ਵੱਖੋ ਵਖਰੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੌਸ਼ਨ ਅਲੀ, ਅਹਿਲਕਾਰ ਪੰਚ, ਸੁਲੇਮਾਨ ਭੱਟ, ਐਸ ਹਮੀਦ ਅਲੀ, ਮੁਹੰਮਦ ਸਲੀਮ, ਸਰਦਾਰਾ ਖਾਨ, ਡਾ. ਬਲਜੀਤ ਸਨੇਟਾ, ਰੂਪਾ ਖਾਨ, ਕਮਲ ਖਾਨ, ਕਾਕਾ ਖਾਨ ਪੰਚ, ਇਮਾਮ ਸਾਹਿਬ ਸਨੇਟਾ ਵੀ ਮੌਜੂਦ ਸਨ।
ਇਸੇ ਦੌਰਾਨ ਈਦ-ਉਲ-ਫਿਤਰ ਅੱਜ ਹਲਕਾ ਖਰੜ ਦੇ ਵੀ ਵੱਖ ਖੇਤਰਾਂ ਵਿੱਚ ਮਨਾਈ ਗਈ ਉਥੇ ਹੀ ਪਿੰਡ ਮਾਣਕਪੁਰ ਸ਼ਰੀਫ ਸਥਿਤ ਦਰਗਾਹ ਅਤੇ ਮੁੱਲਾਂਪੁਰ ਗਰੀਬਦਾਸ ਵਿੱਚ ਵੀ ਧੂਮਧਾਮ ਨਾਲ ਈਦ ਮਨਾਈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ.ਬੀਬੀ ਲਖਵਿੰਦਰ ਕੌਰ ਗਰਚਾ ਨੇ ਮਾਣਕਪੁਰ ਸ਼ਰੀਫ ਅਤੇ ਮੁੱਲਾਂਪੁਰ ਗਰੀਬਦਾਸ ਦੋਵੇੱ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਮੁਸਲਮਾਨ ਭਾਈਚਾਰੇ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਦਿਨ ਸਮਾਜ ਵਿੱਚ ਏਕਤਾ ਅਤੇ ਸ਼ਾਂਤੀ ਲੈ ਕੇ ਆਏ। ਉਨ੍ਹਾਂ ਨੇ ਸਮਾਜ ਵਿੱਚ ਭਾਈਚਾਰਾ ਵਧਣ ਦੀ ਕਾਮਨਾ ਕੀਤੀ ਹੈ।
ਇਸ ਮੌਕੇ ਮੁਹੰਮਦ ਸਦੀਕ ਨੇ ਬੀਬੀ ਗਰਚਾ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਪੁੱਜਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਮੁਹੰਮਦ ਸਦੀਕ ਨੇ ਦੱਸਿਆ ਕਿ ਈਦ ਦੀ ਖੁਸ਼ੀ ਵਿੱਚ ਮਿੱਠੇ ਪਕਵਾਨ ਬਣਾਏ ਅਤੇ ਖਾਧੇ ਗਏ ਅਤੇ ਆਪਣੇ ਤੋੱ ਛੋਟਿਆਂ ਨੂੰ ਈਦੀ ਦਿੱਤੀ ਗਈ। ਉਨ੍ਹਾਂ ਨੇ ਈਦ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦਿਨ ਦਾਨ ਦੇ ਕੇ ਅੱਲਾ ਨੂੰ ਯਾਦ ਕੀਤਾ ਜਾਂਦਾ ਹੈ। ਇਸ ਦਾਨ ਨੂੰ ਇਸਲਾਮ ਵਿੱਚ ਫਿਤਰਾ ਕਹਿੰਦੇ ਹਨ। ਇਸ ਲਈ ਵੀ ਇਸ ਈਦ ਨੂੰ ਈਦ-ਉਲ-ਫਿਤਰ ਕਿਹਾ ਜਾਂਦਾ ਹੈ। ਇਸ ਈਦ ਵਿੱਚ ਸਾਰੇ ਆਪਸ ਵਿੱਚ ਗਲੇ ਮਿਲ ਕੇ ਅੱਲਾ ਤੋਂ ਸੁਖ-ਸ਼ਾਂਤੀ ਅਤੇ ਬਰਕਤ ਲਈ ਦੁਆਵਾਂ ਮੰਗਦੇ ਹਨ।
ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਖਲੀਫ ਫਕੀਰ ਮੁਹੰਮਦ, ਰੌਣਕੀ ਪ੍ਰਧਾਨ, ਸਿਤਾਰ ਮੁਹੰਮਦ, ਸ਼ਰੀਫ਼ ਮੁਹੰਮਦ, ਪਿੰਕਾ, ਮੁਖ਼ਤਿਆਰ, ਲਾਲੀ ਜਦਕਿ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਮੁਹੰਮਦ ਸਦੀਕ, ਸਿਤਾਰ ਮੁਹੰਮਦ, ਰਫੀਕ ਮੁਹੰਮਦ, ਦਿਲਾਵਰ ਖਾਨ, ਨਿਜਾਮੂਦੀਨ, ਇਕਬਾਲ ਮੁਹੰਮਦ, ਰੌਸ਼ਨ ਖਾਨ, ਰਿਫਾਕਤ ਖਾਨ, ਅਰਵਿੰਦ ਪੁਰੀ, ਬਿੱਟੂ, ਬਲਵਿੰਦਰ ਸਿੰਘ, ਹਰੀਸ਼ ਕੁਮਾਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …